ਪਾਰਕ ’ਚ ਡਿੱਗਿਆ ਸਟਰੀਟ ਲਾਈਟ ਦਾ ਖੰਭਾ ਬਣਿਆ ਮੁਸੀਬਤ, ਨਗਰ ਕੌਂਸਲ ਅਧਿਕਾਰੀ ਬੇਖ਼ਬਰ
ਪਾਰਕ ਵਿਚ ਡਿੱਗਿਆ ਸਟ੍ਰੀਟ ਲਾਈਟ ਦਾ ਖੰਭਾ ਬਣਿਆ ਮੁਸੀਬਤ, ਨਗਰ ਕੌਂਸਲ ਅਧਿਕਾਰੀ ਬੇਖ਼ਬਰ
Publish Date: Mon, 02 Feb 2026 05:12 PM (IST)
Updated Date: Mon, 02 Feb 2026 05:13 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਦੇ ਅਕਾਲੀ ਮਾਰਕੀਟ ਦੇ ਨਜ਼ਦੀਕ ਸਥਿਤ ਇੱਕ ਜਨਤਕ ਪਾਰਕ ’ਚ ਪਿਛਲੇ ਕੁਝ ਦਿਨਾ ਤੋਂ ਸਟਰੀਟ ਲਾਈਟ ਦਾ ਇੱਕ ਖੰਭਾ ਟੁੱਟ ਕੇ ਡਿੱਗਿਆ ਹੋਇਆ ਹੈ, ਜੋ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਥਾਨਕ ਨਗਰ ਕੌਂਸਲ ਦੇ ਅਧਿਕਾਰੀ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਹੇ। ਇਸ ਪਾਰਕ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਬੱਚੇ ਖੇਡਣ ਲਈ ਆਉਂਦੇ ਹਨ ਅਤੇ ਬਜ਼ੁਰਗ ਸੈਰ ਕਰਦੇ ਹਨ। ਖੰਭਾ ਡਿੱਗਿਆ ਹੋਣ ਕਾਰਨ ਜਿੱਥੇ ਰਸਤਾ ਰੁਕਿਆ ਹੋਇਆ ਹੈ, ਉੱਥੇ ਹੀ ਨੰਗੀਆਂ ਤਾਰਾਂ ਕਾਰਨ ਕਰੰਟ ਲੱਗਣ ਦਾ ਡਰ ਬਣਿਆ ਹੋਇਆ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਡਿੱਗੇ ਹੋਏ ਖੰਭੇ ਵਿਚੋਂ ਬਿਜਲੀ ਦੀ ਸਪਲਾਈ ਚਾਲੂ ਹੋਣ ਦਾ ਖ਼ਦਸ਼ਾ ਹੈ, ਜੋ ਬਰਸਾਤ ਦੇ ਦਿਨਾ ਵਿਚ ਜਾਨਲੇਵਾ ਸਾਬਤ ਹੋ ਸਕਦੀ ਹੈ। ਸਟਰੀਟ ਲਾਈਟ ਬੰਦ ਹੋਣ ਕਾਰਨ ਰਾਤ ਸਮੇਂ ਪਾਰਕ ਵਿਚ ਘੁੱਪ ਹਨੇਰਾ ਰਹਿੰਦਾ ਹੈ। ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਇਸ ਨੂੰ ਠੀਕ ਕਰਨਾ ਤਾਂ ਦੂਰ, ਮੌਕੇ ਦਾ ਮੁਆਇਨਾ ਤਕ ਨਹੀਂ ਕੀਤਾ। ਮਾਰਕੀਟ ਦੇ ਦੁਕਾਨਦਾਰਾਂ ਅਤੇ ਸਥਾਨਕ ਵਾਸੀਆਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਇਸ ਖੰਭੇ ਨੂੰ ਤੁਰੰਤ ਠੀਕ ਕੀਤਾ ਜਾਵੇ ਜਾਂ ਇੱਥੋਂ ਹਟਾਇਆ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਕਾਰਵਾਈ ਨਾ ਹੋਈ ਤਾਂ ਉਹ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ।