ਢਕੌਲੀ ਖੇਤਰ ’ਚ ਕਰਿਆਨਾ ਸਟੋਰ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਢਕੌਲੀ ਖੇਤਰ 'ਚ ਕਰਿਆਨਾ ਸਟੋਰ ਨੂੰ ਲੱਗੀ ਭਿਆਨਕ ਅੱਗ; ਲੱਖਾਂ ਦਾ ਸਾਮਾਨ ਸੜ ਕੇ ਸੁਆਹ
Publish Date: Mon, 23 Mar 2026 09:45 PM (IST)
Updated Date: Mon, 23 Mar 2026 09:49 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਢਕੌਲੀ ਦੇ ਐੱਮਐੱਸ ਐਨਕਲੇਵ ਸਥਿਤ ਇਕ ਕਰਿਆਨਾ ਸਟੋਰ ਵਿਚ ਸੋਮਵਾਰ ਸਵੇਰੇ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਰਾਸ਼ਨ ਅਤੇ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਸਟੋਰ ਅੰਦਰ ਰੱਖਿਆ ਫਰਿੱਜ, ਕੀਮਤੀ ਯੰਤਰ ਅਤੇ ਨਵਾਂ ਸਟਾਕ ਪੂਰੀ ਤਰ੍ਹਾਂ ਬਰਬਾਦ ਹੋ ਗਿਆ। ਖੁਸ਼ਕਿਸਮਤੀ ਰਹੀ ਕਿ ਇਹ ਹਾਦਸਾ ਸਵੇਰ ਵੇਲੇ ਵਾਪਰਿਆ ਜਦੋਂ ਦੁਕਾਨ ਬੰਦ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਅਨੁਸਾਰ ਐੱਮਐੱਸ ਐਨਕਲੇਵ ਵਿਚ ਸਥਿਤ ਮਹਾਲਕਸ਼ਮੀ ਕਰਿਆਨਾ ਸਟੋਰ ਵਿਚ ਸੋਮਵਾਰ ਸਵੇਰੇ ਕਰੀਬ 7:00 ਵਜੇ ਅਚਾਨਕ ਅੱਗ ਲੱਗ ਗਈ। ਉਸ ਸਮੇਂ ਇਲਾਕੇ ਦੇ ਲੋਕ ਸੈਰ ਕਰ ਰਹੇ ਸਨ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਦੁਕਾਨ ਦੇ ਸ਼ਟਰ ਦੇ ਕਿਨਾਰਿਆਂ ਤੋਂ ਕਾਲਾ ਧੂੰਆਂ ਨਿਕਲਦਾ ਦੇਖਿਆ ਗਿਆ। ਸਥਾਨਕ ਨਿਵਾਸੀਆਂ ਨੇ ਤੁਰੰਤ ਇਸ ਦੀ ਸੂਚਨਾ ਦੁਕਾਨ ਮਾਲਕ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਜਦੋਂ ਤੱਕ ਮਾਲਕ ਮੌਕੇ ਤੇ ਪਹੁੰਚਿਆ, ਅੱਗ ਦੁਕਾਨ ਦੇ ਅੰਦਰ ਪੂਰੀ ਤਰ੍ਹਾਂ ਫੈਲ ਚੁੱਕੀ ਸੀ। ਪਲਾਸਟਿਕ ਦੇ ਡੱਬੇ, ਘਿਓ, ਤੇਲ ਅਤੇ ਹੋਰ ਜਲਣਸ਼ੀਲ ਖਾਧ ਪਦਾਰਥਾਂ ਕਾਰਨ ਅੱਗ ਨੇ ਦੇਖਦੇ ਹੀ ਦੇਖਦੇ ਪੂਰੇ ਸਟੋਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਸੂਚਨਾ ਮਿਲਦੇ ਹੀ ਜ਼ੀਰਕਪੁਰ ਫਾਇਰ ਸਟੇਸ਼ਨ ਤੋਂ ਅੱਗ ਬੁਝਾਊ ਦੋ ਗੱਡੀਆਂ ਤੁਰੰਤ ਮੌਕੇ ਤੇ ਪਹੁੰਚੀਆਂ। ਸੰਘਣੀ ਆਬਾਦੀ ਵਾਲਾ ਖੇਤਰ ਹੋਣ ਕਾਰਨ ਫਾਇਰ ਕਰਮਚਾਰੀਆਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਅੱਗ ਨੂੰ ਗੁਆਂਢੀ ਇਮਾਰਤਾਂ ਅਤੇ ਉੱਪਰਲੀਆਂ ਮੰਜ਼ਿਲਾਂ ਤੱਕ ਫੈਲਣ ਤੋਂ ਰੋਕਣ ਦੀ ਸੀ। ਫਾਇਰ ਕਰਮਚਾਰੀਆਂ ਨੇ ਕਰੀਬ ਇਕ ਘੰਟੇ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾਇਆ। ਸਮੇਂ ਸਿਰ ਕੀਤੀ ਗਈ ਕਾਰਵਾਈ ਕਾਰਨ ਇਕ ਵੱਡਾ ਹਾਦਸਾ ਟਲ ਗਿਆ ਕਿਉਂਕਿ ਦੁਕਾਨ ਦੇ ਬਿਲਕੁਲ ਉੱਪਰ ਅਤੇ ਆਲੇ-ਦੁਆਲੇ ਰਿਹਾਇਸ਼ੀ ਮਕਾਨ ਬਣੇ ਹੋਏ ਹਨ। ਦੁਕਾਨ ਮਾਲਕ ਮਨੀਸ਼ ਗੋਇਲ ਨੇ ਦੱਸਿਆ ਕਿ ਇਸ ਅਗਨੀਕਾਂਡ ਵਿਚ ਉਨ੍ਹਾਂ ਦਾ ਸਭ ਕੁਝ ਬਰਬਾਦ ਹੋ ਗਿਆ ਹੈ। ਸ਼ੁਰੂਆਤੀ ਅੰਦਾਜ਼ੇ ਅਨੁਸਾਰ ਕਰੀਬ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਸਟੋਰ ਵਿਚ ਰੱਖਿਆ ਨਵਾਂ ਰਾਸ਼ਨ, ਫਰਿੱਜ, ਆਈਸਕ੍ਰੀਮ, ਮਹਿੰਗੀ ਚਾਕਲੇਟ, ਕੋਲਡ ਡਰਿੰਕਸ ਅਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਬਣ ਗਿਆ ਹੈ। ਅੱਗ ਦੀ ਤਪਿਸ਼ ਇੰਨੀ ਜ਼ਿਆਦਾ ਸੀ ਕਿ ਦੁਕਾਨ ਦੀ ਛੱਤ ਅਤੇ ਕੰਧਾਂ ਵਿਚ ਵੀ ਤਰੇੜਾਂ ਆ ਗਈਆਂ ਹਨ। ----- ਸਾਨੂੰ ਸਵੇਰੇ ਕਰੀਬ 7:30 ਵਜੇ ਸੂਚਨਾ ਮਿਲੀ ਸੀ। ਤੁਰੰਤ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ। ਫਾਇਰ ਕਰਮਚਾਰੀਆਂ ਨੇ ਸੂਝ-ਬੂਝ ਨਾਲ ਕੰਮ ਲੈਂਦਿਆਂ ਅੱਗ ਨੂੰ ਆਸ-ਪਾਸ ਦੀਆਂ ਦੁਕਾਨਾਂ ਅਤੇ ਮਕਾਨਾਂ ਵਿਚ ਫੈਲਣ ਤੋਂ ਰੋਕ ਲਿਆ। ਮੁੱਢਲੀ ਜਾਂਚ ਵਿਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਨਜ਼ਰ ਆ ਰਿਹਾ ਹੈ। - ਰਾਜੀਵ ਸ਼ਰਮਾ, ਫਾਇਰ ਅਫ਼ਸਰ, ਜ਼ੀਰਕਪੁਰ।