ਮੁਹਾਲੀ ਪਿੰਡ ਦੇ ਸਰਬਪੱਖੀ ਵਿਕਾਸ ਲਈ 20 ਕਰੋੜ ਦੀ ਲੋੜ: ਮੇਅਰ ਸਿੱਧੂ
ਮੁਹਾਲੀ ਪਿੰਡ ਦੇ ਸਰਬਪੱਖੀ ਵਿਕਾਸ ਲਈ 20 ਕਰੋੜ ਦੀ ਲੋੜ: ਮੇਅਰ ਜੀਤੀ ਸਿੱਧੂ
Publish Date: Thu, 02 Apr 2026 05:39 PM (IST)
Updated Date: Thu, 02 Apr 2026 05:43 PM (IST)

ਜੀਤੀ ਸਿੱਧੂ ਨੇ ਐਂਟਰੀ ਗੇਟ ਦਾ ਕੀਤਾ ਉਦਘਾਟਨ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਵੀਰਵਾਰ ਨੂੰ ਮੁਹਾਲੀ ਪਿੰਡ ਦੇ ਯਾਦਗਾਰੀ ਐਂਟਰੀ ਗੇਟ ਦਾ ਰਸਮੀ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਪਿੰਡ ਦੀ ਕੌਂਸਲਰ ਹਰਵਿੰਦਰ ਕੌਰ ਅਤੇ ਨੰਬਰਦਾਰ ਨਛੱਤਰ ਸਿੰਘ ਨੇ ਮੇਅਰ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਿੰਡ ਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਪਿੰਡ ਦੇ ਸਰਬਪੱਖੀ ਵਿਕਾਸ ਲਈ 20 ਕਰੋੜ ਰੁਪਏ ਦੇ ਫੰਡਾਂ ਦੀ ਲੋੜ ਹੈ ਤਾਂ ਜੋ ਪਿੰਡ ਵਾਸੀਆਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਰੋਕਾਂ ਅਤੇ ਦਿੱਕਤਾਂ ਦੇ ਬਾਵਜੂਦ ਉਨ੍ਹਾਂ ਨੇ ਵਿਕਾਸ ਕੰਮ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਪਿੰਡ ਵਾਸੀਆਂ ਦੀ ਸਹੂਲਤ ਲਈ ਨਗਰ ਨਿਗਮ ਵੱਲੋਂ ਪਾਣੀ ਦੀ ਸਪਲਾਈ ਲਈ ਬੂਸਟਰ ਲਾਇਆ ਗਿਆ ਹੈ ਅਤੇ ਧਰਮਸ਼ਾਲਾ ਬਣਾਈ ਗਈ ਹੈ। ਮੇਅਰ ਨੇ ਕਿਹਾ ਕਿ ਮੁਹਾਲੀ ਵਿਚ ਜ਼ਿਆਦਾਤਰ ਲੋਕ ਬਾਹਰੋਂ ਆ ਕੇ ਵਸੇ ਹਨ। ਜਿਨ੍ਹਾਂ ’ਚੋਂ ਵੱਡੀ ਗਿਣਤੀ ਲੋਕ ਮੁਹਾਲੀ ਦੀ ਭੂਗੋਲਿਕ ਸਥਿਤੀ ਤੋਂ ਅਣਜਾਣ ਹਨ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਮੁਹਾਲੀ ਪਿੰਡ ਵਿਚ ਸੀਵਰੇਜ, ਬਿਜਲੀ ਪਾਣੀ ਅਤੇ ਗਲੀ ਨਾਲੀਆਂ ਦੇ ਹੋਣ ਵਾਲੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣਗੇ। ਉਨ੍ਹਾਂ ਮੰਨਿਆਂ ਕਿ ਸਿਆਸੀ ਖਿੱਛੋਤਾਣ ਅਤੇ ਦਖ਼ਲਅੰਦਾਜ਼ੀ ਕਾਰਨ ਸ਼ਹਿਰ ਦੇ ਵਿਕਾਸ ਕੰਮਾਂ ਵਿਚ ਦਿੱਕਤਾਂ ਪੇਸ਼ ਆਈਆਂ ਹਨ ਪ੍ਰੰਤੂ ਮੁਹਾਲੀ ਦੇ ਲੋਕ ਬਹੁਤ ਸਿਆਣੇ ਹਨ ਅਤੇ ਉਹ ਇਸ ਗੱਲ ਤੋਂ ਭਲੀਭਾਂਤ ਜਾਣੂ ਹਨ ਕਿ ਵਿਕਾਸ ਕੌਣ ਕਰਵਾ ਰਿਹਾ ਹੈ। ਇਸ ਮੌਕੇ ਕੌਂਸਲਰ ਰਵਿੰਦਰ ਸਿੰਘ ਪੰਜਾਬ ਮੋਟਰ ਵਾਲੇ, ਕਮਲਪ੍ਰੀਤ ਸਿੰਘ ਬਨੀ, ਸਮਾਜ ਸੇਵੀ ਗੁਰਸਾਹਿਬ ਸਿੰਘ, ਲਖਵੀਰ ਸਿੰਘ, ਦਰਸ਼ਨ ਸਿੰਘ, ਗੁਰਿੰਦਰ ਸਿੰਘ ਸੋਹਣਾ, ਨੰਬਰਦਾਰ ਸਰਬਜੀਤ ਸਿੰਘ, ਰਾਮ ਸਿੰਘ, ਸੰਜੇ ਰਾਣਾ, ਮੇਜਰ ਸਿੰਘ, ਹਰਬੰਸ ਕੌਰ, ਮਨਜੀਤ ਕੌਰ, ਬਲਜੀਤ ਕੌਰ ਅਤੇ ਗੁਰਿੰਦਰ ਸਿੰਘ ਆਦਿ ਪਤਵੰਤੇ ਹਾਜ਼ਰ ਸਨ।