ਮੰਡੀਆਂ 'ਚੋਂ ਗਾਇਬ ਹੋ ਰਹੀ ਸੁਰੱਖਿਆ: ਨੌਜਵਾਨ ਕਿਸਾਨ ਨਾਲ ਕੁੱਟਮਾਰ ਕਰਕੇ ਪੈਸੇ ਲੁੱਟੇ, ਕਿਸਾਨ ਦੀ ਕਣਕ 'ਤੇ ਵੀ ਚੋਰਾਂ ਨੇ ਮਾਰਿਆ ਹੱਥ
ਬਠਿੰਡਾ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿੱਚ ਸ਼ਰਾਰਤੀ ਅਨਸਰਾਂ ਅਤੇ ਚੋਰਾਂ ਦੀਆਂ ਗਤੀਵਿਧੀਆਂ ਲਗਾਤਾਰ ਵਧ ਰਹੀਆਂ ਹਨ। ਤਾਜ਼ਾ ਮਾਮਲਿਆਂ ਵਿੱਚ ਜਿੱਥੇ ਬਠਿੰਡਾ ਦੀ ਮੁੱਖ ਦਾਣਾ ਮੰਡੀ ਵਿੱਚ ਇੱਕ ਨੌਜਵਾਨ ਨਾਲ ਕੁੱਟਮਾਰ ਕਰਕੇ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉੱਥੇ ਹੀ ਪਿੰਡ ਢੱਡੇ ਦੀ ਮੰਡੀ ਵਿੱਚੋਂ ਕਿਸਾਨ ਦੀ ਮਿਹਨਤ ਨਾਲ ਪਾਲੀ ਕਣਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਸ਼ਿਕਾਇਤਾਂ ਦੇ ਅਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Publish Date: Fri, 17 Apr 2026 11:53 AM (IST)
Updated Date: Fri, 17 Apr 2026 11:57 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ - ਬਠਿੰਡਾ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿੱਚ ਸ਼ਰਾਰਤੀ ਅਨਸਰਾਂ ਅਤੇ ਚੋਰਾਂ ਦੀਆਂ ਗਤੀਵਿਧੀਆਂ ਲਗਾਤਾਰ ਵਧ ਰਹੀਆਂ ਹਨ। ਤਾਜ਼ਾ ਮਾਮਲਿਆਂ ਵਿੱਚ ਜਿੱਥੇ ਬਠਿੰਡਾ ਦੀ ਮੁੱਖ ਦਾਣਾ ਮੰਡੀ ਵਿੱਚ ਇੱਕ ਨੌਜਵਾਨ ਨਾਲ ਕੁੱਟਮਾਰ ਕਰਕੇ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉੱਥੇ ਹੀ ਪਿੰਡ ਢੱਡੇ ਦੀ ਮੰਡੀ ਵਿੱਚੋਂ ਕਿਸਾਨ ਦੀ ਮਿਹਨਤ ਨਾਲ ਪਾਲੀ ਕਣਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਸ਼ਿਕਾਇਤਾਂ ਦੇ ਅਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਹਿਲੀ ਵਾਰਦਾਤ ਥਾਣਾ ਕੋਤਵਾਲੀ ਅਧੀਨ ਆਉਂਦੀ ਦਾਣਾ ਮੰਡੀ ਦੀ ਹੈ। ਸ਼ਿਕਾਇਤਕਰਤਾ ਅਨੁਜ ਕੁਮਾਰ ਪੁੱਤਰ ਸੋਕੀਨ, ਵਾਸੀ ਊਧਮ ਸਿੰਘ ਨਗਰ ਨੇ ਦੱਸਿਆ ਕਿ ਲੰਘੀ 31 ਮਾਰਚ ਨੂੰ ਜਦੋਂ ਉਹ ਮੰਡੀ ਇਲਾਕੇ ਵਿੱਚ ਮੌਜੂਦ ਸੀ, ਤਾਂ ਗੁਰਪ੍ਰੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਨਾਮੀ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ। ਪੀੜਤ ਅਨੁਸਾਰ ਮੁਲਜ਼ਮਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦਾ ਸਾਮਾਨ ਤੇ ਨਕਦੀ ਖੋਹ ਕੇ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਨਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਦੂਜੇ ਪਾਸੇ, ਥਾਣਾ ਬਾਲਿਆਂਵਾਲੀ ਅਧੀਨ ਪੈਂਦੇ ਪਿੰਡ ਢੱਡੇ ਦੀ ਦਾਣਾ ਮੰਡੀ ਵਿੱਚੋਂ ਕਣਕ ਚੋਰੀ ਹੋਣ ਦੀ ਘਟਨਾ ਵਾਪਰੀ ਹੈ। ਪੀੜਤ ਕਿਸਾਨ ਨਛੱਤਰ ਸਿੰਘ ਪੁੱਤਰ ਗੁਰਬਖਸ਼ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣੀ ਕਣਕ ਵੱਢ ਕੇ ਮੰਡੀ ਵਿੱਚ ਰੱਖੀ ਹੋਈ ਸੀ। 14 ਅਪ੍ਰੈਲ ਦੀ ਰਾਤ ਨੂੰ ਜਦੋਂ ਉਹ ਫ਼ਸਲ ਦੀ ਰਾਖੀ ਕਰਦੇ ਸਮੇਂ ਸੌਂ ਗਿਆ, ਤਾਂ ਕੋਈ ਅਣਪਛਾਤਾ ਵਿਅਕਤੀ ਉਸ ਦੀ ਢੇਰੀ ਵਿੱਚੋਂ ਕਰੀਬ 10-12 ਗੱਟੇ ਕਣਕ ਚੋਰੀ ਕਰਕੇ ਲੈ ਗਿਆ। ਜਾਂਚ ਅਧਿਕਾਰੀ ਐਸਆਈ ਹਿਮਾਂਸ਼ੂ ਚੀਮਾ ਅਨੁਸਾਰ ਅਣਪਛਾਤੇ ਵਿਅਕਤੀ ਵਿਰੁੱਧ ਚੋਰੀ ਦਾ ਮਾਮਲਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ।