ਸਕੂਲ ਦੀ ਅਧਿਆਪਕਾਂ ਤੋਂ ਝਪਟਮਾਰ ਪਰਸ ਖੋਹ ਕੇ ਫ਼ਰਾਰ
ਸਕੂਲ ਦੀ ਅਧਿਆਪਕਾ ਤੋਂ ਝਪਟਮਾਰ ਪਰਸ ਖੋਹ ਕੇ ਫ਼ਰਾਰ
Publish Date: Fri, 30 Jan 2026 07:22 PM (IST)
Updated Date: Fri, 30 Jan 2026 07:25 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਸ਼ਹਿਰ ਵਿਚ ਝਪਟਮਾਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਹਾਈਲੈਂਡ ਮਾਰਗ ਤੇ ਸਥਿਤ ਰਿਵਰਡੇਲ ਅਪਾਰਟਮੈਂਟਸ ਦੇ ਨੇੜਿਓਂ ਸਾਹਮਣੇ ਆਇਆ ਹੈ, ਜਿੱਥੇ ਇਕ ਅਣਪਛਾਤੇ ਬਾਈਕ ਸਵਾਰ ਨੇ ਕੇਂਦਰੀ ਵਿਦਿਆਲਿਆ ਦੀ ਇਕ ਅਧਿਆਪਕਾ ਨੂੰ ਆਪਣਾ ਨਿਸ਼ਾਨਾ ਬਣਾਇਆ। ਪੀੜਤਾ ਦੀ ਪਛਾਣ ਵੀਨਾ ਕਟਨੋਰੀਆ ਵਜੋਂ ਹੋਈ ਹੈ, ਜੋ ਰਿਵਰਡੇਲ ਅਪਾਰਟਮੈਂਟਸ ਦੀ ਨਿਵਾਸੀ ਹੈ। ਜਾਣਕਾਰੀ ਅਨੁਸਾਰ ਵੀਨਾ ਕਟਨੋਰੀਆ ਸ਼ਾਮ ਕਰੀਬ 4:30 ਵਜੇ ਸਕੂਲ ਤੋਂ ਡਿਊਟੀ ਖ਼ਤਮ ਕਰਕੇ ਘਰ ਪਰਤ ਰਹੀ ਸੀ। ਜਦੋਂ ਉਹ ਅਪਾਰਟਮੈਂਟ ਦੇ ਨੇੜੇ ਪਹੁੰਚੀ ਤਾਂ ਇਕ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ਤੇ ਸਵਾਰ ਝਪਟਮਾਰ ਨੇ ਉਸ ਦਾ ਪਰਸ ਖੋਹ ਲਿਆ ਅਤੇ ਤੇਜ਼ ਰਫ਼ਤਾਰ ਨਾਲ ਫ਼ਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਪਰਸ ਵਿਚ ਮਹਿੰਗਾ ਮੋਬਾਈਲ ਫੋਨ ਅਤੇ ਨਕਦੀ ਮੌਜੂਦ ਸੀ। ਲੋਕੇਸ਼ਨ ਮਿਲੀ ਪਰ ਹੱਥ ਨਹੀਂ ਆਇਆ ਮੁਲਜ਼ਮ ਰਿਵਰਡੇਲ ਅਪਾਰਟਮੈਂਟਸ ਦੇ ਪ੍ਰਧਾਨ ਲਲਿਤ ਭਾਰਦਵਾਜ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਪੀੜਤਾ ਦੇ ਪੁੱਤਰ ਨੇ ਮੋਬਾਈਲ ਟਰੈਕ ਕੀਤਾ, ਜਿਸ ਦੀ ਲੋਕੇਸ਼ਨ ਲੋਟਸ ਗਰੀਨ ਸਕਸ਼ਮ ਦੇ ਸਾਹਮਣੇ ਮਿਲੀ। ਭਾਰਦਵਾਜ ਖ਼ੁਦ ਟੀਮ ਨਾਲ ਮੌਕੇ ਤੇ ਪਹੁੰਚੇ ਪਰ ਉਦੋਂ ਤੱਕ ਸਨੈਚਰ ਫੋਨ ਬੰਦ ਕਰਕੇ ਗਾਇਬ ਹੋ ਚੁੱਕਾ ਸੀ। ਇਸ ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ਵਿਚ ਭਾਰੀ ਰੋਸ ਹੈ। ਸੁਸਾਇਟੀ ਦੇ ਪ੍ਰਧਾਨ ਨੇ ਕਿਹਾ ਕਿ ਅਜਿਹੀਆਂ ਵਾਰਦਾਤਾਂ ਰੋਜ਼ਾਨਾ ਦਾ ਹਿੱਸਾ ਬਣਦੀਆਂ ਜਾ ਰਹੀਆਂ ਹਨ, ਜਿਸ ਕਾਰਨ ਔਰਤਾਂ ਘਰੋਂ ਨਿਕਲਣ ਤੋਂ ਵੀ ਡਰਨ ਲੱਗੀਆਂ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਾਈਲੈਂਡ ਮਾਰਗ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਗਸ਼ਤ ਸਖ਼ਤ ਕੀਤੀ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਦੀ ਸੁਰੱਖਿਆ ਯਕੀਨੀ ਬਣ ਸਕੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।