- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਦਯੋਗਿਕ ਖੇਤਰ ਫੇਜ਼-2 ਦੀਆਂ ਦੁਕਾਨਾਂ ਵਿਚ ਲੱਗੀ ਭਿਆਨਕ ਅੱਗ,

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸ਼ਹਿਰ ਦੇ ਇੰਡਸਟ੍ਰੀਅਲ ਏਰੀਆ ਫੇਜ਼-2 ਵਿਚ ਸਥਿਤ ਰਾਮ ਦਰਬਾਰ ਦੇ ਪਲਾਟ ਨੰਬਰ 405 ਵਿਚ ਸੋਮਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਪਿਛਲੇ ਇਕ ਹਫ਼ਤੇ ਅੰਦਰ ਅੱਗਜ਼ਨੀ ਦੀ ਇਹ ਦੂਜੀ ਘਟਨਾ ਹੈ। ਸੈਕਟਰ-22 ਦੀ ਮੋਬਾਈਲ ਮਾਰਕੀਟ ਤੋਂ ਬਾਅਦ ਹੁਣ ਇਸ ਹਾਦਸੇ ਵਿਚ ਬਰਤਨਾਂ ਦੇ ਸਟੋਰ ‘ਕਮਲ ਬਰਤਨ’ ਅਤੇ ਹੈਵਲ ਕੇਬਲ ਦੀਆਂ ਤਾਰਾਂ ਨਾਲ ਸਬੰਧਿਤ ਦੋ ਵੱਖ-ਵੱਖ ਦੁਕਾਨਾਂ (ਐੱਸਸੀਓ) ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਗਈਆਂ। ਅੱਗ ਕਰੀਬ ਸਵੇਰੇ 8:45 ਵਜੇ ਲੱਗੀ। ਪ੍ਰਤੱਖਦਰਸ਼ੀ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਧੂੰਆਂ ਨਿਕਲਦਾ ਵੇਖਿਆ। ਉਨ੍ਹਾਂ ਦੀ ਆਪਣੀ ਫੈਕਟਰੀ ਵੀ ਇੱਥੇ ਹੀ ਹੈ। ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕਰ ਕੇ ਸੂਚਿਤ ਕੀਤਾ। ਫਾਇਰ ਟੀਮਾਂ ਦੇ ਪਹੁੰਚਣ ਤੋਂ ਪਹਿਲਾਂ ਗੈਸ ਕਟਰ ਨਾਲ ਦੁਕਾਨਾਂ ਦੇ ਤਾਲੇ ਤੋੜੇ ਗਏ। ਅੱਗ ਕਾਰਨ ਲੱਖਾਂ-ਕਰੋੜਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ, ਹਾਲਾਂਕਿ ਹਾਲੇ ਅੰਕਲਨ ਕੀਤਾ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਅੱਗ ’ਤੇ ਕਾਬੂ ਪਾਉਣ ਲਈ ਰਾਹਤ ਕਾਰਜ ਸ਼ੁਰੂ ਕੀਤਾ ਗਿਆ। ਜਿਸ ਬਰਤਨਾਂ ਦੀ ਦੁਕਾਨ ਵਿਚ ਅੱਗ ਲੱਗੀ, ਉਸਦਾ ਸੰਚਾਲਕ ਬਲਬੀਰ ਮੁਲਤਾਨੀ ਨਾਮਕ ਪਰਵਾਸੀ ਭਾਰਤੀ ਹੈ, ਜੋ ਇਸ ਨੂੰ ਕੇਅਰਟੇਕਰ ਦੇ ਹਵਾਲੇ ਕਰ ਗਿਆ ਸੀ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਇਮਾਰਤ ਵਿਚੋਂ ਅਚਾਨਕ ਧੂੰਆਂ ਨਿਕਲਦਾ ਦਿੱਸਿਆ ਅਤੇ ਕੁਝ ਹੀ ਸਮੇਂ ਵਿਚ ਅੱਗ ਨੇ ਭਿਆਨਕ ਰੂਪ ਧਾਰ ਲਿਆ। ਇਮਾਰਤ ਦੇ ਇਕ ਐੱਸਸੀਓ ਵਿਚ ਬਰਤਨਾਂ ਦਾ ਸਟੋਰ ਸੀ, ਜਦਕਿ ਦੂਜੇ ਵਿਚ ਬਿਜਲੀ ਦੀਆਂ ਕੇਬਲਾਂ ਦਾ ਕੰਮ ਹੁੰਦਾ ਸੀ। ਤਾਰਾਂ ਵਰਗੇ ਜਲਣਸ਼ੀਲ ਸਾਮਾਨ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਆਲੇ-ਦੁਆਲੇ ਦੇ ਇਲਾਕੇ ਵਿਚ ਦਹਿਸ਼ਤ ਫੈਲ ਗਈ। ਸਥਾਨਕ ਲੋਕਾਂ ਨੇ ਤੁਰੰਤ ਫਾਇਰ ਕੰਟਰੋਲ ਰੂਮ ਅਤੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੇ ਫਾਇਰ ਕਰਮਚਾਰੀਆਂ ਵੱਲੋਂ ਅੱਗ ਨੂੰ ਨਾਲ ਲੱਗੀਆਂ ਹੋਰ ਇਮਾਰਤਾਂ ਤੱਕ ਫੈਲਣ ਤੋਂ ਰੋਕਣ ਲਈ ਕਾਫ਼ੀ ਮਿਹਨਤ ਕੀਤੀ ਗਈ। ਹਾਲੇ ਤੱਕ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਸ਼ੁਰੂਆਤੀ ਜਾਂਚ ਵਿਚ ਸ਼ਾਰਟ ਸਰਕਟ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਮੌਜੂਦ ਰਹੇ ਅਤੇ ਨੁਕਸਾਨ ਦਾ ਜਾਇਜ਼ਾ ਲਿਆ।