ਖੇਤਾਂ ਵਿਚਕਾਰ ਟੇਢਾ ਹੋਇਆ ਬਿਜਲੀ ਦਾ ਖੰਭਾ ਦੇ ਰਿਹਾ ਹਾਦਸਿਆਂ ਨੂੰ ਸੱਦਾ, ਪਾਵਰਕਾਮ ਵਿਭਾਗ ਬੇਖ਼ਬਰ
ਖੇਤਾਂ ਵਿਚਕਾਰ ਟੇਢਾ ਹੋਇਆ ਬਿਜਲੀ ਦਾ ਖੰਭਾ ਦੇ ਰਿਹਾ ਹਾਦਸਿਆਂ ਨੂੰ ਸੱਦਾ
Publish Date: Tue, 20 Jan 2026 05:30 PM (IST)
Updated Date: Tue, 20 Jan 2026 05:33 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਤੋਂ ਬੇਹੜਾ ਰੋਡ ਤੇ ਸਥਿਤ ਖੇਤਾਂ ’ਚ ਬਿਜਲੀ ਦਾ ਇਕ ਖੰਭਾ ਪਿਛਲੇ ਕਾਫ਼ੀ ਸਮੇਂ ਤੋਂ ਖ਼ਤਰਨਾਕ ਹਾਲਤ ਵਿਚ ਟੇਢਾ ਹੋਇਆ ਪਿਆ ਹੈ, ਜੋ ਕਿਸੇ ਵੀ ਵੇਲੇ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਪਾਵਰਕਾਮ ਵਿਭਾਗ ਦੇ ਅਧਿਕਾਰੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ। ਸਥਾਨਕ ਕਿਸਾਨਾਂ ਨੇ ਦੱਸਿਆ ਕਿ ਇਹ ਖੰਭਾ ਖੇਤਾਂ ਦੇ ਬਿਲਕੁਲ ਵਿਚਕਾਰ ਹੈ ਅਤੇ ਕਾਫ਼ੀ ਝੁਕ ਚੁੱਕਾ ਹੈ। ਇਸ ਉੱਪਰੋਂ ਲੰਘਦੀਆਂ ਹਾਈ-ਵੋਲਟੇਜ ਤਾਰਾਂ ਵੀ ਕਾਫ਼ੀ ਹੇਠਾਂ ਆ ਗਈਆਂ ਹਨ। ਕਿਸਾਨਾਂ ਨੂੰ ਖੇਤਾਂ ਵਿਚ ਟਰੈਕਟਰ ਚਲਾਉਣ ਅਤੇ ਹੋਰ ਕੰਮ ਕਰਨ ਵੇਲੇ ਜਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਬਰਸਾਤ ਜਾਂ ਤੇਜ਼ ਹਵਾ ਚੱਲਣ ਸਮੇਂ ਇਸ ਖੰਭੇ ਦੇ ਡਿੱਗਣ ਦਾ ਡਰ ਹੋਰ ਵੀ ਵਧ ਜਾਂਦਾ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਬਾਰੇ ਜਾਣੂ ਕਰਵਾਇਆ ਹੈ, ਪਰ ਅਜੇ ਤੱਕ ਸਿਰਫ਼ ਭਰੋਸਾ ਹੀ ਮਿਲਿਆ ਹੈ, ਅਮਲੀ ਰੂਪ ਵਿਚ ਕੋਈ ਕਾਰਵਾਈ ਨਹੀਂ ਹੋਈ। ਲੋਕਾਂ ਨੇ ਦੋਸ਼ ਲਾਇਆ ਕਿ ਸ਼ਾਇਦ ਵਿਭਾਗ ਕਿਸੇ ਵੱਡੇ ਹਾਦਸੇ ਦੇ ਵਾਪਰਨ ਦਾ ਇੰਤਜ਼ਾਰ ਕਰ ਰਿਹਾ ਹੈ। ਸਥਾਨਕ ਲੋਕਾਂ ਅਤੇ ਕਿਸਾਨਾਂ ਨੇ ਪ੍ਰਸ਼ਾਸਨ ਅਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਟੇਢੇ ਹੋਏ ਖੰਭੇ ਨੂੰ ਤੁਰੰਤ ਸਿੱਧਾ ਕੀਤਾ ਜਾਵੇ ਜਾਂ ਬਦਲਿਆ ਜਾਵੇ ਤਾਂ ਜੋ ਕਿਸੇ ਦਾ ਜਾਨੀ-ਮਾਲੀ ਨੁਕਸਾਨ ਹੋਣੋਂ ਬਚ ਸਕੇ।