ਸ਼੍ਰੋਮਣੀ ਅਕਾਲੀ ਦਲ ਦੇ ਧਰਨੇ ਦੀ ਸਫ਼ਲਤਾ ’ਤੇ ਆਗੂਆਂ ਵੱਲੋਂ ਧੰਨਵਾਦ
ਸੀਨੀਅਰ ਸਟਾਫ ਰਿਪੋਰਟਰ, ਬਠਿੰਡਾ
Publish Date: Sun, 11 Jan 2026 07:07 PM (IST)
Updated Date: Mon, 12 Jan 2026 04:15 AM (IST)

ਸੀਨੀਅਰ ਸਟਾਫ ਰਿਪੋਰਟਰ, ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪ ਆਗੂ ਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਸ਼ੀ ਮਾਰਲੇਨਾ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੀਤੇ ਗਏ ਅਪਮਾਨ ਖਿਲਾਫ਼ ਦਿੱਤੇ ਗਏ ਧਰਨੇ ਨੂੰ ਸਫ਼ਲ ਬਣਾਉਣ ’ਤੇ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਅਤੇ ਬਠਿੰਡਾ ਸ਼ਹਿਰੀ ਪ੍ਰਧਾਨ ਸੁਸ਼ੀਲ ਗੋਲਡੀ ਨੇ ਪਾਰਟੀ ਦੇ ਸਮੂਹ ਵਰਕਰਾਂ ਅਤੇ ਅਹੁਦੇਦਾਰਾਂ ਦਾ ਦਿਲੋਂ ਧੰਨਵਾਦ ਕੀਤਾ ਹੈ। ਇਸ ਮੌਕੇ ਜੱਗਾ ਕਲਿਆਣ ਤੇ ਸੁਸ਼ੀਲ ਗੋਲਡੀ ਨੇ ਕਿਹਾ ਕਿ ਧਰਨੇ ਦੌਰਾਨ ਪਾਰਟੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਅੱਜ ਵੀ ਪੰਥ, ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਅਤੇ ਆਮ ਲੋਕਾਂ ਦੀ ਆਵਾਜ਼ ਬਣ ਕੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਧਰਨੇ ਰਾਹੀਂ ਸਰਕਾਰ ਦੀਆਂ ਨਾਕਾਮ ਨੀਤੀਆਂ, ਧਾਰਮਿਕ ਮਾਮਲਿਆਂ ਵਿੱਚ ਬਿਨਾਂ ਵਜਹ ਦਖ਼ਲਅੰਦਾਜ਼ੀ, ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ ਅਤੇ ਕਾਨੂੰਨ-ਵਿਵਸਥਾ ਦੀ ਖ਼ਰਾਬ ਹਾਲਤ ਖਿਲਾਫ਼ ਮਜ਼ਬੂਤੀ ਨਾਲ ਰੋਸ ਪ੍ਰਗਟਾਇਆ ਗਿਆ। ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਤੇ ਦਿਹਾਤੀ ਖੇਤਰਾਂ ਤੋਂ ਪਹੁੰਚੇ ਵਰਕਰਾਂ ਦੀ ਇਕਜੁੱਟਤਾ ਨੇ ਧਰਨੇ ਨੂੰ ਇਤਿਹਾਸਕ ਰੂਪ ਦਿੱਤਾ। ਉਨ੍ਹਾਂ ਕਿਹਾ ਕਿ ਵਰਕਰਾਂ ਦੀ ਮਿਹਨਤ ਅਤੇ ਅਨੁਸ਼ਾਸਨ ਕਾਰਨ ਹੀ ਪਾਰਟੀ ਦੇ ਪ੍ਰੋਗਰਾਮ ਸਫ਼ਲ ਹੁੰਦੇ ਹਨ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਵੀ ਪਾਰਟੀ ਦੀਆਂ ਨੀਤੀਆਂ ਅਤੇ ਫ਼ੈਸਲਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇਕਜੁੱਟ ਰਹਿਣ।
ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਪੰਜਾਬ ਦੇ ਹੱਕਾਂ, ਪੰਜਾਬੀਅਤ ਅਤੇ ਪੰਥਕ ਮੁੱਦਿਆਂ ਲਈ ਸੰਘਰਸ਼ ਕਰਦਾ ਆਇਆ ਹੈ ਅਤੇ ਅੱਗੇ ਵੀ ਕਿਸੇ ਕੀਮਤ ’ਤੇ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਧਰਨਾ ਸਿਰਫ਼ ਸ਼ੁਰੂਆਤ ਹੈ ਅਤੇ ਜੇਕਰ ਸਰਕਾਰ ਨੇ ਲੋਕਾਂ ਦੀਆਂ ਮੰਗਾਂ ਨੂੰ ਅਣਡਿੱਠਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਮੰਡਲਾਂ, ਸਰਕਲਾਂ ਅਤੇ ਯੂਥ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਰਹੇ। ਆਖਿਰ ਵਿੱਚ ਆਗੂਆਂ ਨੇ ਸਾਰੇ ਵਰਕਰਾਂ ਦਾ ਮੁੜ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਦੀ ਅਸਲੀ ਤਾਕਤ ਉਸਦਾ ਕੈਡਰ ਹੈ ਤੇ ਉਸਦੀ ਇਕਜੁੱਟਤਾ ਹੀ ਸਫ਼ਲਤਾ ਦੀ ਕੁੰਜੀ ਹੈ