ਸ਼ਾਇਰ ਲੁਧਿਆਣਵੀ ਦੀਆਂ ਯਾਦਾਂ ਨਾਲ ਰੰਗੀ ਗਈ ‘ਗਲੋਬਲ ਆਰਟ ਕ੍ਰਿਏਸ਼ਨਜ਼’ ਦੀ ਸੰਗੀਤਮਈ ਸ਼ਾਮ, ਗਾਇਕਾਂ ਨੇ ਗੀਤਾਂ ਰਾਹੀਂ ਦਿੱਤੀ ਸ਼ਰਧਾਂਜਲੀ
ਸ਼ਾਇਰ ਲੁਧਿਆਣਵੀ ਦੀਆਂ ਯਾਦਾਂ ਨਾਲ ਰੰਗੀ ਗਈ ਸੰਗੀਤਮਈ ਸ਼ਾਮ,
Publish Date: Mon, 06 Apr 2026 09:15 PM (IST)
Updated Date: Mon, 06 Apr 2026 09:17 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਜ਼ੀਰਕਪੁਰ : ਬਾਲੀਵੁੱਡ ਦੇ ਮਹਾਨ ਸ਼ਾਇਰ ਅਤੇ ਚਿੰਤਕ ਸ਼ਾਇਰ ਲੁਧਿਆਣਵੀ, ਜਿਨ੍ਹਾਂ ਨੇ ਲਗਭਗ ਸਵਾ ਸੌ ਤੋਂ ਵੱਧ ਫ਼ਿਲਮਾਂ ਵਿਚ 800 ਦੇ ਕਰੀਬ ਯਾਦਗਾਰੀ ਗੀਤ ਲਿਖ ਕੇ ਸੰਗੀਤ ਜਗਤ ਵਿਚ ਇਕ ਅਮਿੱਟ ਪੈੜ ਛੱਡੀ ਹੈ, ਨੂੰ ‘ਗਲੋਬਲ ਆਰਟ ਕ੍ਰਿਏਸ਼ਨਜ਼’ ਵੱਲੋਂ ਇਕ ਵਿਸ਼ੇਸ਼ ਸੰਗੀਤਮਈ ਪ੍ਰੋਗਰਾਮ ਰਾਹੀਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਪ੍ਰੋਗਰਾਮ ਦੀ ਰੂਹ-ਏ-ਰਵਾਂ 'ਗਲੋਬਲ ਆਰਟ ਕ੍ਰਿਏਸ਼ਨ' ਦੇ ਸੰਸਥਾਪਕ ਅਤੇ ਉੱਘੇ ਕਲਾਕਾਰ ਡਾ. ਮਨਜੀਤ ਸਿੰਘ ਬੱਲ ਸਨ, ਜੋ ਅਕਸਰ ਅਜਿਹੀਆਂ ਕਲਾਤਮਕ ਵੰਨਗੀਆਂ ਪੇਸ਼ ਕਰਦੇ ਰਹਿੰਦੇ ਹਨ।
ਸ਼ਾਇਰ ਦੇ ਗੀਤ ਸਮਾਜ ਦਾ ਦਰਪਣ : ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਡਾ. ਮਨਜੀਤ ਸਿੰਘ ਬੱਲ ਨੇ ਸ਼ਾਇਰ ਲੁਧਿਆਣਵੀ ਦੇ ਜੀਵਨ ਅਤੇ ਉਨ੍ਹਾਂ ਦੀ ਲਿਖਣੀ 'ਤੇ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਸ਼ਾਇਰ ਦੇ ਗੀਤ ਸਿਰਫ਼ ਮਨੋਰੰਜਨ ਨਹੀਂ ਹਨ, ਸਗੋਂ ਉਹ ਸਮਾਜਿਕ ਕੁਰੀਤੀਆਂ ਅਤੇ ਇਨਸਾਨੀ ਮਨ ਦੀਆਂ ਪਰਤਾਂ ਨੂੰ ਉਘੇੜਨ ਵਾਲਾ ਇਕ ਜਿਉਂਦਾ-ਜਾਗਦਾ ਸ਼ੀਸ਼ਾ ਹਨ। ਉਨ੍ਹਾਂ ਨੇ ਸ਼ਾਇਰ ਦੀਆਂ ਪ੍ਰਸਿੱਧ ਸਤਰਾਂ ''ਖ਼ੂਨ ਅਪਣਾ ਹੋ ਯਾ ਪਰਾਇਆ ਹੋ, ਨਸਲੇ-ਆਦਮ ਕਾ ਖ਼ੂਨ ਹੈ ਆਖ਼ਿਰ'' ਨਾਲ ਸਮਾਗਮ ਦਾ ਆਗਾਜ਼ ਕੀਤਾ। ਮੰਚ ਦਾ ਸੰਚਾਲਨ ਮੈਡਮ ਗੁਲਸ਼ਨ ਸੋਨੀ ਨੇ ਬਹੁਤ ਹੀ ਸੁਚੱਜੇ ਅਤੇ ਮਿੱਠਬੋਲੜੇ ਅੰਦਾਜ਼ ਵਿਚ ਕੀਤਾ।
ਗਾਇਕਾਂ ਨੇ ਬੰਨ੍ਹਿਆ ਸੰਗੀਤਮਈ ਸਮਾਂ : ਸਮਾਗਮ ਦੌਰਾਨ ਵੱਖ-ਵੱਖ ਐਮਚਿਓਰ ਗਾਇਕਾਂ ਨੇ ਸ਼ਾਇਰ ਦੇ ਲਿਖੇ ਸਦਾਬਹਾਰ ਗੀਤਾਂ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਤੋਂ ਇਲਾਵਾ ਰਾਮ ਆਨੰਦ, ਸਵਾਮੀ ਭਗਵਾਨ, ਸੁਨੀਤਾ, ਕੰਵਲ ਬਖ਼ਸ਼ੀ, ਅਸ਼ੋਕ ਕੁਮਾਰ, ਗੁਰਪ੍ਰਤਾਪ ਸਿੰਘ ਅਤੇ ਆਰਐੱਨ ਗੁਪਤਾ ਨੇ ਵੀ ਆਪਣੀ ਗਾਇਕੀ ਨਾਲ ਮਾਹੌਲ ਨੂੰ ਸੰਗੀਤਮਈ ਬਣਾਇਆ। ਡਾ. ਬੱਲ ਨੇ ਖ਼ੁਦ ''ਤੁਮ ਅਗਰ ਸਾਥ ਦੇਨੇ ਕਾ ਵਾਦਾ ਕਰੋ'' ਗਾ ਕੇ ਸਰੋਤਿਆਂ ਦੀ ਭਰਪੂਰ ਵਾਹ-ਵਾਹੀ ਖੱਟੀ।
ਇਸ ਮੌਕੇ ਪ੍ਰੋਗਰਾਮ ਵਿਚ ਇਕ 'ਹਿਡਨ ਕੰਪੀਟੀਸ਼ਨ' (ਗੁਪਤ ਮੁਕਾਬਲਾ) ਵੀ ਰੱਖਿਆ ਗਿਆ ਸੀ। ਇਸ ਮੌਕੇ ਪਹਿਲਾ ਇਨਾਮ ਵਿੱਕੀ ਸੰਧੂ ਅਤੇ ਅਸ਼ੋਕ ਕੁਮਾਰ, ਦੂਜਾ ਇਨਾਮ ਜੈਦੀਪ ਸਿੰਘ ਅਤੇ ਸਵਾਮੀ ਭਗਵਾਨ, ਤੀਜਾ ਇਨਾਮ ਰਾਮ ਆਨੰਦ ਅਤੇ ਰਮੇਸ਼ ਅਨੇਜਾ, ਹੌਸਲਾ ਅਫ਼ਜ਼ਾਈ ਇਨਾਮ: ਮਹਿੰਦਰ ਪਾਲ ਸਿੰਘ ਅਤੇ ਡੀਪੀ ਸ਼ਰਮਾ ਨੂੰ ਦਿੱਤਾ ਗਿਆ। ਇਨਾਮ ਵੰਡਣ ਦੀ ਰਸਮ ਬ੍ਰਿਗੇਡੀਅਰ ਪੁਰੀ ਅਤੇ ਕਰਨਲ ਚੀਮਾ ਨੇ ਸਾਂਝੇ ਤੌਰ 'ਤੇ ਨਿਭਾਈ। ਇਸ ਮੌਕੇ ਡਾ. ਮਨਜੀਤ ਬੱਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਅਗਲਾ ਪ੍ਰੋਗਰਾਮ ਮਹਾਨ ਸੰਗੀਤਕਾਰ ਖੱਯਾਮ ਦੀਆਂ ਯਾਦਾਂ ਨੂੰ ਸਮਰਪਿਤ ਹੋਵੇਗਾ।