ਚੌਕੀਦਾਰ ਦੇ ਕਤਲ ਮਾਮਲੇ ’ਚ 24 ਸਾਲਾਂ ਤੋਂ ਭਗੌੜਾ ਗ੍ਰਿਫ਼ਤਾਰ
ਚੌਕੀਦਾਰ ਦੇ ਕਤਲ ਮਾਮਲੇ ’ਚ 24 ਸਾਲਾ ਤੋਂ ਭਗੌੜਾ ਗ੍ਰਿਫ਼ਤਾਰ
Publish Date: Fri, 20 Feb 2026 07:57 PM (IST)
Updated Date: Fri, 20 Feb 2026 08:00 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਭਗੌੜੇ ਅਪਰਾਧੀਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ 24 ਸਾਲਾਂ ਤੋਂ ਫ਼ਰਾਰ ਦੋਸ਼ੀ ਸਰਵਣ ਕੁਮਾਰ ਨੂੰ ਗ੍ਰਿਫ਼ਤਾਰ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਐੱਸਐੱਸਪੀ ਮੁਹਾਲੀ ਹਰਮਨਦੀਪ ਸਿੰਘ ਹਾਂਸ ਵੱਲੋਂ ਪੀਓ ਸਟਾਫ਼ ਗਠਿਤ ਕਰ ਕੇ ਭਗੌੜਿਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਟਾਸਕ ਦਿੱਤਾ ਗਿਆ ਹੈ। ਇਨ੍ਹਾਂ ਯਤਨਾਂ ਤਹਿਤ ਇੰਚਾਰਜ ਪੀਓ ਸਟਾਫ਼ ਐੱਸਆਈ ਬਲਵਿੰਦਰ ਸਿੰਘ ਸਮੇਤ ਪੁਲਿਸ ਟੀਮ ਵੱਲੋਂ ਦੋਸ਼ੀ/ਪੀਓ ਸਰਵਣ ਕੁਮਾਰ ਪੁੱਤਰ ਹਨੂੰਮਾਨ ਸਿੰਘ ਵਾਸੀ ਪਿੰਡ ਭਿਰਡਾਨਾ, ਜ਼ਿਲ੍ਹਾ ਫਤਿਹਾਬਾਦ (ਹਰਿਆਣਾ) ਨੂੰ ਉਸਦੇ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਕਤ ਦੋਸ਼ੀ ਨੂੰ ਧਾਰਾ 82, 83 ਸੀਆਰਪੀਸੀ ਤਹਿਤ 16 ਅਗਸਤ 2003 ਤੋਂ ਭਗੌੜਾ ਘੋਸ਼ਿਤ ਕੀਤਾ ਗਿਆ ਸੀ। ਉਸਦੇ ਖ਼ਿਲਾਫ਼ ਮੁਕੱਦਮਾ ਨੰਬਰ 153 ਮਿਤੀ 06 ਮਈ 2002 ਅਧੀਨ ਧਾਰਾ 460 ਆਈਪੀਸੀ ਥਾਣਾ ਫੇਜ਼-1, ਮੁਹਾਲੀ ਵਿਖੇ ਦਰਜ ਹੈ। ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਦੋਸ਼ੀ ਨੇ 7 ਤੇ 8 ਮਈ 2003 ਦੀ ਦਰਮਿਆਨੀ ਰਾਤ ਨੂੰ ਮੈਸ: ਸਨਟਾਈਮ ਏਜੰਸੀ, ਸੀ-123 ਇੰਡਸਟਰੀਅਲ ਏਰੀਆ ਫੇਜ਼-8, ਮੁਹਾਲੀ ਵਿਚ ਫੈਕਟਰੀ ਦਾ ਸ਼ੀਸ਼ਾ ਤੋੜ ਕੇ ਅੰਦਰ ਦਾਖ਼ਲ ਹੋ ਕੇ ਚੌਕੀਦਾਰ ਦੀਨਾ ਨਾਥ (ਵਾਸੀ ਪਿੰਡ ਬਹਾਲਤ, ਜ਼ਿਲ੍ਹਾ ਪੌੜੀ ਗੜਵਾਲ, ਉਤਰਾਖੰਡ) ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਪਹਿਲਾਂ ਉਕਤ ਫੈਕਟਰੀ ਵਿਚ ਚੌਕੀਦਾਰ ਵਜੋਂ ਕੰਮ ਕਰਦਾ ਸੀ ਅਤੇ ਗਾਂਵਾਂ ਲਈ ਚਾਰਾ ਲਿਆਉਂਦਾ ਸੀ। ਮ੍ਰਿਤਕ ਦੀਨਾ ਨਾਥ ਨੇ ਮਾਲਕਾਂ ਨੂੰ ਦੋਸ਼ੀ ਵੱਲੋਂ ਪੈਸਿਆਂ ਦੀ ਹੇਰਾਫੇਰੀ ਅਤੇ ਚੋਰੀ ਬਾਰੇ ਜਾਣਕਾਰੀ ਦਿੱਤੀ ਸੀ, ਜਿਸ ਕਾਰਨ ਦੋਸ਼ੀ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇਸ ਰੰਜਿਸ਼ ਦੇ ਚਲਦਿਆਂ ਦੋਸ਼ੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਕਤਲ ਤੋਂ ਬਾਅਦ ਦੋਸ਼ੀ ਨੇ ਫੈਕਟਰੀ ਦੀ ਤਲਾਸ਼ੀ ਲੈ ਕੇ 550 ਰੁਪਏ ਅਤੇ ਮ੍ਰਿਤਕ ਦੇ ਸਿਰਹਾਣੇ ਹੇਠੋਂ 1500 ਰੁਪਏ ਚੁੱਕ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਦੋਸ਼ੀ ਹਰਿਆਣਾ ਵਿਚ ਥਾਂ ਬਦਲਦਾ ਰਿਹਾ ਅਤੇ ਗੁੜਗਾਂਵ ਵਿਚ ਪੇਂਟਿੰਗ ਦਾ ਕੰਮ ਕਰਦਾ ਸੀ। ਹਾਲ ਹੀ ਵਿਚ ਉਹ ਆਪਣੇ ਪਿੰਡ ਭਿਰਡਾਨਾ ਆਇਆ ਹੋਇਆ ਸੀ, ਜਿੱਥੋਂ ਉਸ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਅਗਲੀ ਪੁੱਛਗਿੱਛ ਜਾਰੀ ਹੈ। ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਭਗੌੜੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਕਾਨੂੰਨ ਤੋਂ ਭੱਜਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।