ਭਤੀਜੇ ਨੇ ਹੀ ਚਾਚੇ ਨੂੰ ਉਤਾਰਿਆ ਮੌਤ ਦੇ ਘਾਟ; ਪੁਲਿਸ ਨੇ ਸੁਲਝਾਈ 'ਬਲਾਈਂਡ ਮਰਡਰ' ਦੀ ਗੁੱਥੀ; ਇਹ ਵਜ੍ਹਾ ਬਣੀ ਕਤਲ ਦਾ ਕਾਰਨ
ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਸਨਸਨੀਖੇਜ਼ ਵਾਰਦਾਤ ਵਿੱਚ ਭਤੀਜੇ ਨੇ ਹੀ ਆਪਣੇ ਸਗੇ ਚਾਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਜ਼ਿਲ੍ਹਾ ਬਠਿੰਡਾ ਦੀ ਸੀ.ਆਈ.ਏ.-1 (CIA-1) ਟੀਮ ਨੇ ਤਲਵੰਡੀ ਸਾਬੋ ਇਲਾਕੇ ਵਿੱਚ ਹੋਏ ਇਸ 'ਬਲਾਈਂਡ ਮਰਡਰ' ਦੀ ਗੁੱਥੀ ਸੁਲਝਾਉਂਦੇ ਹੋਏ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਮ੍ਰਿਤਕ ਦਾ ਸਗਾ ਭਤੀਜਾ ਹੀ ਨਿਕਲਿਆ, ਜਿਸ ਨੇ ਨਿੱਜੀ ਰੰਜਿਸ਼ ਕਾਰਨ ਇਸ ਖੌਫ਼ਨਾਕ ਵਾਰਦਾਤ ਨੂੰ ਅੰਜਾਮ ਦਿੱਤਾ।
Publish Date: Sun, 08 Mar 2026 12:08 PM (IST)
Updated Date: Sun, 08 Mar 2026 12:09 PM (IST)

ਬਠਿੰਡਾ : ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਸਨਸਨੀਖੇਜ਼ ਵਾਰਦਾਤ ਵਿੱਚ ਭਤੀਜੇ ਨੇ ਹੀ ਆਪਣੇ ਸਗੇ ਚਾਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਜ਼ਿਲ੍ਹਾ ਬਠਿੰਡਾ ਦੀ ਸੀ.ਆਈ.ਏ.-1 (CIA-1) ਟੀਮ ਨੇ ਤਲਵੰਡੀ ਸਾਬੋ ਇਲਾਕੇ ਵਿੱਚ ਹੋਏ ਇਸ 'ਬਲਾਈਂਡ ਮਰਡਰ' ਦੀ ਗੁੱਥੀ ਸੁਲਝਾਉਂਦੇ ਹੋਏ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਮ੍ਰਿਤਕ ਦਾ ਸਗਾ ਭਤੀਜਾ ਹੀ ਨਿਕਲਿਆ, ਜਿਸ ਨੇ ਨਿੱਜੀ ਰੰਜਿਸ਼ ਕਾਰਨ ਇਸ ਖੌਫ਼ਨਾਕ ਵਾਰਦਾਤ ਨੂੰ ਅੰਜਾਮ ਦਿੱਤਾ।
ਸੀ.ਆਈ.ਏ.-1 ਦੇ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਬੀਤੀ 18-19 ਫਰਵਰੀ 2025 ਦੀ ਦਰਮਿਆਨੀ ਰਾਤ ਨੂੰ ਪਿੰਡ ਭਾਗੀਬਾਂਦਰ ਦੇ ਰਹਿਣ ਵਾਲੇ 52 ਸਾਲਾ ਦਰਸ਼ਨ ਸਿੰਘ ਦੀ ਲਾਸ਼ ਥਾਣਾ ਤਲਵੰਡੀ ਸਾਬੋ ਦੇ ਖੇਤਰ ਵਿੱਚੋਂ ਬਰਾਮਦ ਹੋਈ ਸੀ। ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਘਟਨਾ ਦੀ ਜਾਂਚ ਐਸ.ਐਸ.ਪੀ. (SSP) ਵੱਲੋਂ ਸੀ.ਆਈ.ਏ.-1 ਟੀਮ ਨੂੰ ਸੌਂਪੀ ਗਈ ਸੀ। ਇਸ ਤੋਂ ਬਾਅਦ ਪੁਲਿਸ ਟੀਮ ਨੇ ਵੱਖ-ਵੱਖ ਪਹਿਲੂਆਂ 'ਤੇ ਜਾਂਚ ਸ਼ੁਰੂ ਕੀਤੀ ਅਤੇ ਤਕਨੀਕੀ ਤੇ ਮਨੁੱਖੀ ਸੂਤਰਾਂ ਦੇ ਆਧਾਰ 'ਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ। ਜਾਂਚ ਦੌਰਾਨ ਪੁਲਿਸ ਨੂੰ ਉਸ ਸਮੇਂ ਅਹਿਮ ਸੁਰਾਗ ਮਿਲਿਆ, ਜਦੋਂ ਸ਼ੱਕ ਦੇ ਆਧਾਰ 'ਤੇ ਮ੍ਰਿਤਕ ਦੇ ਸਗੇ ਭਤੀਜੇ ਕੁਲਦੀਪ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ। ਸਖ਼ਤ ਪੁੱਛਗਿੱਛ ਦੌਰਾਨ ਮੁਲਜ਼ਮ ਟੁੱਟ ਗਿਆ ਅਤੇ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਿਸ ਅਨੁਸਾਰ ਮੁਲਜ਼ਮ ਨੇ ਨਿੱਜੀ ਰੰਜਿਸ਼ ਕਾਰਨ ਆਪਣੇ ਚਾਚੇ ਦੇ ਕਤਲ ਦੀ ਯੋਜਨਾ ਬਣਾਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਤਾਂ ਜੋ ਕਿਸੇ ਨੂੰ ਉਸ 'ਤੇ ਸ਼ੱਕ ਨਾ ਹੋਵੇ।
ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਕਤਲ ਵਿੱਚ ਵਰਤਿਆ ਗਿਆ ਕੁਹਾੜਾ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿੱਚ ਕਤਲ ਦੀ ਵਜ੍ਹਾ ਆਪਸੀ ਨਿੱਜੀ ਰੰਜਿਸ਼ ਸਾਹਮਣੇ ਆਈ ਹੈ, ਹਾਲਾਂਕਿ ਪੁਲਿਸ ਮਾਮਲੇ ਦੇ ਹੋਰ ਪਹਿਲੂਆਂ ਦੀ ਵੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਫਿਲਹਾਲ ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਦੌਰਾਨ ਪੁਲਿਸ ਉਸ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਕਤਲ ਪਿੱਛੇ ਦੀ ਪੂਰੀ ਸਾਜ਼ਿਸ਼ ਅਤੇ ਹੋਰ ਸੰਭਾਵਿਤ ਤੱਥਾਂ ਦਾ ਖੁਲਾਸਾ ਕੀਤਾ ਜਾ ਸਕੇ।