ਰਾਧਾ-ਕ੍ਰਿਸ਼ਨ ਮੰਦਰ ਦਾ 9ਵਾਂ ਸਥਾਪਨਾ ਦਿਵਸ ਮਨਾਇਆ
ਸ੍ਰੀ ਰਾਧਾ ਕ੍ਰਿਸ਼ਨ ਮੰਦਰ ਦਾ 9ਵਾਂ ਸਥਾਪਨਾ ਦਿਵਸ ਭਗਤੀਮਈ ਮਾਹੌਲ ਵਿਚ ਮਨਾਇਆ
Publish Date: Mon, 09 Feb 2026 07:44 PM (IST)
Updated Date: Mon, 09 Feb 2026 07:47 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਜੀਬੀਪੀ ਰੋਜ਼ਵੁੱਡ ਵਿਚ ਸਥਿਤ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਵਿਚ ਮੰਦਰ ਕਮੇਟੀ ਵੱਲੋਂ 9ਵਾਂ ਸਥਾਪਨਾ ਦਿਵਸ ਵੱਡੀ ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਵੇਰੇ ਹਵਨ-ਪੂਜਨ ਨਾਲ ਕੀਤੀ ਗਈ, ਜਿਸ ਦੌਰਾਨ ਪੰਡਤਾਂ ਵੱਲੋਂ ਵੇਦਿਕ ਮੰਤ੍ਰੋਚਾਰਣ ਕੀਤਾ ਗਿਆ ਅਤੇ ਸਮੂਹ ਭਗਤਾਂ ਨੇ ਅਹੂਤੀਆਂ ਦੇ ਕੇ ਲੋਕ-ਕਲਿਆਣ ਦੀ ਕਾਮਨਾ ਕੀਤੀ। ਇਸ ਤੋਂ ਬਾਅਦ ਸੁਸਾਇਟੀ ਦੀਆਂ ਕੀਰਤਨ ਮੰਡਲੀਆਂ ਵੱਲੋਂ ਭਜਨ ਤੇ ਕੀਰਤਨ ਦਾ ਵਿਸ਼ਾਲ ਪ੍ਰੋਗਰਾਮ ਕਰਵਾਇਆ ਗਿਆ। ‘ਰਾਧੇ-ਰਾਧੇ’ ਅਤੇ ‘ਹਰੇ ਕ੍ਰਿਸ਼ਨਾ’ ਦੇ ਜਪ ਨਾਲ ਸਾਰਾ ਮੰਦਰ ਕੰਪਲੈਕਸ ਗੂੰਜ ਉੱਠਿਆ। ਭਗਤਾਂ ਨੇ ਭਜਨਾਂ ’ਤੇ ਨਾਚ-ਗਾਨ ਕਰਦੇ ਹੋਏ ਰਾਧਾ-ਕ੍ਰਿਸ਼ਨ ਜੀ ਦੀ ਮਹਿਮਾ ਗਾਇਨ ਕੀਤੀ, ਜਿਸ ਨਾਲ ਮਾਹੌਲ ਪੂਰੀ ਤਰ੍ਹਾਂ ਭਗਤੀਮਈ ਬਣ ਗਿਆ। ਮੰਦਰ ਕਮੇਟੀ ਦੇ ਚੇਅਰਮੈਨ ਅਤੇ ਮੈਂਬਰਾਂ ਨੇ ਦੱਸਿਆ ਕਿ ਸਥਾਪਨਾ ਦਿਵਸ ਦਾ ਮਕਸਦ ਸੰਗਤ ਨੂੰ ਧਰਮ, ਸੇਵਾ ਅਤੇ ਸਾਂਝ ਦੇ ਸੂਤਰ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਮੰਦਰ ਲਗਾਤਾਰ ਸਮਾਜਿਕ ਤੇ ਆਧਿਆਤਮਿਕ ਕਾਰਜਾਂ ਰਾਹੀਂ ਇਲਾਕੇ ਵਿਚ ਸਾਂਝ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਆ ਰਿਹਾ ਹੈ। ਸਮਾਗਮ ਦੇ ਅਖੀਰ ਵਿਚ ਅਤੁੱਟ ਲੰਗਰ ਦੀ ਸੇਵਾ ਲਾਈ ਗਈ, ਜਿਸ ਵਿਚ ਵੱਡੀ ਗਿਣਤੀ ’ਚ ਸੰਗਤ ਨੇ ਹਿੱਸਾ ਲਿਆ। ਸੇਵਾਦਾਰਾਂ ਵੱਲੋਂ ਪੂਰੀ ਨਿਸ਼ਕਾਮਤਾ ਨਾਲ ਸੇਵਾ ਨਿਭਾਈ ਗਈ। ਸਥਾਨਕ ਵਾਸੀਆਂ ਨੇ ਮੰਦਰ ਕਮੇਟੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਸਮਾਜ ਵਿਚ ਸ਼ਾਂਤੀ, ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।