ਸਪੀਕਰ ਦੇ ਸ਼ੋਰ ਨੂੰ ਲੈ ਕੇ ਹੋਏ ਵਿਵਾਦ ਨੇ ਲਈ ਨੌਜਵਾਨ ਦੀ ਜਾਨ
ਸਪੀਕਰ ਦੇ ਸ਼ੋਰ ਨੂੰ ਲੈ ਕੇ ਹੋਏ ਵਿਵਾਦ ਨੇ ਲਈ ਨੌਜਵਾਨ ਦੀ ਜਾਨ
Publish Date: Mon, 02 Feb 2026 10:06 PM (IST)
Updated Date: Mon, 02 Feb 2026 10:08 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਦੇ ਪੀਰਮੁਛੱਲਾ ਖੇਤਰ ਦੀ ਜੀਐੱਮਐੱਸ-4 ਸੁਸਾਇਟੀ ਵਿਚ ਮਾਮੂਲੀ ਗੱਲ ਤੋਂ ਸ਼ੁਰੂ ਹੋਇਆ ਵਿਵਾਦ ਇੰਨਾ ਭਿਆਨਕ ਰੂਪ ਧਾਰਨ ਕਰ ਗਿਆ ਕਿ ਇੱਕ ਨੌਜਵਾਨ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਉੱਚੀ ਆਵਾਜ਼ ਵਿਚ ਸਪੀਕਰ ਚਲਾਉਣ ਤੋਂ ਰੋਕਣ ਦੀ ਰੰਜਿਸ਼ ਕਾਰਨ ਗੁਆਂਢੀਆਂ ਵੱਲੋਂ ਕੀਤੀ ਗਈ ਬੇਰਹਿਮ ਕੁੱਟਮਾਰ ਦੌਰਾਨ ਗੰਭੀਰ ਜ਼ਖ਼ਮੀ ਹੋਏ ਅੰਕਿਤ ਰਾਣਾ ਨੇ ਚੰਡੀਗੜ੍ਹ ਦੇ ਹਸਪਤਾਲ ਵਿਚ ਦਮ ਤੋੜ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੇ ਦੋਸਤ ਰਮੇਸ਼ ਕੁਮਾਰ, ਜੋ ਕਿ ਕਰਨਾਲ (ਹਰਿਆਣਾ) ਦਾ ਰਹਿਣ ਵਾਲਾ ਹੈ, ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਅਤੇ ਅੰਕਿਤ ਰਾਣਾ ਪਿਛਲੇ ਤਿੰਨ ਮਹੀਨਿਆਂ ਤੋਂ ਪੀਰਮੁਛੱਲਾ ਦੇ ਫਲੈਟ ਨੰ. 9-ਬੀ ਵਿਚ ਰਹਿ ਰਹੇ ਸਨ। 1 ਫਰਵਰੀ ਦੀ ਰਾਤ ਕਰੀਬ 2 ਵਜੇ ਉਹ ਸੌਂ ਗਿਆ ਸੀ, ਜਦਕਿ ਅੰਕਿਤ ਡਰਾਇੰਗ ਰੂਮ ਵਿਚ ਮੌਜੂਦ ਸੀ। ਸਵੇਰੇ 6 ਵਜੇ ਜਦੋਂ ਬਾਹਰ ਰੌਲਾ ਸੁਣ ਕੇ ਰਮੇਸ਼ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੰਕਿਤ ਖ਼ੂਨ ਨਾਲ ਲੱਥਪੱਥ ਹਾਲਤ ਵਿਚ ਪਿਆ ਸੀ। ਉਸ ਦੇ ਸਿਰ ਅਤੇ ਸਰੀਰ ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ। ਮੌਤ ਤੋਂ ਪਹਿਲਾਂ ਅੰਕਿਤ ਨੇ ਦੱਸਿਆ ਕਿ ਗੁਆਂਢ ਵਿਚ ਰਹਿਣ ਵਾਲੇ ਪਰਦੀਪ ਕੁਮਾਰ ਉਰਫ਼ ਵਿੱਕੀ ਅਤੇ ਉਸ ਦੇ ਸਾਥੀ ਪਾਰਸ ਨੇ ਉਸ ’ਤੇ ਜਾਨਲੇਵਾ ਹਮਲਾ ਕੀਤਾ ਹੈ। ਜ਼ਖ਼ਮੀ ਹਾਲਤ ਵਿਚ ਅੰਕਿਤ ਨੂੰ ਪਹਿਲਾਂ ਢਕੌਲੀ ਅਤੇ ਫਿਰ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਸ ਦੀ ਮੌਤ ਹੋ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਮੁਲਜ਼ਮਾਂ ਪਰਦੀਪ ਕੁਮਾਰ ਅਤੇ ਪਾਰਸ ਨੂੰ ਕਾਬੂ ਕਰ ਲਿਆ ਹੈ। ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਮੁੱਖ ਮੁਲਜ਼ਮ ਪਰਦੀਪ ਕੁਮਾਰ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਢਕੌਲੀ ਥਾਣੇ ਵਿਚ ਆਰਮਜ਼ ਐਕਟ ਤਹਿਤ ਮਾਮਲਾ ਦਰਜ ਹੈ।