ਸੋਸ਼ਲ ਵੈਲਫੇਅਰ ਸੁਸਾਇਟੀ ਦਾ ਵਫ਼ਦ ਰਵਨੀਤ ਬਿੱਟੂ ਨੂੰ ਮਿਲਿਆ
ਫਰੈਂਡਜ਼ ਸਪੋਰਟਸ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਦਾ ਵਫ਼ਦ ਰਵਨੀਤ ਬਿੱਟੂ ਨੂੰ ਮਿਲਿਆ
Publish Date: Tue, 14 Apr 2026 06:24 PM (IST)
Updated Date: Wed, 15 Apr 2026 04:10 AM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ: ਫਰੈਂਡਜ਼ ਸਪੋਰਟਸ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਮੁਹਾਲੀ ਦਾ ਇਕ ਵਫ਼ਦ ਸੰਸਥਾ ਦੇ ਪ੍ਰਧਾਨ ਅਮਰਜੀਤ ਸਿੰਘ ਦੀ ਅਗਵਾਈ ਹੇਠ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜੀ ਦੇ ਨਾਂਅ ’ਤੇ ਵਸਾਏ ਗਏ ਮੁਹਾਲੀ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਮੁੱਖ ਐਂਟਰੀ ਪੁਆਇੰਟ ’ਤੇ ਖਾਲੀ ਪਈ ਥਾਂ ਕਿਸੇ ਤਜਰਬੇਕਾਰ ਆਰਕੀਟੈਕਟ ਤੋਂ ਡਿਜ਼ਾਈਨ ਕਰਵਾ ਕੇ ਇੱਥੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਪੋਰਟਰੇਟ (ਵੱਡਾ ਚਿੱਤਰ) ਸ਼ੁਸ਼ੋਭਿਤ ਕੀਤਾ ਜਾਵੇ। ਇਸ ਸਬੰਧੀ ਵਫ਼ਦ ਨੇ ਸ੍ਰੀ ਬਿੱਟੂ ਨੂੰ ਮੰਗ ਪੱਤਰ ਵੀ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਰੇਲਵੇ ਸਟੇਸ਼ਨ ’ਤੇ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਬਾਰੇ ਜਾਣਕਾਰੀ ਭਰਪੂਰ ਜੀਵਨ ਬਿਊਰਾ ਲਿਖਿਆ ਜਾਵੇ ਤਾਂ ਜੋ ਰੇਲਵੇ ਸਟੇਸ਼ਨ ’ਤੇ ਆਉਣ-ਜਾਣ ਵਾਲੇ ਬਾਹਰਲੇ ਸੂਬਿਆਂ ਦੇ ਯਾਤਰੀਆਂ ਨੂੰ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਪਤਾ ਲੱਗ ਸਕੇ। ਅਮਰਜੀਤ ਸਿੰਘ ਨੇ ਦੱਸਿਆ ਕਿ ਰੇਲਵੇ ਰਾਜ ਮੰਤਰੀ ਨੇ ਉਨ੍ਹਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਜਲਦੀ ਹੀ ਮੁਹਾਲੀ ਰੇਲਵੇ ਸਟੇਸ਼ਨ ਦੇ ਮੁੱਖ ਦੁਆਰ ਵਾਲੀ ਥਾਂ ਨੂੰ ਵਧੀਆ ਢੰਗ ਨਾਲ ਵਿਕਸਿਤ ਕਰਕੇ ਇੱਥੇ ਸਾਹਿਬਜ਼ਾਦਾ ਅਜੀਤ ਸਿੰਘ ਦਾ ਪੋਰਟਰੇਟ (ਵੱਡਾ ਚਿੱਤਰ) ਅਤੇ ਜੀਵਨ ਬਿਊਰਾ ਲਗਾਇਆ ਜਾਵੇਗਾ। ਇਸ ਮੌਕੇ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਸਹਿ ਸਕੱਤਰ ਐਡਵੋਕੇਟ ਕਰਨਦੀਪ ਸਿੰਘ ਚੀਮਾ, ਪ੍ਰਿੰਸੀਪਲ ਜਸਵਿੰਦਰ ਸਿੰਘ ਅਤੇ ਸਹਾਇਕ ਡਾਇਰੈਕਟਰ ਬਲਿੰਦਰ ਸਿੰਘ ਵੀ ਮੌਜੂਦ ਸਨ।