ਭਬਾਤ ਗੁਦਾਮ ਖੇਤਰ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਭਬਾਤ ਗੁਦਾਮ ਖੇਤਰ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
Publish Date: Mon, 16 Feb 2026 09:11 PM (IST)
Updated Date: Mon, 16 Feb 2026 09:15 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਖੇਤਰ ਦੇ ਭਬਾਤ ਗੁਦਾਮ ਏਰੀਆ ਵਿਚ ਦੇਰ ਰਾਤ ਇਕ ਕਾਸਮੈਟਿਕ ਸਾਮਾਨ ਦੇ ਗੁਦਾਮ ਵਿਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਇੰਨੀ ਜ਼ਬਰਦਸਤ ਸੀ ਕਿ ਇਸ ਦੀਆਂ ਲਪਟਾਂ ਦੂਰੋਂ ਦਿਖਾਈ ਦੇ ਰਹੀਆਂ ਸਨ, ਜਿਸ ਕਾਰਨ ਪੂਰੇ ਇਲਾਕੇ ਵਿਚ ਭਾਜੜ ਮਚ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਕਰੀਬ ਚਾਰ ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਰਾਤ ਲਗਭਗ 3 ਵਜੇ ਅੱਗ ਤੇ ਕਾਬੂ ਪਾਇਆ ਜਾ ਸਕਿਆ। ਮੌਕੇ ਤੇ ਮੌਜੂਦ ਫਾਇਰ ਅਫ਼ਸਰ ਰਾਜੀਵ ਕੁਮਾਰ ਨੇ ਦੱਸਿਆ ਕਿ ਗੁਦਾਮ ਵਿਚ ਕਾਸਮੈਟਿਕ ਸਾਮਾਨ ਦੇ ਨਾਲ-ਨਾਲ ਵੱਡੀ ਮਾਤਰਾ ਵਿਚ ਫੋਮ ਅਤੇ ਹੋਰ ਜਲਣਸ਼ੀਲ ਸਮੱਗਰੀ ਪਈ ਹੋਈ ਸੀ। ਇਸ ਕਾਰਨ ਅੱਗ ਵਾਰ-ਵਾਰ ਭੜਕ ਰਹੀ ਸੀ ਅਤੇ ਫਾਇਰ ਕਰਮੀਆਂ ਨੂੰ ਅੱਗ ਬੁਝਾਉਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅੱਗ ਕਾਰਨ ਪੈਦਾ ਹੋਏ ਕਾਲੇ ਧੂੰਏਂ ਨੇ ਨੇੜਲੇ ਰਿਹਾਇਸ਼ੀ ਇਲਾਕਿਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਦਹਿਸ਼ਤ ਵਿਚ ਆਏ ਲੋਕ ਅੱਧੀ ਰਾਤ ਨੂੰ ਘਰਾਂ ਤੋਂ ਬਾਹਰ ਨਿਕਲ ਆਏ। ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਦਾਮ ਵਿਚ ਅੱਗ ਤੋਂ ਬਚਾਅ ਲਈ ਕੋਈ ਵੀ ਪੁਖ਼ਤਾ ਪ੍ਰਬੰਧ ਨਹੀਂ ਸਨ। ਫਾਇਰ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਗੁਦਾਮ ਵਿਚ ਨਾ ਤਾਂ ਕੋਈ ਫਾਇਰ ਐਕਸਟਿੰਗਵਿਸ਼ਰ (ਅੱਗ ਬੁਝਾਊ ਯੰਤਰ) ਮੌਜੂਦ ਸੀ ਅਤੇ ਨਾ ਹੀ ਕੋਈ ਅਲਾਰਮ ਸਿਸਟਮ ਲੱਗਿਆ ਹੋਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਗੁਦਾਮ ਮਾਲਕ ਨੇ ਫਾਇਰ ਵਿਭਾਗ ਤੋਂ ਲਾਜ਼ਮੀ ਐੱਨਓਸੀ ਵੀ ਪ੍ਰਾਪਤ ਨਹੀਂ ਕੀਤੀ ਸੀ। ਫਾਇਰ ਅਫ਼ਸਰ ਰਾਜੀਵ ਕੁਮਾਰ ਮੁਤਾਬਕ ਮੁੱਢਲੀ ਜਾਂਚ ਵਿਚ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਜਾਪਦਾ ਹੈ, ਪਰ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਗੁਦਾਮ ਮਾਲਕ ਖ਼ਿਲਾਫ਼ ਬਣਦੀ ਕਾਰਵਾਈ ਲਈ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ।