ਮੁੱਖ ਮੰਤਰੀ ਤੀਰਥ ਯਾਤਰਾ ਤਹਿਤ 8ਵੀਂ ਬੱਸ ਰਵਾਨਾ
ਮੁੱਖ ਮੰਤਰੀ ਤੀਰਥ ਯਾਤਰਾ ਤਹਿਤ 8ਵੀਂ ਬੱਸ ਰਵਾਨਾ;
Publish Date: Sun, 01 Mar 2026 05:34 PM (IST)
Updated Date: Sun, 01 Mar 2026 05:34 PM (IST)

ਸੰਗਤ ਵਜੋਂ ਤੀਰਥ ਯਾਤਰਾ ਨਾਲ ਵਧਦੀ ਹੈ ਭਾਈਚਾਰਕ ਸਾਂਝ : ਵਿਧਾਇਕ ਕੁਲਵੰਤ ਸਿੰਘ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਮੁਹਾਲੀ ਹਲਕੇ ਤੋਂ ਐਤਵਾਰ ਨੂੰ ਅੱਠਵੀਂ ਬੱਸ ਰਵਾਨਾ ਕੀਤੀ ਗਈ। ਕੁੰਬੜਾ ਦੇ ਕੌਂਸਲਰ ਰਵਿੰਦਰ ਬਿੰਦਰਾ ਦੇ ਯਤਨਾਂ ਸਦਕਾ ਭੇਜੀ ਜਾ ਰਹੀ ਇਸ ਬੱਸ ਨੂੰ ਐੱਸਏਐੱਸ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਦੇ ਚਿਹਰਿਆਂ ’ਤੇ ਦਿਖਾਈ ਦੇ ਰਹੀ ਖ਼ੁਸ਼ੀ ਅਤੇ ਆਤਮਿਕ ਅਨੰਦ ਵੇਖਿਆਂ ਹੀ ਬਣਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਲੋਕਾਂ ਕੋਲ ਜ਼ਰੂਰੀ ਸਹੂਲਤਾਂ ਮੌਜੂਦ ਹੁੰਦੀਆਂ ਹਨ, ਪਰ ਇਕੱਲੇ ਤੀਰਥ ਯਾਤਰਾ ਕਰਨਾ ਸੰਭਵ ਨਹੀਂ ਹੁੰਦਾ। ਸੰਗਤੀ ਰੂਪ ’ਚ ਜਾਣ ਦਾ ਮੌਕਾ ਇਸ ਯੋਜਨਾ ਰਾਹੀਂ ਹੀ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਯਾਤਰੀਆਂ ਵੱਲੋਂ ਖ਼ੁਦ ਇਸ ਗੱਲ ਦਾ ਪ੍ਰਗਟਾਵਾ ਜਜ਼ਬਾਤੀ ਹੋ ਕੇ ਕੀਤਾ ਗਿਆ ਹੈ। ਤਿੰਨ ਦਿਨ ਅਤੇ ਦੋ ਰਾਤਾਂ ਦੀ ਇਸ ਯਾਤਰਾ ਦੌਰਾਨ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਜਲ੍ਹਿਆਂਵਾਲਾ ਬਾਗ਼, ਭਗਵਾਨ ਵਾਲਮੀਕਿ ਤੀਰਥ ਸਥਲ ਤੇ ਵਾਹਘਾ ਬਾਰਡਰ ਜਾਣਗੇ। ਵਿਧਾਇਕ ਨੇ ਕਿਹਾ ਕਿ ਵਾਹਘਾ ਸਰਹੱਦ ’ਤੇ ਯਾਤਰੀ ਦੇਖਣਗੇ ਕਿ ਕਿਸ ਤਰ੍ਹਾਂ ਭਾਰਤੀ ਫ਼ੌਜ ਦੇ ਜਵਾਨ 24 ਘੰਟੇ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੇ ਹਨ, ਜਿਸ ਕਰਕੇ ਅਸੀਂ ਸਾਰੇ ਚੈਨ ਨਾਲ ਜੀਵਨ ਬਤੀਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਧੀਆ ਕਦਮ ਹੈ, ਜਿਸ ਨਾਲ ਲੋਕਾਂ ਵਿਚਕਾਰ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ। ਸੰਗਤ ਇਕੱਠੇ ਭਜਨ-ਬੰਦਗੀ ਕਰਦੇ ਹੋਏ ਜਾਂਦੀ ਅਤੇ ਵਾਪਸ ਆਉਂਦੀ ਹੈ, ਸਫ਼ਰ ਦੌਰਾਨ ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ਅਤੇ ਸਭ ਇਕ ਪਰਿਵਾਰ ਵਾਂਗ ਘਰਾਂ ਨੂੰ ਪਰਤਦੇ ਹਨ। ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ 6 ਮਾਰਚ ਤੋਂ ਬਜਟ ਸੈਸ਼ਨ ਸ਼ੁਰੂ ਹੋਵੇਗਾ ਅਤੇ 10 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਉਮੀਦ ਜਤਾਈ ਕਿ ਪੰਜਾਬ ਦੀਆਂ ਮਹਿਲਾਵਾਂ ਲਈ ਹਰ ਮਹੀਨੇ 1000 ਰੁਪਏ ਦੀ ਯੋਜਨਾ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ। ਇਸ ਮੌਕੇ ਕੁਲਦੀਪ ਸਿੰਘ ਸਮਾਣਾ, ਕੌਂਸਲਰ ਰਵਿੰਦਰ ਬਿੰਦਰਾ, ਸਾਬਕਾ ਕੌਂਸਲਰ ਰਜਿੰਦਰ ਪ੍ਰਸਾਦ ਸ਼ਰਮਾ, ਡਾ. ਕੁਲਦੀਪ ਸਿੰਘ, ਜਸਪਾਲ ਸਿੰਘ ਮਟੌਰ, ਜਗਤਾਰ ਸਿੰਘ, ਦਲਵੀਰ ਸਿੰਘ, ਬਲਵੀਰ ਸਿੰਘ, ਲੱਕੀ, ਮਹਿੰਦਰ ਸਿੰਘ, ਹਰਦੀਪ ਸਿੰਘ ਭੰਗੂ, ਰੋਹਿਤ, ਅਮਰਜੀਤ ਕੁਮਾਰ, ਨਿਰੰਜਨ ਸਿੰਘ ਅਤੇ ਰਣਜੀਤ ਸਿੰਘ ਹਾਜ਼ਰ ਸਨ।