- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ੀਰਕਪੁਰ 'ਚ ਸੀਵਰੇਜ ਸਿਸਟਮ 'ਤੇ ਮੰਡਰਾਇਆ ਵੱਡਾ ਖ਼ਤਰਾ;

- ਸਮਰੱਥਾ ਤੋਂ ਦੁੱਗਣਾ ਬੋਝ ਝੱਲ ਰਿਹਾ ਇਕਲੌਤਾ ਐੱਸਟੀਪੀ
ਟੀਪੀਐੱਸ ਗਿੱਲ, ਪੰਜਾਬੀ ਜਾਗਰਣ
ਜ਼ੀਰਕਪੁਰ : ਜ਼ੀਰਕਪੁਰ ਸ਼ਹਿਰ ਦੀ ਤੇਜ਼ੀ ਨਾਲ ਵਧ ਰਹੀ ਆਬਾਦੀ ਨੇ ਸ਼ਹਿਰ ਦੇ ਡਰੇਨੇਜ਼ ਸਿਸਟਮ ਦਾ ਦਮ ਕੱਢ ਦਿੱਤਾ ਹੈ। ਹਾਲਾਤ ਇੰਨੇ ਨਾਜ਼ੁਕ ਹੋ ਚੁੱਕੇ ਹਨ ਕਿ ਸ਼ਹਿਰ ਦਾ ਇਕਲੌਤਾ ਸੀਵਰੇਜ ਟਰੀਟਮੈਂਟ ਪਲਾਂਟ ਆਪਣੀ ਸਮਰੱਥਾ ਤੋਂ ਦੁੱਗਣਾ ਬੋਝ ਝੱਲ ਰਿਹਾ ਹੈ। ਸੋਮਵਾਰ ਨੂੰ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੀਨੀਅਰ ਐਕਸੀਅਨ ਰਾਜੀਵ ਕਪੂਰ ਨੇ ਟੀਮ ਸਮੇਤ ਪਲਾਂਟ ਦਾ ਅਚਾਨਕ ਨਿਰੀਖਣ ਕੀਤਾ। ਇਸ ਜਾਂਚ ਦੌਰਾਨ ਇਹ ਖ਼ੁਲਾਸਾ ਹੋਇਆ ਕਿ ਪਲਾਂਟ ਦੀ ਸਮਰੱਥਾ ਮਹਿਜ਼ 17.5 ਐੱਮਐੱਲਡੀ ਹੈ, ਜਦਕਿ ਸ਼ਹਿਰ ਵਿਚੋਂ ਰੋਜ਼ਾਨਾ 30 ਐੱਮਐੱਲਡੀ ਤੋਂ ਵੱਧ ਸੀਵਰੇਜ ਦਾ ਗੰਦਾ ਪਾਣੀ ਪਹੁੰਚ ਰਿਹਾ ਹੈ। ਅਧਿਕਾਰੀਆਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਨਵਾਂ ਐੱਸਟੀਪੀ ਸਥਾਪਿਤ ਨਾ ਕੀਤਾ ਗਿਆ ਤਾਂ ਪੂਰੇ ਸ਼ਹਿਰ ਦਾ ਸੀਵਰੇਜ ਸਿਸਟਮ ਕਿਸੇ ਵੀ ਵੇਲੇ ਫੇਲ੍ਹ ਹੋ ਸਕਦਾ ਹੈ, ਜੋ ਸ਼ਹਿਰ ਨੂੰ ਨਰਕ ਵਿਚ ਤਬਦੀਲ ਕਰ ਦੇਵੇਗਾ। ਮੌਕੇ ’ਤੇ ਮੌਜੂਦ ਨਗਰ ਕੌਂਸਲ ਜ਼ੀਰਕਪੁਰ ਦੀ ਐੱਸਡੀਓ ਸਾਕਸ਼ੀ ਜਿੰਦਲ ਅਤੇ ਜੇਈ ਸਵਨੀਤ ਸਿੰਘ ਨੂੰ ਨਵੇਂ ਪਲਾਂਟ ਦੀ ਪ੍ਰਕਿਰਿਆ ਨੂੰ ਪਹਿਲ ਦੇ ਆਧਾਰ ’ਤੇ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸਿੰਘਪੁਰਾ ’ਚ ਮੁੱਖ ਪਾਈਪਲਾਈਨ ਧੱਸੀ, ਵੀਆਈਪੀ ਰੋਡ ’ਤੇ ਸੰਕਟ ਦੇ ਬੱਦਲ : ਨਿਰੀਖਣ ਦੌਰਾਨ ਅਧਿਕਾਰੀਆਂ ਨੇ ਪਾਇਆ ਕਿ ਸਿੰਘਪੁਰਾ ਐੱਸਟੀਪੀ ਦੇ ਨੇੜੇ ਭਾਰੀ ਵਾਹਨਾਂ ਦੀ ਬੇਰੋਕ ਆਵਾਜਾਈ ਕਾਰਨ ਮੁੱਖ ਸੀਵਰੇਜ ਲਾਈਨ ਕਈ ਥਾਵਾਂ ਤੋਂ ਦੱਬ ਚੁੱਕੀ ਹੈ। ਪਾਈਪਾਂ ਦੇ ਫੱਟਣ ਦਾ ਖ਼ਤਰਾ ਬਣਿਆ ਹੋਇਆ ਹੈ। ਐਕਸੀਅਨ ਰਾਜੀਵ ਕਪੂਰ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਖ਼ਰਾਬ ਹੋ ਚੁੱਕੀਆਂ ਪਾਈਪਾਂ ਦੀ ਸਿਰਫ਼ ਮੁਰੰਮਤ ਕਰਨ ਦੀ ਬਜਾਏ, ਪੂਰੀ ਲਾਈਨ ਨੂੰ ਉੱਚ ਗੁਣਵੱਤਾ ਵਾਲੀ ਨਵੀਂ ਪਾਈਪਲਾਈਨ ਨਾਲ ਬਦਲਿਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਮੁੱਖ ਲਾਈਨ ਟੁੱਟਦੀ ਹੈ ਤਾਂ ਇਸ ਦਾ ਸਿੱਧਾ ਅਸਰ ਵੀਆਈਪੀ ਰੋਡ ਅਤੇ ਨੇੜਲੀਆਂ ਦਰਜਨਾਂ ਸੁਸਾਇਟੀਆਂ ’ਤੇ ਪਵੇਗਾ, ਜਿਸ ਨਾਲ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਸਕਦਾ ਹੈ।
ਬਿਨਾਂ ਟਰੀਟਮੈਂਟ ਦੇ ਘੱਗਰ ਨਦੀ ’ਚ ਜਾ ਰਿਹਾ ਗੰਦਾ ਪਾਣੀ : ਦੌਰੇ ਦੌਰਾਨ ਇੱਕ ਹੋਰ ਗੰਭੀਰ ਲਾਪ੍ਰਵਾਹੀ ਸਾਹਮਣੇ ਆਈ ਹੈ। ਸਿੰਘਪੁਰਾ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈ ਗਈ ਵੱਡੀ ਪਾਈਪਲਾਈਨ ਬਿਨਾਂ ਬਾਰਿਸ਼ ਦੇ ਵੀ ਪਾਣੀ ਨਾਲ ਨੱਕੋ-ਨੱਕ ਭਰੀ ਹੋਈ ਮਿਲੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸ਼ਹਿਰ ਦਾ ਇਕ ਵੱਡਾ ਹਿੱਸਾ ਬਿਨਾਂ ਟਰੀਟਮੈਂਟ ਦੇ ਸਿੱਧਾ ਘੱਗਰ ਨਦੀ ਵਿਚ ਸੁੱਟਿਆ ਜਾ ਰਿਹਾ ਹੈ। ਇਹ ਨਾ ਸਿਰਫ਼ ਨਿਯਮਾਂ ਦੀ ਉਲੰਘਣਾ ਹੈ, ਸਗੋਂ ਵਾਤਾਵਰਣ ਅਤੇ ਜਲ ਜੀਵਾਂ ਲਈ ਵੀ ਵੱਡਾ ਖ਼ਤਰਾ ਹੈ।
ਅਧਿਕਾਰੀਆਂ ਦੇ ਸਖ਼ਤ ਨਿਰਦੇਸ਼ : ਅਧਿਕਾਰੀਆਂ ਨੇ ਸਖ਼ਤ ਲਹਿਜੇ ਵਿਚ ਕਿਹਾ ਕਿ ਹੁਣ ਟੁਕੜਿਆਂ ਵਿਚ ਕੰਮ ਕਰਨ ਨਾਲ ਗੁਜ਼ਾਰਾ ਨਹੀਂ ਹੋਵੇਗਾ। ਸ਼ਹਿਰ ਦੇ ਮਾਸਟਰ ਪਲਾਨ ਅਨੁਸਾਰ ਅਗਲੇ 20-30 ਸਾਲਾ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਢਾਂਚਾ ਤਿਆਰ ਕਰਨਾ ਪਵੇਗਾ। ਨਵੇਂ ਪਲਾਂਟ ਲਈ ਕਾਗਜ਼ੀ ਕਾਰਵਾਈ ਅਤੇ ਜ਼ਮੀਨ ਦੀ ਵੰਡ ਨੂੰ ਤਰਜੀਹ ਦੇਣ ਦੇ ਆਦੇਸ਼। ਜਦੋਂ ਤੱਕ ਪਾਈਪਲਾਈਨ ਦਾ ਕੰਮ ਪੂਰਾ ਨਹੀਂ ਹੁੰਦਾ, ਭਾਰੀ ਵਾਹਨਾਂ ਦੇ ਦਾਖ਼ਲੇ ’ਤੇ ਰੋਕ ਲਗਾਉਣ ਦੀ ਸਿਫਾਰਸ਼। ਨਵੀਂਆਂ ਪਾਈਪਾਂ ਦੀ ਚੋਣ ਵਿਚ ਉੱਚ ਗੁਣਵੱਤਾ ਅਤੇ ਰਸਾਇਣਕ ਪ੍ਰਤੀਰੋਧਕ ਸਮਰੱਥਾ ਦਾ ਧਿਆਨ ਰੱਖਣ ਦੇ ਹੁਕਮ। ਇਸ ਨਿਰੀਖਣ ਦੌਰਾਨ ਐੱਸਡੀਓ ਲਵਕੇਸ਼ ਕੁਮਾਰ, ਜੇਈ ਜਸਵੀਰ ਸਿੰਘ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ।