- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਜੇਲ੍ਹ ਦੇ ਬੰਦੀ ਕੋਲੋਂ 37 ਗ੍ਰਾਮ ਚਰਸ ਅਤੇ 58 ਗ੍ਰਾਮ ਤੰਬਾਕੂ ਬਰਾਮਦ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਇਕ ਵਿਅਕਤੀ ਕੋਲੋਂ ਜੇਲ੍ਹ ਅਧਿਕਾਰੀਆਂ ਨੇ ਭਾਰੀ ਮਾਤਰਾ ਚਰਸ ਅਤੇ ਤੰਬਾਕੂ ਬਰਾਮਦ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਵਿੱਚ ਬੰਦ ਮਿੱਤਲ ਉਰਫ ਮਹਿਤਾਬ ਖਾਨ ਵਾਸੀ ਜਨਤਾ ਨਗਰ ਕਿਸੇ ਕੇਸ ਵਿੱਚ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਇਸ ਦੌਰਾਨ ਉਸ ਦੀ ਮੁਲਾਕਾਤ ’ਤੇ ਆਇਆ ਮਹਿਫੂਜ ਖਾਨ ਵਾਸੀ ਜਨਤਾ ਨਗਰ ਉਸ ਨੂੰ ਨਸ਼ੀਲੇ ਪਦਾਰਥ ਦੇ ਗਿਆ। ਜਦੋਂ ਮਿੱਤਲ ਮੁਲਾਕਾਤ ਤੋਂ ਬਾਅਦ ਵਾਪਸ ਜੇਲ੍ਹ ਅੰਦਰ ਜਾਣ ਲੱਗਿਆ ਤਾਂ ਜੇਲ੍ਹ ਸਟਾਫ ਵੱਲੋਂ ਉਸ ਦੀ ਤਲਾਸ਼ੀ ਕੀਤੀ ਤਾਂ ਉਸ ਕੋਲੋਂ 37 ਗ੍ਰਾਮ ਚਰਸ ਅਤੇ 58 ਗ੍ਰਾਮ ਤੰਬਾਕੂ ਬਰਾਮਦ ਹੋਇਆ। ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਮਨਦੀਪ ਸਿੰਘ ਨੇ ਦੱਸਿਆ ਕਿ ਮੁਲਜਮ ਨੇ ਉਕਤ ਪਾਬੰਦੀਸ਼ੁਦਾ ਪਦਾਰਥ ਮੁਲਾਕਾਤ ਦੌਰਾਨ ਆਪਣੇ ਸਾਥੀ ਮਹਿਫੂਜ ਖਾਨ ਕੋਲੋਂ ਹਾਸਲ ਕੀਤੇ ਸਨ, ਪਰ ਜੇਲ੍ਹ ਸਟਾਫ ਦੀ ਚੌਕਸੀ ਕਾਰਨ ਉਸ ਨੂੰ ਫੜ ਲਿਆ ਗਿਆ। ਥਾਣਾ ਕੈਂਟ ਬਠਿੰਡਾ ਦੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਅਨੁਸਾਰ ਸਹਾਇਕ ਸੁਪਰਡੈਂਟ ਮਨਦੀਪ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਮਿੱਤਲ ਉਰਫ ਮਹਿਤਾਬ ਖਾਨ ਖਿਲਾਫ਼ ਕੇਸ ਦਰਜ ਕਰਕੇ ਉਸਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਉਸਦੇ ਸਾਥੀ ਮਹਿਫੂਜ ਖਾਨ ਦੀ ਭਾਲ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਛੇ ਵਿਅਕਤੀਆਂ ਨੂੰ ਵੱਡੀ ਮਾਤਰਾ ’ਚ ਪਾਬੰਦੀਸ਼ੁਦਾ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਫੜੇ ਗਏ ਇਨ੍ਹਾਂ ਮੁਲਜ਼ਮਾਂ ਕੋਲੋਂ 107 ਗ੍ਰਾਮ ਹੈਰੋਇਨ 200 ਪਾਬੰਦੀਸ਼ੁਦਾ ਕੈਪਸੂਲ ਅਤੇ 40 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਵਲ ਲਾਈਨ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ 25 ਗਜ ਕੁਆਟਰਾਂ ਨੇੜੇ ਰਿੰਗ ਰੋਡ ’ਤੇ ਛਾਪੇਮਾਰੀ ਕਰਦਿਆਂ ਗੁਰਲਾਲ ਸਿੰਘ ਵਾਸੀ ਬੇਅੰਤ ਨਗਰ ਨੂੰ ਸੱਤ ਗ੍ਰਾਮ ਹੈਰਇਨ ਸਮੇਤ ਕਾਬੂ ਕੀਤਾ ਹੈ। ਸੀਆਈਏ ਸਟਾਫ ਇਕ ਦੀ ਪੁਲਿਸ ਨੇ ਗਸ਼ਤ ਦੌਰਾਨ ਨੇੜੇ ਦਸ਼ਮੇਸ਼ ਸੈਲਰ ਕੋਲ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 50 ਗ੍ਰਾਮ ਹੈਰੋਇਨ ਅਤੇ ਇਕ ਮੋਬਾਈਲ ਫੋਨ ਬਰਾਮਦ ਹੋਇਆ। ਪੁਲਿਸ ਨੇ ਮੁਲਜਮ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਭੁੱਚੋ ਕਲਾਂ ਵਜੋਂ ਹੋਈ ਹੈ। ਥਾਣਾ ਕੈਂਟ ਬਠਿੰਡਾ ਦੀ ਪੁਲਿਸ ਨੇ ਉਸ ਖਿਲਾਫ ਕੇਸ ਦਰਜ ਕਰ ਲਿਆ ਹੈ। ਥਾਣਾ ਨਥਾਣਾ ਦੀ ਪੁਲਿਸ ਨੇ ਪਿੰਡ ਚੱਕ ਫਤਿਹ ਸਿੰਘ ਵਾਲਾ ਵਿੱਚ ਛਾਪੇਮਾਰੀ ਕਰਦਿਆਂ ਵੀਰਪਾਲ ਕੌਰ ਨੂੰ ਤਿੰਨ ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਭਗਤਾ ਭਾਈਕਾ ਦੀ ਪੁਲਿਸ ਨੇ ਪਿੰਡ ਦਿਆਲਪੁਰਾ ਭਾਈਕਾ ਨੇੜੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 40 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਈਆਂ। ਪੁਲਿਸ ਪਾਰਟੀ ਨੇ ਮੁਲਜਮ ਨੂੰ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ ਹਰਮੀਤ ਪਾਲ ਸਿੰਘ ਵਾਸੀ ਨੇੜੇ ਆਕਲੀਆ ਰੋਡ ਜਲਾਲ ਵਜੋਂ ਹੋਈ ਹੈ। ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਸ਼ਹਿਰ ’ਚ ਘੁੰਮ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਪਾਰਟੀ ਨੇ ਮੁਲਜਮ ਨੂੰ ਮੌਕੇ ’ਤੇ ਹੀ ਫੜ ਲਿਆ, ਜਿਸ ਦੀ ਪਛਾਣ ਬਲਵੰਤ ਸਿੰਘ ਵਾਸੀ ਪਿੰਡ ਜੀਵਨ ਸਿੰਘ ਵਾਲਾ ਵਜੋਂ ਹੋਈ ਹੈ। ਇਸ ਤਰ੍ਹਾਂ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਪਿੰਡ ਬੰਗੀ ਕਲਾਂ ਵਿੱਚ ਛਾਪੇਮਾਰੀ ਕਰਦਿਆਂ ਰਾਜਵੀਰ ਸਿੰਘ ਨੂੰ 200 ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਖਿਲਾਫ ਐਨਡੀਪੀਐਸ ਐਕਟ ਦੀਆਂ ਧਰਾਵਾਂ ਤਹਿਤ ਕੇਸ ਦਰਜ ਕੀਤੇ ਹਨ।