ਵਿਸ਼ਵ ਰੰਗਮੰਚ ’ਤੇ ਹੋਵੇਗਾ ਤਿੰਨ ਦਿਨਾਂ ਨਾਟ ਉਤਸਵ
ਵਿਸ਼ਵ ਰੰਗਮੰਚ ’ਤੇ ਹੋਵੇਗਾ ਤਿੰਨ ਦਿਨਾਂ ਨਾਟ ਉਤਸਵ, 25-26 ਚੰਡੀਗੜ੍ਹ ਤੇ 27 ਨੂੰ ਮੁਹਾਲੀ ਵਿਚ ਹੋਣਗੇ ਨਾਟਕ
Publish Date: Mon, 23 Mar 2026 06:33 PM (IST)
Updated Date: Mon, 23 Mar 2026 06:34 PM (IST)

- 25-26 ਚੰਡੀਗੜ੍ਹ ਤੇ 27 ਨੂੰ ਮੁਹਾਲੀ ਵਿਚ ਹੋਣਗੇ ਨਾਟਕ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਸੁਚੇਤਕ ਰੰਗਮੰਚ ਮੁਹਾਲੀ, ਜੋ 22 ਸਾਲਾਂ ਤੋਂ ‘ਗੁਰਸ਼ਰਨ ਸਿੰਘ ਨਾਟ ਉਤਸਵ’ ਕਰਦਾ ਆ ਰਿਹਾ ਹੈ, ਪਿਛਲੇ ਪੰਜ ਸਾਲਾਂ ਤੋਂ ਵਿਸ਼ਵ ਰੰਗਮੰਚ ਦਿਵਸ ਮੌਕੇ ‘ਰੰਗਮੰਚ ਦੇ ਰੰਗ ਨਾਟ ਉਤਸਵ’ ਕਰ ਰਿਹਾ ਹੈ। ਇਸ ਵਾਰ ਇਹ ਤਿੰਨ ਦਿਨਾਂ ਨਾਟ ਉਤਸਵ 25 ਤੋਂ 27 ਮਾਰਚ ਤੱਕ ਕੀਤਾ ਜਾ ਰਿਹਾ ਹੈ। ਸੁਚੇਤਕ ਰੰਗਮੰਚ ਦੀ ਪ੍ਰਧਾਨ ਅਨੀਤਾ ਸ਼ਬਦੀਸ਼ ਨੇ ਦੱਸਿਆ ਕਿ 25 ਤੇ 26 ਮਾਰਚ ਨੂੰ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਚ ਪੰਜਾਬ ਕਲਾ ਪ੍ਰੀਸ਼ਦ ਤੇ ਉਤਰੀ ਜ਼ੋਨ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਨਾਟਕ ਸ਼ਾਮ ਸਾਢੇ ਛੇ ਵਜੇ ਹੋਣਗੇ। ਪਹਿਲੇ ਦਿਨ ਗਦਰ ਲਹਿਰ ਦੀ ਨਾਇਕਾ ਗੁਲਾਬ ਕੌਰ ਦੀ ਜੀਵਨ-ਗਾਥਾ ’ਤੇ ਆਧਾਰਤ ‘ਖਿੜ੍ਹਦੇ ਰਹਿਣ ਗੁਲਾਬ’ ਨਾਟਕ ਹੋਵੇਗਾ, ਜਿਸ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਲਈ ਲਾਮਿਸਾਲ ਕੁਰਬਾਨੀ ਕੀਤੀ ਸੀ। 26 ਮਾਰਚ ਨੂੰ ਮਰਾਠੀ ਨਾਟਕ ਦਾ ਪੰਜਾਬੀ ਰੂਪਾਂਤਰ ‘ਵਕਤ ਤੈਨੂੰ ਸਲਾਮ’ ਹੋਵੇਗਾ, ਜਿਸ ਦਾ ਰੂਪਾਂਤਰ ਸ਼ਬਦੀਸ਼ ਨੇ ਕੀਤਾ ਹੈ। ਇਨ੍ਹਾਂ ਦੋਵਾਂ ਨਾਟਕਾਂ ਦਾ ਨਿਰਦੇਸ਼ਨ ਅਨੀਤਾ ਸ਼ਬਦੀਸ਼ ਵੱਲੋਂ ਹੋਵੇਗਾ। ਅਨੀਤਾ ਸ਼ਬਦੀਸ਼ ਨੇ ਦੱਸਿਆ ਕਿ 27 ਮਾਰਚ ਦਾ ਵਿਸ਼ਵ ਰੰਗਮੰਚ ਦਿਵਸ ਪੰਜਾਬ ਕਲਾ ਭਵਨ ਦੀ ਬੁਕਿੰਗ ਨਾ ਮਿਲਣ ਕਾਰਨ ਸੁਚੇਤਕ ਸਕੂਲ ਆਫ਼ ਐਕਟਿੰਗ ਮੁਹਾਲੀ ਸੈਕਟਰ 70 ਵਿਚ ਸਵੇਰੇ 11 ਵਜੇ ਹੋਵੇਗਾ। ਇਸ ਦਿਨ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ‘ਪੀੜ੍ਹੀ ਦਰ ਪੀੜ੍ਹੀ’ ਨਾਟਕ ਹੋਵੇਗਾ ਅਤੇ ਵਿਸ਼ਵ ਰੰਗਮੰਚ ਦਿਵਸ ਦੇ ਕੌਮਾਂਤਰੀ ਪੱਧਰ ’ਤੇ ਜਾਰੀ ਹੋਏ ਸੰਦੇਸ਼ ਦਾ ਪੰਜਾਬੀ ਅਨੁਵਾਦ ਵੀ ਰੰਗਕਰਮੀਆਂ ਤੇ ਦਰਸ਼ਕਾਂ ਨਾਲ ਸਾਂਝਾ ਕੀਤਾ ਜਾਵੇਗਾ।