ਨਾਟਕ ਰਾਹੀਂ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੰਦੇਸ਼
ਨਾਟਕ ਆਯੋਜਿਤ ਕਰਕੇ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੰਦੇਸ਼
Publish Date: Mon, 30 Mar 2026 05:28 PM (IST)
Updated Date: Mon, 30 Mar 2026 05:30 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਸਿਵਲ ਸਰਜਨ ਡਾ. ਸੰਗੀਤਾ ਜੈਨ, ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਅਤੇ ਡੀਡੀਐੱਚਓ ਡਾ. ਪ੍ਰਨੀਤ ਗਰੇਵਾਲ ਦੀ ਅਗਵਾਈ ਵਿਚ ਪੀਐੱਚਸੀ 3ਬੀ-1 ਵਿਖੇ ਅੰਬਿਕਾ ਕਾਲਜ ਆਫ਼ ਨਰਸਿੰਗ ਬਡਾਲਾ ਦੇ ਵਿਦਿਆਰਥੀਆਂ ਵੱਲੋਂ ਇਕ ਜਾਗਰੂਕਤਾ ਨਾਟਕ ਪੇਸ਼ ਕੀਤਾ ਗਿਆ। ਇਸ ਨਾਟਕ ਦਾ ਮੁੱਖ ਉਦੇਸ਼ ਨਸ਼ਿਆਂ ਅਤੇ ਤਮਾਕੂ ਦੇ ਇਸਤੇਮਾਲ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਲੋਕਾਂ ਨੂੰ ਸਚੇਤ ਕਰਨਾ ਸੀ। ਵਿਦਿਆਰਥੀਆਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਕਿ ਨਸ਼ੇ ਖ਼ਾਸ ਕਰ ਕੇ ਨੌਜਵਾਨ ਪੀੜ੍ਹੀ ਨੂੰ ਕਿਵੇਂ ਪ੍ਰਭਾਵਿਤ ਕਰ ਰਹੇ ਹਨ ਅਤੇ ਇਹ ਸਿਹਤ ਤੇ ਸਮਾਜ ਦੋਹਾਂ ਲਈ ਗੰਭੀਰ ਖ਼ਤਰਾ ਬਣ ਰਹੇ ਹਨ। ਨਾਟਕ ਰਾਹੀਂ ਲੋਕਾਂ ਨੂੰ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜਿਊਣ ਲਈ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਮੈਡੀਕਲ ਅਫ਼ਸਰ (ਡੈਂਟਲ) ਡਾ. ਸਿਮਰਨਜੀਤ ਕੌਰ ਵੱਲੋਂ ਦੰਦਾਂ ਦੀ ਸਹੀ ਸਫ਼ਾਈ ਕਰਨ ਦੀ ਤਕਨੀਕ ਦਿਖਾਈ ਗਈ ਅਤੇ ਮੂੰਹ ਦੀ ਸਫ਼ਾਈ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫ਼ੈਲਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸ ਤਰ੍ਹਾਂ ਦੇ ਨਾਟਕ ਲੋਕਾਂ ਨੂੰ ਸੁਚੇਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਅਤੇ ਸਿਹਤਮੰਦ ਜੀਵਨ ਅਪਣਾਉਣ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਹਰਿਨੂਰ ਸਿੰਘ ਅਤੇ ਆਯੁਰਵੇਦਿਕ ਮੈਡੀਕਲ ਅਫ਼ਸਰ ਡਾ. ਨੀਰਜਾ ਸ਼ਰਮਾ ਵੀ ਮੌਜੂਦ ਸਨ।