ਆਸ਼ਮਾ ਸਕੂਲ ’ਚ ਯਾਦਗਾਰੀ ਵਿਦਾਇਗੀ ਪਾਰਟੀ ਹੋਈ
ਆਸ਼ਮਾ ਸਕੂਲ ’ਚ ਯਾਦਗਾਰੀ ਵਿਦਾਇਗੀ ਪਾਰਟੀ ਦਾ ਆਯੋਜਨ
Publish Date: Thu, 12 Feb 2026 07:38 PM (IST)
Updated Date: Thu, 12 Feb 2026 07:41 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਆਸ਼ਮਾ ਇੰਟਰਨੈਸ਼ਨਲ ਸਕੂਲ, ਸੈਕਟਰ-70 ਮੁਹਾਲੀ ਵਿਖੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਸ਼ਾਨਦਾਰ ਅਤੇ ਭਾਵੁਕ ਵਿਦਾਇਗੀ ਪਾਰਟੀ ਕਰਵਾਈ ਗਈ। ਸਕੂਲ ਦੇ ਜੂਨੀਅਰ ਵਿਦਿਆਰਥੀਆਂ (ਨੌਵੀਂ ਜਮਾਤ) ਵੱਲੋਂ ਆਪਣੇ ਸੀਨੀਅਰਾਂ ਦੇ ਸਨਮਾਨ ’ਚ ਉਲੀਕਿਆ ਇਹ ਪ੍ਰੋਗਰਾਮ ਸੱਭਿਆਚਾਰਕ ਵੰਨਗੀਆਂ, ਉਤਸ਼ਾਹ ਅਤੇ ਯਾਦਾਂ ਨਾਲ ਭਰਪੂਰ ਰਿਹਾ। ਸਕੂਲ ਨੂੰ ਗੁਬਾਰਿਆਂ, ਬੈਨਰਾਂ ਅਤੇ ਲੜੀਆਂ ਨਾਲ ਬਹੁਤ ਹੀ ਖ਼ੂਬਸੂਰਤੀ ਨਾਲ ਸਜਾਇਆ ਗਿਆ ਸੀ। ਸਮਾਗਮ ਦੀ ਸ਼ੁਰੂਆਤ ਨੌਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਤਿਲਕ ਲਗਾ ਕੇ ਨਿੱਘਾ ਸਵਾਗਤ ਕਰਨ ਨਾਲ ਹੋਈ। ਇਸ ਉਪਰੰਤ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਗਰੁੱਪ ਡਾਂਸ, ਭੰਗੜਾ, ਗਰੁੱਪ ਸੌਂਗ ਅਤੇ ਸੋਲੋ ਸੌਂਗ ਪੇਸ਼ ਕਰਕੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ। ਸਮਾਗਮ ਦੌਰਾਨ ਕੇਕ ਕੱਟਣ ਦੀ ਰਸਮ ਵੀ ਨਿਭਾਈ ਗਈ। ਇਸ ਦੌਰਾਨ ਵੱਖ-ਵੱਖ ਮੁਕਾਬਲਿਆਂ ਅਤੇ ਪ੍ਰਦਰਸ਼ਨ ਦੇ ਆਧਾਰ ’ਤੇ ਖਿਤਾਬਾਂ ਦੀ ਵੰਡ ਕੀਤੀ ਗਈ। ਜਿਸ ਦੌਰਾਨ ਮਿਸਟਰ ਆਸ਼ਮਾ ਪਰਵਿੰਦਰ ਸਿੰਘ, ਮਿਸ ਆਸ਼ਮਾ ਨੂੰ ਜੈਸਿਕਾ ਚੋਪੜਾ, ਮਿਸਟਰ ਫੇਅਰਵੈਲ ਏਕਮਵੀਰ ਸਿੰਘ ਅਤੇ ਮਿਸ ਫੇਅਰਵੈੱਲ ਦਾ ਖਿਤਾਬ ਬਾਣੀਪ੍ਰੀਤ ਕੌਰ ਨੇ ਜਿੱਤਿਆ। ਸਕੂਲ ਦੇ ਚੇਅਰਮੈਨ ਜੇਐੱਸ ਕੇਸਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜੀਵਨ ਵਿਚ ਸਫ਼ਲਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ, ਅਨੁਸ਼ਾਸਨ, ਵਚਨਬੱਧਤਾ ਅਤੇ ਸਮੇਂ ਦੀ ਪਾਬੰਦੀ ਬਹੁਤ ਜ਼ਰੂਰੀ ਹੈ। ਪ੍ਰਿੰਸੀਪਲ ਸ਼ੁਚੀ ਗਰੋਵਰ ਨੇ ਵਿਦਿਆਰਥੀਆਂ ਦੀਆਂ ਅਕਾਦਮਿਕ ਅਤੇ ਹੋਰ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰੇਰਿਤ ਕੀਤਾ ਕਿ ਉਹ ਪੂਰੇ ਆਤਮ-ਵਿਸ਼ਵਾਸ ਨਾਲ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹਣ।