ਮਹਿਲਾ ਹਾਕੀ ਚੈਂਪੀਅਨਸ਼ਿਪ: ਪੰਜਾਬੀ ਯੂਨੀਵਰਸਿਟੀ ਦੀਆਂ ਧੀਆਂ ਅੱਗੇ ਨਹੀਂ ਟਿਕ ਸਕੀ CBLU ਭਿਵਾਨੀ ਦੀ ਟੀਮ, 7 ਗੋਲਾਂ ਨਾਲ ਮਾਰਿਆ ਮੋਰਚਾ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਅਗਵਾਈ ਹੇਠ ਡੀਏਵੀ ਕਾਲਜ ਹਾਕੀ ਸਟੇਡੀਅਮ ਵਿਖੇ ਹੋਈ ਉੱਤਰੀ ਜ਼ੋਨ ਅੰਤਰ-ਯੂਨੀਵਰਸਿਟੀ ਮਹਿਲਾ ਹਾਕੀ ਚੈਂਪੀਅਨਸ਼ਿਪ 2025-26 ਦਾ ਦੂਜਾ ਦਿਨ ਵੀ ਬਹੁਤ ਰੋਮਾਂਚਕ ਰਿਹਾ। ਕੜਾਕੇ ਦੀ ਠੰਢ ਦੇ ਬਾਵਜੂਦ, ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
Publish Date: Fri, 16 Jan 2026 10:46 AM (IST)
Updated Date: Fri, 16 Jan 2026 10:47 AM (IST)

ਜਾਗਰਣ ਪੱਤਰਕਾਰ, ਬਠਿੰਡਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਅਗਵਾਈ ਹੇਠ ਡੀਏਵੀ ਕਾਲਜ ਹਾਕੀ ਸਟੇਡੀਅਮ ਵਿਖੇ ਹੋਈ ਉੱਤਰੀ ਜ਼ੋਨ ਅੰਤਰ-ਯੂਨੀਵਰਸਿਟੀ ਮਹਿਲਾ ਹਾਕੀ ਚੈਂਪੀਅਨਸ਼ਿਪ 2025-26 ਦਾ ਦੂਜਾ ਦਿਨ ਵੀ ਬਹੁਤ ਰੋਮਾਂਚਕ ਰਿਹਾ। ਕੜਾਕੇ ਦੀ ਠੰਢ ਦੇ ਬਾਵਜੂਦ, ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਬਠਿੰਡਾ ਦੇ ਮੇਅਰ ਪਦਮਜੀਤ ਮਹਿਤਾ, ਡੀਏਵੀ ਕਾਲਜ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਰਘੁਬੀਰ ਸਿੰਘ ਬੀਰਾ ਤੁੰਗਵਾਲੀ, ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀਈਓ) ਮਮਤਾ ਖੁਰਾਨਾ ਸੇਠੀ ਤੇ ਡੀਐੱਸਪੀ ਜਸਬੀਰ ਸਿੰਘ ਗਿੱਲ ਮੌਜੂਦ ਸਨ।
ਦੂਜੇ ਦਿਨ ਦੇ ਮੈਚਾਂ ’ਚ, ਸੀਸੀਐੱਸ ਯੂਨੀਵਰਸਿਟੀ, ਮੇਰਠ ਨੇ ਦਿੱਲੀ ਯੂਨੀਵਰਸਿਟੀ ਨੂੰ 3-0 ਨਾਲ ਹਰਾਇਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਡਾ. ਬੀਆਰ ਅੰਬੇਡਕਰ ਯੂਨੀਵਰਸਿਟੀ, ਆਗਰਾ ਨੂੰ 12-0 ਨਾਲ ਹਰਾਇਆ। ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਨੇ ਆਰਐਮਐਲਏਯੂ, ਅਯੁੱਧਿਆ ਨੂੰ 6-0 ਨਾਲ ਹਰਾਇਆ।
ਗੁਰੂ ਜੰਭੇਸ਼ਵਰ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ (ਜੀਜੇਯੂਐੱਸਟੀ), ਹਿਸਾਰ ਨੇ ਸਪੋਰਟਸ ਯੂਨੀਵਰਸਿਟੀ ਹਰਿਆਣਾ ਨੂੰ 3-0 ਨਾਲ ਹਰਾਇਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸੀਬੀਐੱਲਯੂ ਭਿਵਾਨੀ ਨੂੰ 7-0 ਨਾਲ ਹਰਾਇਆ। ਸੀਸੀਐੱਸ ਯੂਨੀਵਰਸਿਟੀ, ਮੇਰਠ ਨੇ ਐੱਚਐੱਨਬੀ ਗੜ੍ਹਵਾਲ ਯੂਨੀਵਰਸਿਟੀ, ਸ੍ਰੀਨਗਰ ਨੂੰ 4-0 ਨਾਲ ਹਰਾਇਆ।