ਬਿਜਲੀ ਦਾ ਟੇਢਾ ਹੋਇਆ ਖੰਭਾ ਦੇ ਰਿਹਾ ਹਾਦਸੇ ਨੂੰ ਸੱਦਾ, ਪਾਵਰਕਾਮ ਅਧਿਕਾਰੀ ਬੇਖ਼ਬਰ
ਬਿਜਲੀ ਦਾ ਟੇਢਾ ਹੋਇਆ ਖੰਭਾ ਦੇ ਰਿਹਾ ਹਾਦਸੇ ਨੂੰ ਸੱਦਾ, ਪਾਵਰਕਾਮ ਅਧਿਕਾਰੀ ਬੇਖ਼ਬਰ
Publish Date: Wed, 25 Feb 2026 06:05 PM (IST)
Updated Date: Wed, 25 Feb 2026 06:07 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਪਿੰਡ ਸੁੰਡਰਾ ਵਿਖੇ ਲੱਗਿਆ ਬਿਜਲੀ ਦਾ ਇਕ ਟੇਢਾ ਹੋਇਆ ਖੰਭਾ ਪਿੰਡ ਵਾਸੀਆਂ ਲਈ ਵੱਡੀ ਮੁਸੀਬਤ ਅਤੇ ਡਰ ਦਾ ਕਾਰਨ ਬਣਿਆ ਹੋਇਆ ਹੈ। ਇਹ ਖੰਭਾ ਕਿਸੇ ਵੀ ਸਮੇਂ ਵੀ ਡਿੱਗ ਕੇ ਭਿਆਨਕ ਹਾਦਸੇ ਨੂੰ ਅੰਜਾਮ ਦੇ ਸਕਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਪਾਵਰਕਾਮ ਦੇ ਅਧਿਕਾਰੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ। ਪਿੰਡ ਵਾਸੀਆਂ ਨੇ ਦੱਸਿਆ ਕਿ ਬਿਜਲੀ ਦਾ ਖੰਭਾ ਕਾਫ਼ੀ ਹੱਦ ਤੱਕ ਝੁਕ ਚੁੱਕਾ ਹੈ ਅਤੇ ਉੱਪਰੋਂ ਗੁਜ਼ਰਦੀਆਂ ਹਾਈ-ਵੋਲਟੇਜ ਤਾਰਾਂ ਕਦੇ ਵੀ ਟੁੱਟ ਕੇ ਹੇਠਾਂ ਡਿੱਗ ਸਕਦੀਆਂ ਹਨ। ਇਹ ਖੰਭਾ ਰਸਤੇ ਦੇ ਬਿਲਕੁਲ ਨਜ਼ਦੀਕ ਹੈ, ਜਿੱਥੋਂ ਰੋਜ਼ਾਨਾ ਬੱਚੇ ਅਤੇ ਰਾਹਗੀਰ ਲੰਘਦੇ ਹਨ। ਮੀਂਹ ਜਾਂ ਤੇਜ਼ ਹਵਾ ਚੱਲਣ ਸਮੇਂ ਸਥਿਤੀ ਹੋਰ ਵੀ ਨਾਜ਼ੁਕ ਹੋ ਜਾਂਦੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਸਬੰਧਤ ਮਹਿਕਮੇ ਨੂੰ ਇਸ ਬਾਰੇ ਸੂਚਿਤ ਕੀਤਾ ਹੈ, ਪਰ ਅਧਿਕਾਰੀ ਸਿਰਫ਼ ਭਰੋਸਾ ਦੇ ਕੇ ਪੱਲਾ ਝਾੜ ਲੈਂਦੇ ਹਨ। ਪਿੰਡ ਦੇ ਪਤਵੰਤੇ ਸੱਜਣਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਇਸ ਖੰਭੇ ਕਾਰਨ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ, ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਪਾਵਰਕਾਮ ਵਿਭਾਗ ਦੀ ਹੋਵੇਗੀ। ਉਨ੍ਹਾਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕਿਸੇ ਵੱਡੇ ਹਾਦਸੇ ਦੀ ਉਡੀਕ ਕਰਨ ਦੀ ਬਜਾਏ, ਤੁਰੰਤ ਇਸ ਖੰਭੇ ਨੂੰ ਬਦਲਿਆ ਜਾਵੇ ਜਾਂ ਸਿੱਧਾ ਕੀਤਾ ਜਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਡਰ ਦੇ ਸਾਏ ਹੇਠ ਰਹਿ ਰਹੇ ਹਨ। ਖੰਭਾ ਇੰਨਾ ਟੇਢਾ ਹੈ ਕਿ ਕਿਸੇ ਵੀ ਵੇਲੇ ਡਿੱਗ ਸਕਦਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਕਿਸੇ ਜਾਨੀ ਨੁਕਸਾਨ ਤੋਂ ਪਹਿਲਾਂ ਹਰਕਤ ਵਿਚ ਆਵੇ।