ਜ਼ਿਲ੍ਹਾ ਹਸਪਤਾਲ ਮੁਹਾਲੀ ਵਿਚ ਮਰੀਜ਼ ਨੂੰ ਡਾਇਲਿਸਿਸ ਲਈ ਪਹਿਲੀ ਵਾਰ ਲਗਾਈ ਵਿਸ਼ੇਸ਼ ਪਲਾਸਟਿਕ ਟਿਊਬ
ਮਰੀਜ਼ ਨੂੰ ਡਾਇਲਿਸਿਸ ਲਈ ਪਹਿਲੀ ਵਾਰ ਲਗਾਈ ਵਿਸ਼ੇਸ਼ ਪਲਾਸਟਿਕ ਟਿਊਬ,
Publish Date: Thu, 22 Jan 2026 07:38 PM (IST)
Updated Date: Thu, 22 Jan 2026 07:39 PM (IST)

ਨਵੀਂ ਸਹੂਲਤ ਨਾਲ ਗੁਰਦੇ ਦੇ ਮਰੀਜ਼ਾਂ ਨੂੰ ਕਾਫ਼ੀ ਲਾਭ ਮਿਲੇਗਾ : ਡਾ. ਐੱਚਐੱਸ ਚੀਮਾ ਸਟਾਫ਼ ਰਿਪੋਰਟਰ, ਪੰਜਾਬ ਜਾਗਰਣ, ਐੱਸਏਐੱਸ ਨਗਰ : ਜ਼ਿਲ੍ਹਾ ਹਸਪਤਾਲ ਵਿਚ ਗੁਰਦੇ ਦੇ ਮਰੀਜ਼ ਨੂੰ ਪਹਿਲੀ ਵਾਰ ਵਿਸ਼ੇਸ਼ ਪਰਮਾਕੈਥ ਟਿਊਬ ਲਗਾਈ ਗਈ ਹੈ। ਇਹ ਲੰਮੀ ਪਲਾਸਟਿਕ ਟਿਊਬ ਹੁੰਦੀ ਹੈ, ਜਿਸ ਨੂੰ ਗੁਰਦੇ ਖ਼ਰਾਬ ਹੋਣ ’ਤੇ ਡਾਇਲਾਸਿਸ ਵਾਸਤੇ ਖ਼ੂਨ ਕੱਢਣ ਅਤੇ ਵਾਪਸ ਸਰੀਰ ਵਿਚ ਭੇਜਣ ਲਈ ਵਰਤਿਆ ਜਾਂਦਾ ਹੈ। ਇਸ ਪ੍ਰਕਿਰਿਆ ਮਗਰੋਂ ਮਰੀਜ਼ ਦੀ ਹਾਲਤ ਸਥਿਰ ਰਹੀ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹਸਪਤਾਲ ਦੇ ਗੁਰਦਾ ਮਾਹਰ ਡਾ. ਅੰਕੁਰ ਚੌਧਰੀ ਨੇ ਕਿਹਾ ਪਰਮਾਕੈਥ ਖ਼ਾਸਕਰ ਉਨ੍ਹਾਂ ਮਰੀਜ਼ਾਂ ਵਾਸਤੇ ਵਰਤੀ ਜਾਂਦੀ ਹੈ, ਜਿਨ੍ਹਾਂ ਨੂੰ ਤੁਰੰਤ ਡਾਇਲਿਸਿਸ ਦੀ ਲੋੜ ਹੋਵੇ ਜਾਂ ਇੰਟਰਾ ਵੀਨਸ ਫਿਸਟੂਲਾ ਹਾਲੇ ਤਿਆਰ ਨਾ ਹੋਈ ਹੋਵੇ। ਉਨ੍ਹਾਂ ਕਿਹਾ ਕਿ ਜੇ ਇਸ ਟਿਊਬ ਦੀ ਲਗਾਤਾਰ ਸਾਫ਼-ਸਫ਼ਾਈ ਹੁੰਦੀ ਰਹੇ ਤਾਂ ਇਹ ਛੇ ਮਹੀਨੇ ਤੱਕ ਕੰਮ ਕਰ ਸਕਦੀ ਹੈ। ਅਜਿਹੀ ਸਹੂਲੀਅਤ ਹੁਣ ਤੱਕ ਪੀਜੀਆਈ ਵਰਗੇ ਵੱਡੇ ਹਸਪਤਾਲਾਂ ਵਿਚ ਹੀ ਮਿਲਦੀ ਸੀ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਹੀ ਇਹ ਸੁਵਿਧਾ ਉਪਲਬਧ ਹੋਣ ਨਾਲ ਮਰੀਜ਼ਾਂ ਨੂੰ ਬੇਲੋੜੇ ਰੈਫਰਲ ਤੋਂ ਬਚਾਇਆ ਜਾ ਸਕੇਗਾ, ਡਾਇਲਿਸਿਸ ਸ਼ੁਰੂ ਕਰਨ ਵਿਚ ਦੇਰੀ ਘੱਟ ਹੋਵੇਗੀ ਅਤੇ ਇਲਾਜ ਦੀ ਲਗਾਤਾਰਤਾ ਯਕੀਨੀ ਬਣੇਗੀ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਐੱਚਐੱਸ ਚੀਮਾ ਨੇ ਆਖਿਆ ਕਿ ਜ਼ਿਲ੍ਹਾ ਹਸਪਤਾਲ ਮੁਹਾਲੀ ਲੋਕਾਂ ਲਈ ਵਿਸ਼ੇਸ਼ ਅਤੇ ਉਚ ਪੱਧਰੀ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਸਰਕਾਰੀ ਸਿਹਤ ਪ੍ਰਣਾਲੀ ਵਿਚ ਪਰਮਾਕੈਥ ਵਰਗੀ ਆਧੁਨਿਕ ਡਾਇਲਿਸਿਸ ਐਕਸੈਸ ਪ੍ਰਕਿਰਿਆ ਦੀ ਸ਼ੁਰੂਆਤ ਨਿਯਮਿਤ ਹੀਮੋਡਾਇਲਿਸਿਸ ਵਾਲੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗੀ।