ਕੁੜਾਵਾਲਾ ’ਚ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ
ਪਿੰਡ ਕੁੜਾਵਾਲਾ ਵਿਚ 27 ਸਾਲਾ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ
Publish Date: Mon, 16 Mar 2026 06:53 PM (IST)
Updated Date: Mon, 16 Mar 2026 06:55 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ-ਬਰਵਾਲਾ ਰੋਡ ’ਤੇ ਸਥਿਤ ਪਿੰਡ ਕੁੜਾਵਾਲਾ ਵਿਚ ਇਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ 27 ਸਾਲਾ ਵਿਆਹੁਤਾ ਔਰਤ ਵੱਲੋਂ ਕਥਿਤ ਤੌਰ ’ਤੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਸਆਈ ਦਿਲਬਾਗ ਸਿੰਘ ਅਨੁਸਾਰ ਮ੍ਰਿਤਕਾ ਦੀ ਪਛਾਣ ਜਹੀਰਾ (27) ਪਤਨੀ ਸੀਬੂ ਪੁੱਤਰੀ ਇਸਖਾਰ ਕੁਰੈਸ਼ੀ ਵਾਸੀ ਪਿੰਡ ਬੀਬੀਪੁਰ ਜ਼ਿਲ੍ਹਾ ਕਾਨਪੁਰ ਯੂਪੀ ਹਾਲ ਵਾਸੀ ਕਿਰਾਏਦਾਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਕੁੜਾਵਾਲਾ ਡੇਰਾਬੱਸੀ ਵਜੋਂ ਹੋਈ ਹੈ, ਜੋ ਪਿੰਡ ਕੁੜਾਵਾਲਾ ਵਿਚ ਰਹਿ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਘਰ ਦੇ ਅੰਦਰ ਹੀ ਫਾਹਾ ਲਾ ਕੇ ਖ਼ੁਦਕੁਸ਼ੀ ਕੀਤੀ। ਪੁਲਿਸ ਅਨੁਸਾਰ ਮ੍ਰਿਤਕਾ ਦਾ ਪਤੀ ਉਸ ਦੀ ਅਕਸਰ ਕੁੱਟਮਾਰ ਕਰਦਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਮੌਕੇ ’ਤੇ ਪਹੁੰਚੇ ਏਐੱਸਆਈ ਦਿਲਬਾਗ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮ੍ਰਿਤਕਾ ਦੇ ਭਰਾ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤਾਂ ਜੋ ਖ਼ੁਦਕੁਸ਼ੀ ਦੇ ਅਸਲ ਕਾਰਨਾਂ ਦਾ ਪਤਾ ਲਾਇਆ ਜਾ ਸਕੇ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਔਰਤ ਨੇ ਇਹ ਖ਼ੌਫ਼ਨਾਕ ਕਦਮ ਕਿਉਂ ਚੁੱਕਿਆ। ਪੁਲਿਸ ਅਨੁਸਾਰ ਪੋਸਟਮਾਰਟਮ ਦੀ ਰਿਪੋਰਟ ਅਤੇ ਪਰਿਵਾਰਕ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।