ਅੱਜ ਦੀ ਹੜਤਾਲ ’ਚ ਸ਼ਾਮਲ ਹੋਣ ਲਈ ਥਰਮਲ ਮੁਲਾਜ਼ਮਾਂ ਨੇ ਕੱਢੀ ਰੈਲੀ
12 ਫਰਵਰੀ ਦੀ ਦੇਸ ਵਿਆਪੀ ਹੜਤਾਲ ਵਿਚ ਸ਼ਾਮਲ ਹੋਣ ਲਈ ਥਰਮਲ ਮੁਲਾਜ਼ਮਾਂ ਨੂੰ ਰੈਲੀ ਕੱਢੀ
Publish Date: Wed, 11 Feb 2026 04:39 PM (IST)
Updated Date: Thu, 12 Feb 2026 04:00 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : 12 ਫਰਵਰੀ ਨੂੰ ਹੋਣ ਵਾਲੀ ਦੇਸ਼ ਪੱਧਰੀ ਹੜਤਾਲ ਵਿਚ ਸ਼ਾਮਲ ਹੋਣ ਲਈ ਥਰਮਲ ਮੁਲਾਜ਼ਮਾਂ ਨੇ ਲਹਿਰਾ ਮੁਹੱਬਤ ਦੇ ਮੇਨ ਗੇਟ ਤੋਂ ਰੈਲੀ ਕਰਕੇ ਆਪਣੇ ਹੱਕਾਂ ਲਈ ਸੰਘਰਸ਼ ਦੀ ਸੂਚਨਾ ਦਿੱਤੀ। ਇਸ ਰੈਲੀ ਦਾ ਆਯੋਜਨ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਜੇਈ ਅਸੋਸੀਏਸ਼ਨ, ਗਰਿਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ ਤੇ ਪਾਵਰਕਾਮ ਦੀਆਂ 16 ਤੋਂ ਵੱਧ ਜਥੇਬੰਦੀਆਂ ਨੇ ਕੀਤਾ। ਇਸਦੇ ਨਾਲ-ਨਾਲ ਕਿਸਾਨ ਅਤੇ ਹੋਰ ਮਜ਼ਦੂਰ ਜਥੇਬੰਦੀਆਂ ਵੀ ਇਸ ਮੁਹਿੰਮ ’ਚ ਸ਼ਾਮਲ ਹੋਈਆਂ। ਰੈਲੀ ’ਚ ਲਖਵੰਤ ਸਿੰਘ ਬਾਡੀ, ਰਜਿੰਦਰ ਸਿੰਘ ਨਿੰਮਾ, ਰਘਬੀਰ ਸਿੰਘ ਸੈਣੀ, ਰਵੀਪਾਲ ਸਿੰਘ ਸਿੱਧੂ, ਗ੍ਰਿਡ ਸਬ-ਸਟੇਸ਼ਨ ਜਥੇਬੰਦੀ ਵਲੋਂ ਰਣਜੀਤ ਸਿੰਘ ਤੇ ਜੀਐੱਚਟੀਪੀ ਕੰਟਰੈਕਟਰ ਵਰਕਰ ਯੂਨੀਅਨ (ਏਟਕ) ਦੇ ਪ੍ਰਧਾਨ ਸੁਖਵਿੰਦਰ ਸਿੰਘ ਤੇ ਸਹਾਇਕ ਸਕੱਤਰ ਗੁਰਸੇਵਕ ਸਿੰਘ ਨੇ ਸੰਬੋਧਨ ਕੀਤਾ। ਕੇਂਦਰ ਸਰਕਾਰ ਦੇ ਦੌਰਾਨ ਦੇਸ਼ ਦੇ ਬਿਜਲੀ, ਏਅਰਲਾਈਨ, ਰੇਲਵੇ, ਸੜਕਾਂ, ਖਣਿਜ ਪਦਾਰਥ, ਟੈਲੀਕਾਮ, ਬੈਂਕਿੰਗ ਤੇ ਤੇਲ ਉਦਯੋਗਾਂ ਦਾ ਨਿੱਜੀਕਰਨ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਨਵੇਂ ਲੇਬਰ ਕਾਨੂੰਨਾਂ ਨਾਲ ਨੌਜਵਾਨ ਮੁਲਾਜ਼ਮਾਂ ਨੂੰ 12-12 ਘੰਟੇ ਕੰਮ ਲੈਣ ਅਤੇ ਘੱਟ ਤਨਖਾਹ ‘ਤੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਥਰਮਲ ਮੁਲਾਜ਼ਮਾਂ ਨੇ ਆਪਣੀਆਂ ਮੁੱਖ ਮੰਗਾਂ ’ਚ ਆਉਟਸੋਰਸਿੰਗ ਕਰਮਚਾਰੀਆਂ ਨੂੰ ਪੱਕੇ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਡੀਏ ਦਾ ਬਕਾਇਆ ਰਿਲੀਜ਼ ਕਰਨਾ, ਬੀਜ ਬਿੱਲ ਤੇ ਰਾਮ ਜੀ ਸਕੀਮ ਵਾਪਸ ਲੈਣਾ ਤੇ ਪਾਵਰਕਾਮ ਜਥੇਬੰਦੀਆਂ ਨਾਲ 14 ਜਨਵਰੀ ਨੂੰ ਹੋਈਆਂ ਮੰਗਾਂ ’ਤੇ ਸਹਿਮਤੀਆਂ ਲਾਗੂ ਕਰਨਾ ਸ਼ਾਮਲ ਕੀਤਾ। ਰੈਲੀ ਵਿਚ ਸੈਕੜੇ ਥਰਮਲ ਮੁਲਾਜ਼ਮਾਂ ਦੇ ਨਾਲ ਹੋਰ ਅਹੁਦੇਦਾਰ ਜਥੇਬੰਦੀਆਂ ਵੀ ਮੌਜੂਦ ਸਨ।