ਗ਼ਲਤ ਦਿਸ਼ਾ ਤੋਂ ਆ ਰਹੀ ਸਕਾਰਪੀਓ ਨੇ ਸਕੂਟਰ ਸਵਾਰ ਨੂੰ ਦਰੜਿਆ, ਮੌਤ
ਮੁਹਾਲੀ 'ਚ ਦਰਦਨਾਕ ਸੜਕ ਹਾਦਸਾ: ਗ਼ਲਤ ਦਿਸ਼ਾ ਤੋਂ ਆ ਰਹੀ ਸਕਾਰਪੀਓ ਨੇ ਸਕੂਟਰ ਸਵਾਰ ਨੂੰ ਕੁਚਲਿਆ, ਮੌਤ
Publish Date: Fri, 30 Jan 2026 07:16 PM (IST)
Updated Date: Fri, 30 Jan 2026 07:19 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੰਨੀ ਇਨਕਲੇਵ ਖੇਤਰ ’ਚ ਏਅਰਪੋਰਟ ਰੋਡ ਨੇੜੇ ਇਕ ਭਿਆਨਕ ਸੜਕ ਹਾਦਸੇ ’ਚ 34 ਸਾਲਾ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਬੁੱਧਵਾਰ ਦੇਰ ਰਾਤ ਉਸ ਸਮੇਂ ਵਾਪਰਿਆ ਜਦੋਂ ਇਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨੇ ਗ਼ਲਤ ਪਾਸਿਓਂ ਆ ਕੇ ਇਕ ਸਕੂਟਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਮ੍ਰਿਤਕ ਦੀ ਪਛਾਣ ਰੋਹਿਤ ਵਜੋਂ ਹੋਈ ਹੈ, ਜੋ ਮੂਲ ਰੂਪ ਵਿਚ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਮੌਜੂਦਾ ਸਮੇਂ ਵਿਚ ਮਲੋਆ ਵਿਖੇ ਰਹਿ ਰਿਹਾ ਸੀ। ਰੋਹਿਤ ਨੇ ਬੀਤੀ 12 ਜਨਵਰੀ ਨੂੰ ਹੀ ਚੰਡੀਗੜ੍ਹ ਦੇ ਇਕ ਦਫ਼ਤਰ ਵਿਚ ਬਤੌਰ ਆਫਿਸ ਕੋਆਰਡੀਨੇਟਰ ਜੁਆਇਨ ਕੀਤਾ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਸਾਢੇ ਤਿੰਨ ਸਾਲ ਦਾ ਪੁੱਤਰ ਛੱਡ ਗਿਆ ਹੈ। ਪੁਲਿਸ ਅਨੁਸਾਰ ਇਹ ਹਾਦਸਾ ਰਾਤ ਕਰੀਬ 11 ਵਜੇ ਸਲਿੱਪ ਰੋਡ ਤੇ ਵਾਪਰਿਆ। ਰੋਹਿਤ ਆਪਣੇ ਸਕੂਟਰ ਤੇ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੀ ਇਕ ਸਕਾਰਪੀਓ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਰੋਹਿਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਕੂਟਰ ਤੇ ਪਿੱਛੇ ਬੈਠੀ ਸਵਾਰੀ ਵੀ ਜ਼ਖ਼ਮੀ ਹੋਈ ਹੈ, ਜਿਸ ਦਾ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਹਾਦਸੇ ਤੋਂ ਤੁਰੰਤ ਬਾਅਦ ਸਕਾਰਪੀਓ ਚਾਲਕ ਮੌਕੇ ਤੋਂ ਗੱਡੀ ਸਮੇਤ ਫ਼ਰਾਰ ਹੋ ਗਿਆ। ਸਦਰ ਖਰੜ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਟੀਮਾਂ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮ ਚਾਲਕ ਅਤੇ ਗੱਡੀ ਦੀ ਪਛਾਣ ਕੀਤੀ ਜਾ ਸਕੇ।ਫਿਲਹਾਲ ਮੁਲਜ਼ਮ ਚਾਲਕ ਫ਼ਰਾਰ ਹੈ ਅਤੇ ਪੁਲਿਸ ਉਸ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।