Sad News : ਬੁੱਢਾ ਦਲ ਦੇ ਜਥੇਦਾਰ ਬਾਬਾ ਇੰਦਰ ਸਿੰਘ ਦਾ ਦੇਹਾਂਤ, ਪੰਥਕ ਸਫਾਂ ’ਚ ਸੋਗ ਦੀ ਲਹਿਰ
ਪੰਥਕ ਸਫਾਂ ’ਚ ਅੱਜ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ ਘੋੜਿਆਂ ਦੇ ਜਥੇਦਾਰ ਤੇ ਨਾਮੀ ਪੰਥਕ ਸ਼ਖ਼ਸੀਅਤ ਬਾਬਾ ਇੰਦਰ ਸਿੰਘ ਅਚਾਨਕ ਅਕਾਲ ਚਲਾਣਾ ਕਰ ਗੁਰੂ ਚਰਨਾਂ ’ਚ ਜਾ ਬਿਰਾਜੇ।
Publish Date: Thu, 09 Apr 2026 07:38 PM (IST)
Updated Date: Thu, 09 Apr 2026 07:43 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਪੰਥਕ ਸਫਾਂ ’ਚ ਅੱਜ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ ਘੋੜਿਆਂ ਦੇ ਜਥੇਦਾਰ ਤੇ ਨਾਮੀ ਪੰਥਕ ਸ਼ਖ਼ਸੀਅਤ ਬਾਬਾ ਇੰਦਰ ਸਿੰਘ ਅਚਾਨਕ ਅਕਾਲ ਚਲਾਣਾ ਕਰ ਗੁਰੂ ਚਰਨਾਂ ’ਚ ਜਾ ਬਿਰਾਜੇ।
ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਮਿਲਦਿਆਂ ਹੀ ਵੱਡੀ ਗਿਣਤੀ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਬੁੱਢਾ ਦਲ ਦੇ ਮੁੱਖ ਅਸਥਾਨ ਗੁਰਦੁਆਰਾ ਬੇਰ ਸਾਹਿਬ ਦੇਗਸਰ ਛਾਉਣੀ ਨਿਹੰਗ ਸਿੰਘਾਂ (ਪਾ: 10ਵੀਂ ) ਵਿਖੇ ਪੁੱਜਣੇ ਸ਼ੁਰੂ ਹੋ ਗਏ। ਬਾਅਦ ਦੁਪਹਿਰ ਬਾਬਾ ਇੰਦਰ ਸਿੰਘ ਦਾ ਅੰਤਿਮ ਸੰਸਕਾਰ ਬੁੱਢਾ ਦਲ ਮੁੱਖ ਅਸਥਾਨ ਦੇ ਨੇੜੇ ਹੀ ਖੁੱਲ੍ਹੀ ਜਗਾ 'ਤੇ ਧਾਰਮਿਕ ਰਹੁ ਰੀਤਾਂ ਮੁਤਾਬਿਕ ਕੀਤਾ ਗਿਆ।
ਅੰਤਿਮ ਸੰਸਕਾਰ ਤੋਂ ਪਹਿਲਾਂ ਅਰਦਾਸ ਬੁੱਢਾ ਦਲ ਦੇ ਪ੍ਰਮੁੱਖ ਬੁਲਾਰੇ ਵਜੋਂ ਜਾਣੇ ਜਾਂਦੇ ਭਾਈ ਸੁਖਮੰਦਰ ਸਿੰਘ ਮੋਰ ਨੇ ਕੀਤੀ। ਉੱਧਰ ਬੁੱਢਾ ਦਲ ਮੁਖੀ ਸ੍ਰੋਮਣੀ ਸੇਵਾ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਭਾਵੇ ਬਾਹਰ ਹੋਣ ਕਾਰਣ ਅੰਤਿਮ ਸਸਕਾਰ ’ਚ ਸ਼ਾਮਲ ਨਹੀ ਹੋ ਸਕੇ ਪਰ ਉਨ੍ਹਾਂ ਨੇ ਬਾਬਾ ਇੰਦਰ ਸਿੰਘ ਦੇ ਅਕਾਲ ਚਲਾਣੇ ਨੂੰ ਨਾ ਕੇਵਲ ਬੁੱਢਾ ਦਲ ਸਗੋਂ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਤੇ ਸਿੱਖ ਜਗਤ ਲਈ ਵੱਡਾ ਘਾਟਾ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਉਨਾਂ ਵੱਲੋਂ ਜੀਵਨ ਭਰ ਸਿੱਖੀ ਪ੍ਰਚਾਰ ਪ੍ਰਸਾਰ ਚ ਨਿਭਾਈ ਭੂਮਿਕਾ ਬਦਲੇ ਉਨਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ। ਅੰਤਿਮ ਸਸਕਾਰ ਮੌਕੇ ਬਾਬਾ ਬਲਬੀਰ ਸਿੰਘ ਦੇ ਨਿੱਜੀ ਸਹਾਇਕ ਬਾਬਾ ਜੱਸਾ ਸਿੰਘ, ਬਾਬਾ ਮੇਜਰ ਸਿੰਘ ਮੁਖਤਿਆਰ ਏ ਆਮ ਬੁੱਢਾ ਦਲ, ਤਖਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ, ਗੁ: ਬੁੰਗਾ ਮਸਤੂਆਣਾ ਮੁਖੀ ਬਾਬਾ ਕਾਕਾ ਸਿੰਘ ਵੱਲੋਂ ਰਾਗੀ ਮਲਕੀਤ ਸਿੰਘ, ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਉਨ੍ਹਾਂ ਦੇ ਪੁੱਤਰ ਤੇ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ, ਭਾਈ ਸਰਬਜੀਤ ਸਿੰਘ ਪ੍ਰਧਾਨ ਗੱਤਕਾ ਦਲ ਪੰਜਾਬ, ਬਾਬਾ ਦਲੇਰ ਸਿੰਘ ਮੁੱਖ ਸੇਵਾਦਾਰ ਗੁ:ਬੇਰ ਸਾਹਿਬ, ਭਾਈ ਮਾਨ ਸਿੰਘ ਤੋਂ ਇਲਾਵਾ ਕਾਂਗਰਸੀ ਆਗੂ ਮਨਜੀਤ ਸਿੰਘ ਲਾਲੇਆਣਾ,ਹਰਪਾਲ ਸਿੰਘ ਗਿੱਲ ਗਾਟਵਾਲੀ, ਕ੍ਰਿਸ਼ਨ ਯਾਦਵ, ਗੁਰਾਦਿੱਤਾ ਸਿੰਘ ਸੀਂਗੋ, ਦਰਸ਼ਨ ਗਿੱਲ ਆਦਿ ਮੌਜੂਦ ਸਨ।