- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ਦੇ ਪਿੰਡ ਕੋਠੇ ਕੌਰ ਸਿੰਘ ਵਾਲਾ ਦੇ ਲੋਕ ਟਰਾਂਸਫਾਰਮਰਾਂ ਅਤੇ ਉਨ੍ਹਾਂ ਵਿੱਚੋਂ ਤੇਲ ਚੋਰੀ ਹੋਣ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਬਹੁਤ ਪ੍ਰੇਸ਼ਾਨ ਹਨ। ਚੋਰੀਆਂ ਦੀਆਂ ਵਧਦੀਆਂ ਘਟਨਾਵਾਂ ਨੇ ਕਿਸਾਨਾਂ ਅਤੇ ਪਿੰਡ ਵਾਸੀਆਂ ਦੀ ਚਿੰਤਾ ਵਧਾ ਦਿੱਤੀ ਹੈ।

ਗੁਰਤੇਜ ਸਿੰਘ ਸਿੱਧੂ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਕੋਠੇ ਕੌਰ ਸਿੰਘ ਵਾਲਾ ਦੇ ਲੋਕ ਟਰਾਂਸਫਾਰਮਰਾਂ ਅਤੇ ਉਨ੍ਹਾਂ ਵਿੱਚੋਂ ਤੇਲ ਚੋਰੀ ਹੋਣ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਬਹੁਤ ਪ੍ਰੇਸ਼ਾਨ ਹਨ। ਚੋਰੀਆਂ ਦੀਆਂ ਵਧਦੀਆਂ ਘਟਨਾਵਾਂ ਨੇ ਕਿਸਾਨਾਂ ਅਤੇ ਪਿੰਡ ਵਾਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਹਾਲਾਤ ਇੰਨੇ ਗੰਭੀਰ ਹੋ ਚੁੱਕੇ ਹਨ ਕਿ ਪਿੰਡ ਵਾਸੀਆਂ ਨੇ ਚੋਰਾਂ ਨੂੰ ਇੱਕ ਭਾਵੁਕ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਟਰਾਂਸਫਾਰਮਰਾਂ ਅਤੇ ਤੇਲ ਦੀ ਚੋਰੀ ਕਰਨ ਦੀ ਬਜਾਏ ਜੇ ਲੋੜ ਹੋਵੇ ਤਾਂ ਉਨ੍ਹਾਂ ਕੋਲੋਂ ਹਰ ਮਹੀਨੇ ਕੁਝ ਰਕਮ ਹੀ ਵਸੂਲ ਕਰ ਲਿਆ ਕਰਨ, ਪਰ ਉਨ੍ਹਾਂ ਦੀ ਖੇਤੀਬਾੜੀ ਦਾ ਨੁਕਸਾਨ ਨਾ ਕਰਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਪਿੰਡ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਟਰਾਂਸਫਾਰਮਰਾਂ ਅਤੇ ਉਨ੍ਹਾਂ ਦੇ ਤੇਲ ਦੀਆਂ ਚੋਰੀਆਂ ਲਗਾਤਾਰ ਹੋ ਰਹੀਆਂ ਹਨ। ਚੋਰ ਰਾਤ ਦੇ ਸਮੇਂ ਟਰਾਂਸਫਾਰਮਰਾਂ ਵਿੱਚੋਂ ਤੇਲ ਕੱਢ ਕੇ ਲੈ ਜਾਂਦੇ ਹਨ ਜਾਂ ਕਈ ਵਾਰ ਪੂਰੇ ਟਰਾਂਸਫਾਰਮਰ ਹੀ ਚੋਰੀ ਕਰ ਲੈਂਦੇ ਹਨ। ਇਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਦੇ ਨਾਲ-ਨਾਲ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਿੰਡ ਵਾਸੀ ਗੁਰਚਰਨ ਸਿੰਘ ਅਤੇ ਮਹਿੰਦਰ ਸਿੰਘ ਅਨੁਸਾਰ ਇੱਕ ਟਰਾਂਸਫਾਰਮਰ ਵਿੱਚ ਕਰੀਬ 12 ਹਜ਼ਾਰ ਰੁਪਏ ਦਾ ਤੇਲ ਪੈਂਦਾ ਹੈ, ਪਰ ਚੋਰ ਇਸ ਤੇਲ ਨੂੰ ਦੋ ਤੋਂ ਚਾਰ ਹਜ਼ਾਰ ਰੁਪਏ ਵਿੱਚ ਵੇਚ ਦਿੰਦੇ ਹਨ। ਉਨ੍ਹਾਂ ਕਿਹਾ ਕਿ ਚੋਰਾਂ ਨੂੰ ਇਸ ਨਾਲ ਥੋੜ੍ਹਾ ਜਿਹਾ ਲਾਭ ਹੁੰਦਾ ਹੈ, ਪਰ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ। ਚੋਰੀ ਤੋਂ ਬਾਅਦ ਕਿਸਾਨਾਂ ਨੂੰ ਨਵਾਂ ਤੇਲ ਪਵਾਉਣ ਅਤੇ ਟਰਾਂਸਫਾਰਮਰ ਮੁੜ ਚਾਲੂ ਕਰਵਾਉਣ ਲਈ ਕਈ ਦਿਨ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ।
ਉਨ੍ਹਾਂ ਦੱਸਿਆ ਕਿ ਜਦੋਂ ਟਰਾਂਸਫਾਰਮਰ ਜਾਂ ਉਸ ਦਾ ਤੇਲ ਚੋਰੀ ਹੋ ਜਾਂਦਾ ਹੈ ਤਾਂ ਬਿਜਲੀ ਸਪਲਾਈ ਮੁੜ ਬਹਾਲ ਹੋਣ ਵਿੱਚ 15 ਤੋਂ 20 ਦਿਨ ਦਾ ਸਮਾਂ ਲੱਗ ਜਾਂਦਾ ਹੈ। ਇਸ ਦੌਰਾਨ ਫਸਲਾਂ ਅਤੇ ਪਨੀਰੀ ਨੂੰ ਸਮੇਂ ਸਿਰ ਪਾਣੀ ਨਹੀਂ ਮਿਲ ਸਕਦਾ, ਜਿਸ ਨਾਲ ਖੇਤੀਬਾੜੀ ਪ੍ਰਭਾਵਿਤ ਹੁੰਦੀ ਹੈ। ਉਹਨਾਂ ਦੱਸਿਆ ਕਿ ਹੁਣ ਪਨੀਰੀ ਨੂੰ ਪਾਣੀ ਲਾਉਣ ਲਈ ਕਿਸਾਨਾਂ ਨੂੰ ਵਾਧੂ ਖਰਚਾ ਕਰਕੇ ਜਨਰੇਟਰ ਕਿਰਾਏ 'ਤੇ ਲੈਣੇ ਪੈ ਰਹੇ ਹਨ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸ ਵੇਲੇ ਪਿੰਡ ਦੇ ਕਈ ਕਿਸਾਨਾਂ ਦੇ ਟਰਾਂਸਫਾਰਮਰ ਚੋਰੀ ਹੋ ਚੁੱਕੇ ਹਨ ਜਾਂ ਉਨ੍ਹਾਂ ਵਿੱਚੋਂ ਤੇਲ ਕੱਢਿਆ ਜਾ ਚੁੱਕਾ ਹੈ। ਇਸ ਕਾਰਨ ਕਿਸਾਨਾਂ ਨੂੰ ਖੇਤੀ ਦੇ ਮਹੱਤਵਪੂਰਨ ਸੀਜ਼ਨ ਦੌਰਾਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਸਮੱਸਿਆ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ ਅਤੇ ਚੋਰੀਆਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ।
ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਖੇਤੀਬਾੜੀ ਖੇਤਰਾਂ ਵਿੱਚ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਟਰਾਂਸਫਾਰਮਰ ਚੋਰੀ ਕਰਨ ਵਾਲੇ ਗਿਰੋਹਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ।
ਕਿਸਾਨਾਂ ਦੀ ਚੋਰਾਂ ਨੂੰ ਭਾਵੁਕ ਅਪੀਲ
ਕਿਸਾਨਾਂ ਨੇ ਚੋਰਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਜਦੋਂ ਟਰਾਂਸਫਾਰਮਰ ਦਾ ਤੇਲ ਚੋਰੀ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਬਾਜ਼ਾਰ ਵਿੱਚੋਂ ਮੁੱਲ ਤੇਲ ਖਰੀਦਣਾ ਪੈਂਦਾ ਹੈ। ਕਿਸਾਨਾਂ ਨੇ ਦੱਸਿਆ ਕਿ ਪਾਵਰਕਾਮ ਉਹਨਾਂ ਨੂੰ ਟਰਾਂਸਫਾਰਮਰ ਦਾ ਤੇਲ ਨਹੀਂ ਦਿੰਦਾ। ਕਿਸਾਨਾਂ ਨੇ ਚੋਰਾਂ ਨੂੰ ਕਿਹਾ ਕਿ ਉਹ ਟਰਾਂਸਫਾਰਮਰਾਂ ਤੇ ਸਕੈਨਰ ਲਗਾ ਦੇਣ ਜਿਸ ਨਾਲ ਉਹ ਹਰ ਮਹੀਨੇ ਉਹਨਾਂ ਨੂੰ ਪੈਸੇ ਗੂਗਲ ਪੇ ਕਰ ਦਿਆ ਕਰਨਗੇ। ਪਿੰਡ ਵਾਸੀਆਂ ਨੇ ਦੱਸਿਆ ਕਿ ਕਈ ਕਿਸਾਨਾਂ ਦੇ ਟਰਾਂਸਫਾਰਮਰਾਂ ਵਿੱਚੋਂ ਦੋ ਦੋ ਵਾਰ ਤੇਲ ਚੋਰੀ ਹੋ ਚੁੱਕਾ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਉਹ ਪੁਲਿਸ ਕੋਲ ਰਿਪੋਰਟ ਲਿਖਾਉਣ ਲਈ ਜਾਂਦੇ ਹਨ ਤਾਂ ਪੁਲਿਸ ਦਾ ਕਹਿਣਾ ਹੁੰਦਾ ਹੈ ਕਿ ਉਹ ਚੋਰਾਂ ਦੇ ਨਾਮ ਦੱਸਣ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪੁਲਿਸ ਚੋਰੀ ਦੇ ਕੇਸ ਦਰਜ ਕਰਨ ਤੋਂ ਵੀ ਇਨਕਾਰੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਜੇਕਰ ਪੁਲਿਸ ਕੇਸ ਦਰਜ ਕਰਦੀ ਹੈ ਤਾਂ ਫਿਰ ਫਾਈਲ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਅਜੇ ਤੱਕ ਪੁਲਿਸ ਇਸ ਦਾ ਸੁਰਾਗ ਨਹੀਂ ਲਗਾ ਸਕੀ ਕੀ ਚੋਰ ਟਰਾਂਸਫਾਰਮਰ ਦਾ ਤੇਲ ਕਿਸ ਨੂੰ ਵੇਚਦੇ ਹਨ।