ਕਾਤਲ ਦਾ ਖ਼ੌਫ਼ਨਾਕ ਇਕਬਾਲ: 90 ਦਿਨਾਂ ਦੀ ਰੇਕੀ ਤੇ 15 ਮਿੰਟ ਦਾ ਮੌਤ ਦਾ ਤਾਂਡਵ; ਅੰਮ੍ਰਿਤਪਾਲ ਮਹਿਰੋਂ ਨੇ ਇੰਝ ਵਿਛਾਇਆ ਸੀ ਕਮਲ ਕੌਰ ਲਈ ਜਾਲ
ਲੁਧਿਆਣਾ ਦੀ ਇੰਟਰਨੈੱਟ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਕਤਲ ਕਾਂਡ ਦਾ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਅਜਿਹੇ ਪਹਿਲੂ ਸਾਹਮਣੇ ਆਏ ਹਨ, ਜੋ ਇਸ ਪੂਰੇ ਅਪਰਾਧ ਨੂੰ ਹੋਰ ਵੀ ਭਿਆਨਕ ਬਣਾ ਦਿੰਦੇ ਹਨ। ਇਹ ਸਿਰਫ਼ ਇੱਕ ਕਤਲ ਨਹੀਂ ਸੀ, ਸਗੋਂ ਮਹੀਨਿਆਂ ਤੱਕ ਰਚੀ ਗਈ ਇੱਕ ਸੋਚੀ-ਸਮਝੀ ਸਾਜ਼ਿਸ਼ ਸੀ, ਜਿਸ ਵਿੱਚ ਧੋਖਾ, ਲਾਲਚ ਅਤੇ ਬੇਰਹਿਮੀ ਦਾ ਖ਼ਤਰਨਾਕ ਮਿਸ਼ਰਣ ਦਿਖਾਈ ਦਿੰਦਾ ਹੈ।
Publish Date: Sat, 11 Apr 2026 10:19 AM (IST)
Updated Date: Sat, 11 Apr 2026 10:20 AM (IST)

ਜਾਗਰਣ ਸੰਵਾਦਦਾਤਾ, ਬਠਿੰਡਾ: ਲੁਧਿਆਣਾ ਦੀ ਇੰਟਰਨੈੱਟ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਕਤਲ ਕਾਂਡ ਦਾ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਅਜਿਹੇ ਪਹਿਲੂ ਸਾਹਮਣੇ ਆਏ ਹਨ, ਜੋ ਇਸ ਪੂਰੇ ਅਪਰਾਧ ਨੂੰ ਹੋਰ ਵੀ ਭਿਆਨਕ ਬਣਾ ਦਿੰਦੇ ਹਨ। ਇਹ ਸਿਰਫ਼ ਇੱਕ ਕਤਲ ਨਹੀਂ ਸੀ, ਸਗੋਂ ਮਹੀਨਿਆਂ ਤੱਕ ਰਚੀ ਗਈ ਇੱਕ ਸੋਚੀ-ਸਮਝੀ ਸਾਜ਼ਿਸ਼ ਸੀ, ਜਿਸ ਵਿੱਚ ਧੋਖਾ, ਲਾਲਚ ਅਤੇ ਬੇਰਹਿਮੀ ਦਾ ਖ਼ਤਰਨਾਕ ਮਿਸ਼ਰਣ ਦਿਖਾਈ ਦਿੰਦਾ ਹੈ।
ਪੁਲਿਸ ਜਾਂਚ ਵਿੱਚ ਇਹ ਸਾਫ਼ ਹੋ ਚੁੱਕਾ ਹੈ ਕਿ ਇਹ ਕਤਲ ਅਚਾਨਕ ਨਹੀਂ ਹੋਇਆ ਸੀ। ਮੁਲਜ਼ਮ ਅੰਮ੍ਰਿਤਪਾਲ ਪਿਛਲੇ ਤਿੰਨ ਮਹੀਨਿਆਂ ਤੋਂ ਕੰਚਨ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖ ਰਿਹਾ ਸੀ। ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੰਚਨ ਦੇ ਘਰ, ਉਸ ਦੀ ਦਿਨਚਰਿਆ ਅਤੇ ਉਸ ਦੇ ਸੰਪਰਕਾਂ ਦੀ ਪੂਰੀ ਜਾਣਕਾਰੀ ਇਕੱਠੀ ਕੀਤੀ। ਉਹ ਕਈ ਦਿਨਾਂ ਤੱਕ ਉਸ ਦੇ ਘਰ ਦੇ ਆਲੇ-ਦੁਆਲੇ ਠਹਿਰਦੇ ਰਹੇ ਅਤੇ ਉਸ ਦੀਆਂ ਹਰਕਤਾਂ ਦਾ ਬਾਰੀਕੀ ਨਾਲ ਅਧਿਐਨ ਕਰਦੇ ਰਹੇ।
ਸਾਜ਼ਿਸ਼ ਅਤੇ ਧੋਖਾ
ਕਤਲ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਅੰਮ੍ਰਿਤਪਾਲ ਨੇ ਬੇਹੱਦ ਚਲਾਕੀ ਨਾਲ ਇੱਕ ਝੂਠੀ ਕਹਾਣੀ ਘੜੀ। ਉਸ ਨੇ ਕੰਚਨ ਨੂੰ ਕਾਰ ਸ਼ੋਰੂਮ ਦੀ ਪ੍ਰਮੋਸ਼ਨ ਦਾ ਲਾਲਚ ਦਿੱਤਾ। ਪਹਿਲਾਂ ਕੰਚਨ ਨੇ ਮਨ੍ਹਾ ਕਰ ਦਿੱਤਾ, ਪਰ ਵਾਰ-ਵਾਰ ਫੋਨ ਕਰਕੇ ਅਤੇ ਉਸ ਦੀ ਕਾਰ ਦੀ ਮੁਰੰਮਤ ਦਾ ਝਾਂਸਾ ਦੇ ਕੇ ਉਸ ਨੂੰ ਆਪਣੇ ਜਾਲ ਵਿੱਚ ਫਸਾ ਲਿਆ।
9 ਜੂਨ ਨੂੰ ਕੰਚਨ ਨੂੰ ਲੁਧਿਆਣਾ ਤੋਂ ਬਠਿੰਡਾ ਲਿਜਾਇਆ ਗਿਆ। ਸ਼ੁਰੂਆਤ ਵਿੱਚ ਸਭ ਕੁਝ ਆਮ ਦਿਖਾਇਆ ਗਿਆ। ਕਾਰ ਦੀ ਮੁਰੰਮਤ ਅਤੇ ਸ਼ਹਿਰ ਵਿੱਚ ਘੁੰਮਣਾ—ਇਨ੍ਹਾਂ ਸਭ ਦੇ ਜ਼ਰੀਏ ਉਸ ਨੂੰ ਸ਼ੱਕ ਹੋਣ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ। ਪਰ ਦੇਰ ਰਾਤ ਜਦੋਂ ਉਸ ਨੂੰ ਸੁਨਸਾਨ ਇਲਾਕੇ ਵਿੱਚ ਲਿਜਾਇਆ ਗਿਆ, ਤਾਂ ਅਸਲੀ ਯੋਜਨਾ ਸਾਹਮਣੇ ਆਈ।
ਵਾਰਦਾਤ ਅਤੇ ਸਬੂਤ ਮਿਟਾਉਣ ਦੀ ਕੋਸ਼ਿਸ਼
ਮੁਲਜ਼ਮਾਂ ਨੇ ਪਹਿਲਾਂ ਉਸ ਦੇ ਮੋਬਾਈਲ ਫੋਨ ਦੇ ਪਾਸਵਰਡ ਜ਼ਬਰਦਸਤੀ ਲਏ ਅਤੇ ਫਿਰ ਬੇਰਹਿਮੀ ਨਾਲ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਹ ਪੂਰਾ ਘਟਨਾਕ੍ਰਮ ਲਗਭਗ 15 ਮਿੰਟ ਤੱਕ ਚੱਲਿਆ, ਜਿਸ ਵਿੱਚ ਕੰਚਨ ਨੇ ਸੰਘਰਸ਼ ਕੀਤਾ, ਪਰ ਆਖ਼ਰਕਾਰ ਉਸ ਦੀ ਮੌਤ ਹੋ ਗਈ। ਕਤਲ ਤੋਂ ਬਾਅਦ ਮੁਲਜ਼ਮਾਂ ਨੇ ਸਬੂਤ ਮਿਟਾਉਣ ਦੀ ਵੀ ਪੂਰੀ ਕੋਸ਼ਿਸ਼ ਕੀਤੀ। ਲਾਸ਼ ਨੂੰ ਕਾਰ ਵਿੱਚ ਛੱਡ ਕੇ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹਾ ਕਰ ਦਿੱਤਾ ਗਿਆ, ਤਾਂ ਜੋ ਮਾਮਲਾ ਆਮ ਲੱਗੇ। ਪਰ ਇੱਕ ਛੋਟੀ ਜਿਹੀ ਗਲਤੀ-ਗਲਾ ਘੁੱਟਣ ਲਈ ਵਰਤਿਆ ਗਿਆ ਫੰਦਾ ਕਾਰ ਵਿੱਚ ਹੀ ਰਹਿ ਜਾਣਾ-ਪੂਰੇ ਕੇਸ ਦਾ ਅਹਿਮ ਸੁਰਾਗ ਬਣ ਗਿਆ।
ਬਾਅਦ ਵਿੱਚ ਮੁਲਜ਼ਮ ਦੁਬਾਰਾ ਪਾਰਕਿੰਗ ਵਿੱਚ ਪਰਤੇ ਅਤੇ ਸਬੂਤ ਹਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਜਾਂਚ ਦੀ ਦਿਸ਼ਾ ਤੈਅ ਹੋ ਚੁੱਕੀ ਸੀ।
ਵਿਦੇਸ਼ ਭੱਜਣ ਦੀ ਕੋਸ਼ਿਸ਼ ਅਤੇ ਗ੍ਰਿਫ਼ਤਾਰੀ
ਕਤਲ ਦੇ ਕੁਝ ਹੀ ਘੰਟਿਆਂ ਬਾਅਦ ਅੰਮ੍ਰਿਤਪਾਲ ਦੇਸ਼ ਛੱਡ ਕੇ ਭੱਜ ਗਿਆ। ਉਸ ਨੇ ਵਿਦੇਸ਼ ਜਾ ਕੇ ਖ਼ੁਦ ਨੂੰ ਕਾਨੂੰਨ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਸਾਂਝੇ ਯਤਨਾਂ ਸਦਕਾ ਉਸ ਦੀ ਲੋਕੇਸ਼ਨ ਟ੍ਰੇਸ ਕਰ ਲਈ ਗਈ। ਮਿਡਲ ਈਸਟ ਦੀਆਂ ਏਜੰਸੀਆਂ ਦੇ ਸਹਿਯੋਗ ਨਾਲ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਲੰਬੀ ਪ੍ਰਕਿਰਿਆ ਤੋਂ ਬਾਅਦ ਭਾਰਤ ਲਿਆਂਦਾ ਗਿਆ।
ਉਸ ਦੀ ਗ੍ਰਿਫ਼ਤਾਰੀ ਇਸ ਮਾਮਲੇ ਵਿੱਚ ਇੱਕ ਵੱਡੀ ਸਫ਼ਲਤਾ ਮੰਨੀ ਜਾ ਰਹੀ ਹੈ। ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਅਤੀਤ ਵੀ ਘੱਟ ਵਿਵਾਦਿਤ ਨਹੀਂ ਰਿਹਾ ਹੈ। ਉਹ ਮੂਲ ਰੂਪ ਵਿੱਚ ਇੱਕ ਸਾਧਾਰਨ ਪਰਿਵਾਰ ਨਾਲ ਜੁੜਿਆ ਸੀ, ਪਰ ਬਾਅਦ ਵਿੱਚ ਉਸ ਨੇ ਆਪਣੀ ਪਛਾਣ ਬਦਲੀ ਅਤੇ ਧਾਰਮਿਕ ਤੇ ਸਿਆਸੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਿਆ। ਉਸ ਨੇ ਚੋਣ ਵੀ ਲੜੀ, ਪਰ ਸਫ਼ਲਤਾ ਨਹੀਂ ਮਿਲੀ।
ਪੁਲਿਸ ਸੂਤਰਾਂ ਅਨੁਸਾਰ ਉਸ ਦਾ ਸੁਭਾਅ ਹਮਲਾਵਰ ਸੀ ਅਤੇ ਉਹ ਸੋਸ਼ਲ ਮੀਡੀਆ ਕੰਟੈਂਟ ਨੂੰ ਲੈ ਕੇ ਵੀ ਕੱਟੜ ਸੋਚ ਰੱਖਦਾ ਸੀ। ਇਹੀ ਮਾਨਸਿਕਤਾ ਇਸ ਅਪਰਾਧ ਦੇ ਪਿੱਛੇ ਇੱਕ ਵੱਡੀ ਵਜ੍ਹਾ ਮੰਨੀ ਜਾ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਕਈ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਹੁਣ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਾਂਚ ਹੋਰ ਮਜ਼ਬੂਤ ਹੋਵੇਗੀ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਸ ਸਾਜ਼ਿਸ਼ ਵਿੱਚ ਹੋਰ ਲੋਕ ਵੀ ਸ਼ਾਮਲ ਸਨ।