ਕਮਲਾ ਰਾਣੀ ਤੇ ਕ੍ਰਿਸ਼ਨਾ ਸੰਗਰ ਨੇ ਦਿੱਤੀ 4 ਲੋਕਾਂ ਨੂੰ ਰੌਸ਼ਨੀ
68 ਸਾਲਾ ਦੀ ਕਮਲਾ ਰਾਣੀ ਅਤੇ 85 ਸਾਲਾ ਦੀ ਕ੍ਰਿਸ਼ਨਾ ਸੰਗਰ ਨੇ ਦਿੱਤੀ 4 ਲੋਕਾਂ ਨੂੰ ਰੌਸ਼ਨੀ
Publish Date: Fri, 30 Jan 2026 05:35 PM (IST)
Updated Date: Fri, 30 Jan 2026 05:37 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਭਾਰਤ ਵਿਕਾਸ ਪਰਿਸ਼ਦ ਵਿਵੇਕਾਨੰਦ ਸ਼ਾਖਾ ਵੱਲੋਂ ਹਨੇਰੇ ਤੋਂ ਉਜਾਲੇ ਵੱਲ ਮੁਹਿੰਮ ਅਧੀਨ ਦੋ ਲੋਕਾਂ ਦੀ ਮਰਨ ਉਪਰੰਤ ਅੱਖਾਂ ਦਾਨ ਕਰਵਾ ਕੇ 4 ਲੋਕਾਂ ਦੇ ਹਨੇਰੇ ਜੀਵਨ ਵਿਚ ਰੌਸ਼ਨੀ ਪਾ ਦਿੱਤੀ ਹੈ। ਭਾਰਤ ਵਿਕਾਸ ਪਰਿਸ਼ਦ ਦੇ ਉਪ ਪ੍ਰਧਾਨ ਨਿਤਿਨ ਜਿੰਦਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾਂ ਏਟੀਐੱਸ ਨਿਵਾਸੀ ਸ਼੍ਰੀਮਤੀ ਕਮਲਾ ਪਤਨੀ ਡਾ. ਬਰਖਾ ਰਾਮ ਵੱਲੋਂ ਮਰਨ ਉਪਰੰਤ ਅੱਖਾਂ ਦਾਨ ਕੀਤੀਆਂ ਗਈਆਂ। ਦੂਜੀ 85 ਸਾਲਾ ਦੀ ਕ੍ਰਿਸ਼ਨਾ ਸੰਗਰ ਨਿਵਾਸੀ ਏਟੀਐੱਸ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ। ਇਹ ਸਾਰੀ ਪ੍ਰਕਿਰਿਆ ਪੀਜੀਆਈ ਤੋਂ ਆਈ ਡਾਕਟਰਾਂ ਦੀ ਟੀਮ ਵੱਲੋਂ ਕੀਤੀ ਗਈ। ਇਹ ਵੀ ਇਕ ਇੱਤਿਫ਼ਾਕ ਰਿਹਾ ਕਿ ਮਰਨ ਵਾਲੀਆਂ ਦੋਵੇਂ ਔਰਤਾਂ ਇਕੋ ਟਾਵਰ ਵਿਚ ਰਹਿੰਦੀਆਂ ਸਨ ਅਤੇ ਉਨ੍ਹਾਂ ਦੀ ਮੌਤ ਵੀ 10 ਮਿੰਟਾਂ ਦੇ ਅੰਤਰਾਲ ਵਿਚ ਹੋਈ ਅਤੇ ਦੋਵੇਂ ਬਹੁਤ ਚੰਗੀਆਂ ਸਹੇਲੀਆਂ ਸਨ। ਸ਼੍ਰੀਮਤੀ ਕਮਲਾ ਰਾਣੀ ਦੇ ਪਤੀ ਡਾ. ਬਰਖਾ ਰਾਮ ਡੇਰਾਬੱਸੀ ਦੇ ਇਕ ਜਾਣੇ-ਪਛਾਣੇ ਸਮਾਜਸੇਵੀ ਹਨ ਅਤੇ ਵਰਤਮਾਨ ਵਿਚ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਹਨ। ਨਿਤਿਨ ਜਿੰਦਲ ਨੇ ਦੱਸਿਆ ਕਿ ਪਰਿਸ਼ਦ ਹੁਣ ਤੱਕ 11 ਲੋਕਾਂ ਦੀਆਂ ਅੱਖਾਂ ਦਾਨ ਕਰਵਾ ਚੁੱਕੀ ਹੈ, ਜਿਸ ਨਾਲ 22 ਨੇਤਰਹੀਣ ਲੋਕਾਂ ਦੇ ਜੀਵਨ ਵਿਚ ਅੱਖਾਂ ਦੀ ਰੌਸ਼ਨੀ ਆ ਸਕੀ ਹੈ। ਦੋਵੇਂ ਔਰਤਾਂ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਰਾਮ ਬਾਗ ਵਿਚ ਕੀਤਾ ਗਿਆ, ਜਿਸ ਵਿਚ ਕਾਫ਼ੀ ਗਿਣਤੀ ’ਚ ਰਾਜਨੀਤਿਕ, ਧਾਰਮਿਕ, ਸਮਾਜਿਕ ਲੋਕਾਂ ਤੋਂ ਇਲਾਵਾ ਡੇਰਾਬੱਸੀ ਸ਼ਹਿਰ ਦੇ ਲੋਕ ਸ਼ਾਮਲ ਹੋਏ।