ਹਲਕਾ ਇੰਚਾਰਜ ਜਗਦੀਪ ਸਿੰਘ ਔਜਲਾ ਦਾ ਸ਼ਾਨਦਾਰ ਸਵਾਗਤ
ਹਲਕਾ ਇੰਚਾਰਜ ਜਗਦੀਪ ਸਿੰਘ ਔਜਲਾ ਦਾ ਸ਼ਾਨਦਾਰ ਸਵਾਗਤ;
Publish Date: Sun, 01 Feb 2026 06:41 PM (IST)
Updated Date: Sun, 01 Feb 2026 06:43 PM (IST)

ਬੰਨੀ ਸੰਧੂ ਨੇ ਕੇਂਦਰੀ ਬਜਟ ਨੂੰ ਕਿਸਾਨਾਂ ਤੇ ਮਜ਼ਦੂਰਾਂ ਲਈ ਦੱਸਿਆ ਇਤਿਹਾਸਕ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਹਲਕੇ ਵਿਚ ਉਸ ਸਮੇਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਜਦੋਂ ਨਵੇਂ ਨਿਯੁਕਤ ਕੀਤੇ ਗਏ ਹਲਕਾ ਇੰਚਾਰਜ ਜਗਦੀਪ ਸਿੰਘ ਔਜਲਾ ਦਾ ਇੱਥੇ ਪਹੁੰਚਣ ’ਤੇ ਪਾਰਟੀ ਵਰਕਰਾਂ ਅਤੇ ਸਥਾਨਕ ਆਗੂਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਬੰਨੀ ਸੰਧੂ ਨੇ ਜਿੱਥੇ ਔਜਲਾ ਦੀ ਨਿਯੁਕਤੀ ਦਾ ਸਵਾਗਤ ਕੀਤਾ, ਉੱਥੇ ਹੀ ਭਾਰਤ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਅਤੇ ਨਵੀਂਆਂ ਯੋਜਨਾਵਾਂ ਦੀ ਵੀ ਸ਼ਲਾਘਾ ਕੀਤੀ। ਵਿਕਸਿਤ ਭਾਰਤ-ਜੀ ਰਾਮ ਜੀ ਯੋਜਨਾ ਦੀ ਸ਼ਲਾਘਾ ਬੰਨੀ ਸੰਧੂ ਨੇ ਆਪਣੇ ਸੰਬੋਧਨ ਵਿਚ ਕੇਂਦਰ ਸਰਕਾਰ ਦੀ ਨਵੀਂ ਯੋਜਨਾ ਵਿਕਸਿਤ ਭਾਰਤ-ਜੀ ਰਾਮ ਜੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਯੋਜਨਾ ਦੇਸ਼ ਦੇ ਮਜ਼ਦੂਰ ਭਰਾਵਾਂ ਅਤੇ ਕਿਸਾਨਾਂ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਦਿਹਾਤੀ ਰੁਜ਼ਗਾਰ ਦੀ ਗਰੰਟੀ ਨੂੰ 100 ਦਿਨਾ ਤੋਂ ਵਧਾ ਕੇ 125 ਦਿਨ ਕੀਤਾ ਗਿਆ ਹੈ। ਖੇਤੀਬਾੜੀ ਦੇ ਸੀਜ਼ਨ ਦੌਰਾਨ ਮਜ਼ਦੂਰਾਂ ਦੀ ਉਪਲਬੱਧਤਾ ਯਕੀਨੀ ਬਣਾਉਣ ਲਈ ਇਸ ਵਿਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜਿਸ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਵਿਚਕਾਰ ਇਕ ਬਿਹਤਰ ਤਾਲਮੇਲ ਬਣੇਗਾ। ਇਹ ਯੋਜਨਾ ਪੇਂਡੂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰੇਗੀ ਅਤੇ ਮਜ਼ਦੂਰਾਂ ਦੀ ਆਮਦਨ ਵਿਚ ਸਿੱਧਾ ਵਾਧਾ ਕਰੇਗੀ। ਕੇਂਦਰੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ ਤੇ ਟਿੱਪਣੀ ਕਰਦਿਆਂ ਬੰਨੀ ਸੰਧੂ ਨੇ ਕਿਹਾ ਕਿ ਇਹ ਬਜਟ ਹਰ ਵਰਗ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਦੇਸ਼ ਨੂੰ 2047 ਤੱਕ ਵਿਕਸਿਤ ਭਾਰਤ ਬਣਾਉਣ ਦੇ ਟੀਚੇ ਵੱਲ ਮਜ਼ਬੂਤ ਕਦਮ ਵਧਾਏ ਹਨ। ਬਜਟ ਵਿਚ ਖੇਤੀਬਾੜੀ, ਤਕਨਾਲੋਜੀ ਅਤੇ ਮਜ਼ਦੂਰ ਕਲਿਆਣ ਲਈ ਰੱਖੇ ਗਏ ਫੰਡ ਦੇਸ਼ ਦੀ ਆਰਥਿਕਤਾ ਨੂੰ ਨਵੀਂਆਂ ਉਚਾਈਆਂ ਤੇ ਲੈ ਕੇ ਜਾਣਗੇ। ਨਵੇਂ ਹਲਕਾ ਇੰਚਾਰਜ ਜਗਦੀਪ ਸਿੰਘ ਔਜਲਾ ਨੇ ਸਵਾਗਤ ਲਈ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਲਕੇ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਅਤੇ ਸਰਕਾਰੀ ਯੋਜਨਾਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਚਨਬੱਧ ਰਹਿਣਗੇ। ਇਸ ਮੌਕੇ ਵੱਡੀ ਗਿਣਤੀ ਵਿਚ ਵਰਕਰ ਅਤੇ ਸਥਾਨਕ ਨਿਵਾਸੀ ਹਾਜ਼ਰ ਸਨ।