ਡੇਰਾਬੱਸੀ ਦੇ ਸੈਦਪੁਰਾ ’ਚ ਵਿਕਾਸ ਦੀ ਨਵੀਂ ਕਿਰਨ
ਡੇਰਾਬੱਸੀ ਦੇ ਸੈਦਪੁਰਾ ਵਿਚ ਵਿਕਾਸ ਦੀ ਨਵੀਂ ਕਿਰਨ,
Publish Date: Wed, 25 Feb 2026 05:41 PM (IST)
Updated Date: Wed, 25 Feb 2026 05:43 PM (IST)

45 ਲੱਖ ਦੇ ਨਵੇਂ ਲੱਗਣ ਵਾਲੇ ਟਿਊਬਵੈੱਲ ਪ੍ਰਾਜੈਕਟ ਦੀ ਸ਼ੁਰੂਆਤ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਨਗਰ ਕੌਂਸਲ ਡੇਰਾਬੱਸੀ ਦੀ ਹੱਦ ਅੰਦਰ ਆਉਂਦੇ ਵਾਰਡ ਨੰ. 8, ਪਿੰਡ ਸੈਦਪੁਰਾ ਵਿਚ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਲਗਭਗ 45 ਲੱਖ ਰੁਪਏ ਦੀ ਲਾਗਤ ਨਾਲ ਲਗਣ ਵਾਲੇ ਨਵੇਂ ਪਾਣੀ ਦੇ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਹ ਪ੍ਰਾਜੈਕਟ ਇਲਾਕੇ ਵਿਚ ਲੰਮੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਪੀਣਯੋਗ ਪਾਣੀ ਦੀ ਸਮੱਸਿਆ ਦਾ ਟਿਕਾਊ ਹੱਲ ਸਾਬਤ ਹੋਵੇਗਾ। ਇਸ ਮੌਕੇ ਵਿਧਾਇਕ ਰੰਧਾਵਾ ਨੇ ਕਿਹਾ ਕਿ ਪੰਜਾਬ ਵਿਚ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਅਤੇ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੂਲ ਮੰਤਰ “ਸਰਬੱਤ ਦਾ ਭਲਾ” ਹੈ ਅਤੇ ਹਰ ਵਰਗ ਤੱਕ ਸਾਫ਼ ਪਾਣੀ, ਵਧੀਆ ਸੜਕਾਂ, ਸਿਹਤ ਅਤੇ ਸਿੱਖਿਆ ਦੀਆਂ ਸੁਵਿਧਾਵਾਂ ਪਹੁੰਚਾਉਣਾ ਸਾਡੀ ਪ੍ਰਾਥਮਿਕਤਾ ਹੈ। ਉਨ੍ਹਾਂ ਦੱਸਿਆ ਕਿ ਡੇਰਾਬੱਸੀ ਹਲਕੇ ਵਿਚ ਲਗਾਤਾਰ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਮਨਜ਼ੂਰ ਹੋ ਰਹੇ ਹਨ ਅਤੇ ਹਰ ਵਾਰਡ ਵਿਚ ਜ਼ਮੀਨੀ ਪੱਧਰ ’ਤੇ ਕੰਮ ਦਿਖਾਈ ਦੇ ਰਿਹਾ ਹੈ। ਇਹ ਟਿਊਬਵੈੱਲ ਪ੍ਰੋਜੈਕਟ ਨਾ ਸਿਰਫ਼ ਪਾਣੀ ਦੀ ਸਪਲਾਈ ਨੂੰ ਮਜ਼ਬੂਤ ਕਰੇਗਾ, ਸਗੋਂ ਇਲਾਕਾ ਵਾਸੀਆਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਸੁਖਾਲਾ ਬਣਾਏਗਾ। ਇਸ ਦੌਰਾਨ ਨਗਰ ਕੌਂਸਲ ਪ੍ਰਧਾਨ, ਵਾਰਡ ਇੰਚਾਰਜ, ਪਾਰਟੀ ਦੇ ਬਲਾਕ ਪ੍ਰਧਾਨ, ਹੋਰ ਸੀਨੀਅਰ ਆਗੂ, ਸਥਾਨਕ ਵਾਰਡ ਵਾਸੀ, ਨੇੜਲੇ ਸੁਸਾਇਟੀ ਦੇ ਪ੍ਰਧਾਨ ਸਮੇਤ ਮੈਂਬਰ ਅਤੇ ਸਬੰਧਤ ਅਧਿਕਾਰੀ ਮੌਜੂਦ ਰਹੇ। ਇਲਾਕਾ ਵਾਸੀਆਂ ਨੇ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਵਿਕਾਸ ਕਾਰਜ ਡੇਰਾਬੱਸੀ ਨੂੰ ਨਵੀਂ ਦਿਸ਼ਾ ਦੇ ਰਹੇ ਹਨ।