ਜ਼ਖ਼ਮੀ ਕਰਨ ਦੇ ਦੋਸ਼ਾਂ ਤਹਿਤ ਇਕ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਜ਼ਖ਼ਮੀ ਕਰਨ ਦੇ ਦੋਸ਼ਾਂ ਤਹਿਤ ਇਕ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Publish Date: Thu, 22 Jan 2026 07:47 PM (IST)
Updated Date: Thu, 22 Jan 2026 07:48 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਨਜ਼ਦੀਕੀ ਪਿੰਡ ਖੇੜੀ ਗੁੱਜਰਾਂ ਵਿਖੇ ਘਰ ਵਿਚ ਦਾਖ਼ਲ ਹੋ ਕੇ ਹਮਲਾ ਕਰ ਕੇ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਕ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਸਆਈ ਦਿਲਬਾਗ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨ ਵਿਚ ਹਰਦੀਪ ਕੁਮਾਰ ਪੁੱਤਰ ਰਾਮ ਕਰਨ ਵਾਸੀ ਪਿੰਡ ਖੇੜੀ ਗੁੱਜਰਾਂ ਡੇਰਾਬੱਸੀ ਨੇ ਦੱਸਿਆ ਕਿ ਉਹ ਦੁੱਧ ਸਪਲਾਈ ਕਰਨ ਦਾ ਕੰਮ ਕਰਦਾ ਹੈ। ਬੀਤੀ 20 ਜਨਵਰੀ ਨੂੰ ਉਹ ਆਪਣੇ ਪਰਿਵਾਰ ਸਮੇਤ ਘਰ ਵਿਚ ਮੌਜੂਦ ਸੀ ਤਾਂ ਇਸ ਦੌਰਾਨ ਉਸ ਦੇ ਪਿੰਡ ਦੇ ਮਨੀਸ਼ ਕੁਮਾਰ, ਗੁਰਮੀਤ ਸਿੰਘ ਉਸ ਦੇ ਘਰ ਆਏ। ਜਦੋਂ ਉਸ ਦੀ ਮਾਤਾ ਨੇ ਗੇਟ ਖੋਲ੍ਹਿਆ ਤਾਂ ਘਰ ਦੇ ਅੰਦਰ ਆ ਗਏ ਅਤੇ ਕਹਿੰਦੇ ਹਰਦੀਪ ਨੂੰ ਬੁਲਾਓ ਉਸ ਨਾਲ ਕੋਈ ਗੱਲ ਕਰਨੀ ਹੈ। ਜਿਸ ਤੋਂ ਬਾਅਦ ਉਹ ਅਤੇ ਉਸ ਦੇ ਚਾਚੇ ਦਾ ਲੜਕਾ ਗੁਰਜੰਟ ਸਿੰਘ ਕਮਰੇ ਵਿਚੋਂ ਬਾਹਰ ਆ ਗਏ ਤਾਂ ਗੀਤ ਗੁੱਜਰ ਤੇ ਮਨੀ ਕੁਮਾਰ ਜਿਨ੍ਹਾਂ ਦੀ ਸ਼ਰਾਬ ਪੀਤੀ ਹੋਈ ਸੀ, ਉਸ ਦੇ ਨਾਲ ਲੜਾਈ ਝਗੜਾ ਕਰਨ ਲੱਗ ਗਏ। ਗੀਤ ਗੁੱਜਰ ਨੇ ਉਸ ਦੀ ਮਾਤਾ ਨੂੰ ਧੱਕਾ ਮਾਰਿਆ। ਜਦੋਂ ਉਸ ਦੇ ਚਾਚੇ ਦਾ ਲੜਕਾ ਗੁਰਜੰਟ ਸਿੰਘ ਉਸ ਨੂੰ ਛਡਾਉਣ ਲੱਗਾ ਤਾਂ ਗੀਤ ਨੇ ਆਪਣੀ ਤਲਵਾਰ ਨਾਲ ਉਸ ਦੇ ਸਿਰ ’ਤੇ ਵਾਰ ਕੀਤਾ ਤਾਂ ਉਸ ਨੇ ਹੱਥ ਅੱਗੇ ਕਰਕੇ ਬਚਾਅ ਕਰ ਲਿਆ। ਫਿਰ ਇਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਦਾਖ਼ਲ ਕਰਵਾਇਆ। ਉਸਨੇ ਦੱਸਿਆ ਕਿ ਉਸਦੇ ਚਾਚੇ ਦਾ ਲੜਕਾ ਗੁਰਦੀਪ ਸਿੰਘ ਪੁੱਤਰ ਭਾਗ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਤੋਂ ਰੋਟੀ ਲੈ ਕੇ ਹਸਪਤਾਲ ਨੂੰ ਆ ਰਿਹਾ ਸੀ ਤਾਂ ਉਕਤ ਮੁਲਜ਼ਮਾਂ ਮਾਹੀਵਾਲਾ ਨੇੜੇ ਸਰਵਿਸ ਸਟੇਸ਼ਨ ’ਤੇ ਘੇਰ ਕੇ ਗੁਰਦੀਪ ਸਿੰਘ ਦੀ ਵੀ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਗੁਰਦੀਪ ਸਿੰਘ ਵੀ ਉਸ ਦੇ ਨਾਲ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਇਲਾਜ ਅਧੀਨ ਹੈ। ਪੁਲਿਸ ਨੇ ਉਕਤ ਵਿਅਕਤੀ ਦੇ ਬਿਆਨ ’ਤੇ ਮਨੀ ਕੁਮਾਰ ਉਰਫ਼ ਬਿੱਟੂ, ਗੁਰਮੀਤ ਸਿੰਘ ਉਰਫ਼ ਗੀਤ ਗੁੱਜਰ, ਬਿੱਟੂ ਵਾਸੀਆਨ ਪਿੰਡ ਖੇੜੀ ਗੁੱਜਰਾਂ, ਸੋਨੀ ਵਾਸੀ ਪਿੰਡ ਸਨੇਟਾ ਅਤੇ 4-5 ਨਾ-ਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।