ਹੂਟਰ ਵਜ੍ਹਾ ਕੇ ਲਾਲ ਬੱਤੀ ਦੀ ਉਲੰਘਣਾ ਕਰਨ ਵਾਲੇ ਕਾਰ ਚਾਲਕ ਦਾ ਚਾਲਾਨ
ਹੂਟਰ ਵਜ੍ਹਾ ਕੇ ਲਾਲ ਬੱਤੀ ਦੀ ਉਲੰਘਣਾ ਕਰਨ ਵਾਲੇ ਕਾਰ ਚਾਲਕ ਦਾ ਚਾਲਾਨ; ਖ਼ੁਦ ਨੂੰ ਦੱਸ ਰਿਹਾ ਸੀ ਵੱਡਾ ਸਿਆਸੀ ਆਗੂ
Publish Date: Mon, 16 Mar 2026 09:39 PM (IST)
Updated Date: Mon, 16 Mar 2026 09:43 PM (IST)

- ਖ਼ੁਦ ਨੂੰ ਦੱਸ ਰਿਹਾ ਸੀ ਵੱਡਾ ਸਿਆਸੀ ਆਗੂ ਟੀਪੀਐੱਸ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਜ਼ੀਰਕਪੁਰ ਦੇ ਸਭ ਤੋਂ ਰੁਝੇਵੇਂ ਵਾਲੇ ਪਟਿਆਲਾ ਚੌਕ ਵਿਖੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਇਕ ਕਾਰ ਚਾਲਕ ਵਿਰੁੱਧ ਟ੍ਰੈਫਿਕ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ। ਹੂਟਰ ਵਜਾਉਂਦੇ ਹੋਏ ਅਤੇ ਲਾਲ ਬੱਤੀ ਦੀ ਉਲੰਘਣਾ ਕਰ ਕੇ ਭੱਜਣ ਵਾਲੀ ਕਰੇਟਾ ਕਾਰ ਦੇ ਚਾਲਕ ਨੂੰ ਪੁਲਿਸ ਨੇ ਪਿੱਛਾ ਕਰ ਕੇ ਦਬੋਚ ਲਿਆ। ਫੜੇ ਜਾਣ ’ਤੇ ਚਾਲਕ ਨੇ ਪੁਲਿਸ ਮੁਲਾਜ਼ਮਾਂ ’ਤੇ ਸਿਆਸੀ ਰੋਬ ਪਾਉਣ ਦੀ ਵੀ ਕੋਸ਼ਿਸ਼ ਕੀਤੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਇੰਚਾਰਜ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ ਇਕ ਵਜੇ ਅੰਬਾਲਾ ਰੋਡ ਵੱਲੋਂ ਇਕ ਕਰੇਟਾ ਕਾਰ ਤੇਜ਼ ਰਫ਼ਤਾਰ ਅਤੇ ਹੂਟਰ ਵਜਾਉਂਦੀ ਹੋਈ ਆਈ। ਚੌਕ ’ਤੇ ਤਾਇਨਾਤ ਮੁਲਾਜ਼ਮਾਂ ਨੇ ਜਦੋਂ ਗੱਡੀ ਰੋਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਸਿਗਨਲ ਤੋੜ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪਿੱਛਾ ਕੀਤਾ ਅਤੇ ਕਾਲਕਾ ਰੋਡ ’ਤੇ ਗੱਡੀ ਨੂੰ ਘੇਰ ਲਿਆ। ਗੱਡੀ ਰੁਕਣ ’ਤੇ ਚਾਲਕ ਦੀ ਪੁਲਿਸ ਮੁਲਾਜ਼ਮਾਂ ਨਾਲ ਤਿੱਖੀ ਬਹਿਸ ਹੋਈ। ਪੁਲਿਸ ਅਨੁਸਾਰ ਉਸ ਨੇ ਪਹਿਲਾਂ ਖੁਦ ਨੂੰ ਵੱਡਾ ਆਗੂ ਦੱਸਿਆ ਅਤੇ ਬਾਅਦ ਵਿਚ ਕਿਸੇ ਹੋਰ ਪਾਰਟੀ ਦਾ ਸੂਬਾ ਮੀਤ ਪ੍ਰਧਾਨ ਦੱਸ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਇੰਸਪੈਕਟਰ ਮਨਫੂਲ ਸਿੰਘ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਨਿੱਜੀ ਗੱਡੀ ਤੇ ਹੂਟਰ ਲਗਾਉਣਾ ਗ਼ੈਰ-ਕਾਨੂੰਨੀ ਹੈ। ਚਾਲਕ ਵਿਰੁੱਧ ਲਾਲ ਬੱਤੀ ਦੀ ਉਲੰਘਣਾ, ਹੂਟਰ ਦੀ ਨਾਜਾਇਜ਼ ਵਰਤੋਂ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਹੇਠ ਚਾਲਾਨ ਕੱਟਿਆ ਗਿਆ ਹੈ। ਦੂਜੇ ਪਾਸੇ ਦੋਵਾਂ ਸਿਆਸੀ ਪਾਰਟੀਆਂ ਦੇ ਸਥਾਨਕ ਆਗੂਆਂ ਨੇ ਉਕਤ ਵਿਅਕਤੀ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ।