- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਲਾ ਮਾਈਸਰਖਾਨਾ ‘ ਚ ਲੱਖਾਂ ਦੀ ਤਦਾਦ ਵਿਚ ਦੇਸ਼ਾਂ-ਵਿਦੇਸ਼ਾਂ ਤੋ ਸੰਗਤਾਂ ਹੋਈਆਂ ਨਤਮਸਤਕ

-ਹਿੰਦੂ-ਸਿੱਖ ਸਾਂਝੀਵਾਲਤਾ ਤੇ ਸ਼ਰਧਾ ਦੀ ਨਿਰਾਲੀ ਮਿਸਾਲ ਹੈ ਇਹ ਮਾਈਸਰਖ਼ਾਨਾ ਮੇਲਾ
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ
ਪਿੰਡ ਮਾਈਸਰਖ਼ਾਨਾ ਵਿਖੇ ਸਾਲ ਵਿਚ ਦੋ ਵਾਰ ਲੱਗਣ ਵਾਲਾ ਮਾਲਵੇ ਦਾ ਪ੍ਰਸਿੱਧ ਮਾਤਾ ਦੁਰਗਾ ਦਾ ਮੇਲਾ ਆਪਣੀ ਵਿਲੱਖਣ ਪਹਿਚਾਣ ਕਰਕੇ ਦੇਸ਼ ਹੀ ਨਹੀਂ, ਸਗੋਂ ਦੁਨੀਆਂ ਭਰ ਵਿਚ ਮਸ਼ਹੂਰ ਹੈ। ਇਹ ਮੇਲਾ ਹਿੰਦੂ-ਸਿੱਖ ਸਾਂਝੀਵਾਲਤਾ ਅਤੇ ਸ਼ਰਧਾ ਦੀ ਨਿਰਾਲੀ ਮਿਸਾਲ ਹੈ। ਮੰਗਲਵਾਰ ਨੂੰ ਚੇਤ ਮਹੀਨੇ ਦੇ ਨਰਾਤਿਆਂ ਦੀ ਛੱਟ ਨੂੰ ਇਹ ਮੇਲਾ ਸੰਗਤਾਂ ਲਈ ਵਿਸ਼ੇਸ਼ ਖਿੱਚ ਕੇਂਦਰ ਰਿਹਾ। ਇਸ ਮੇਲੇ ਵਿਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਭਗਤਾਂ ਨੇ ਨਤਮਸਤਕ ਹੋ ਕੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੰਦਰ ਨਾਲ ਇਕ ਦੰਤ ਕਥਾ ਜੁੜੀ ਹੋਈ ਹੈ। ਇਸ ਕਥਾ ਅਨੁਸਾਰ ਦੈਂਤ ਮਹਿਸਾਸੁਰ ਨੂੰ ਦੁਰਗਾ ਦੇਵੀ ਨੇ ਇਸ ਸਥਾਨ ’ਤੇ ਮਾਰਿਆ ਸੀ।
ਇਸ ਥਾਂ ਬਾਰੇ ਮੰਨਿਆ ਜਾਂਦਾ ਹੈ ਕਿ ਦੁਰਗਾ ਚੰਡੀ ਦਾ ਰੂਪ ਧਾਰ ਕੇ ਰਾਖਸ਼ਸ਼ਾਂ ਦਾ ਨਾਸ਼ ਕਰਦੀ ਰਹੀ ਹੈ। ਮੰਦਰ ਦੇ ਪੁਜਾਰੀ ਰਾਜਵੀਰ ਸ਼ਰਮਾ ਨੇ ਮੰਦਰ ਦੇ ਇਤਿਹਾਸ ਬਾਰੇ ਦੱਸਦਿਆਂ ਕਿਹਾ ਕਿ ਇਹ ਮੰਦਰ ਲਗਭਗ 510 ਸਾਲ ਪੁਰਾਣਾ ਹੈ ਤੇ 16ਵੀਂ ਸਦੀ ਤੋਂ (1515 ਈ:) ਤੋਂ ਮਾਤਾ ਜਵਾਲਾ ਜੀ ਦੀ ਪੂਜਾ ਇਸ ਮੰਦਰ ਵਿਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਥਾਨ ’ਤੇ ਹਰੇਕ ਸਾਲ ’ਚ ਦੋ ਵਾਰ ਧਾਰਮਿਕ ਮੇਲੇ ਲੱਗਦੇ ਹਨ। ਹਰ ਸਾਲ ਛੇਵੇਂ ਚੇਤ ਅਤੇ ਅੱਸੂ ਦੇ ਨਰਾਤਿਆਂ ਨੂੰ ਇਸ ਥਾਂ ’ਤੇ ਮੇਲਾ ਲੱਗਦਾ ਹੈ। ਇਸ ਮੰਦਰ ਦੇ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਇਸ ਦਿਨ ਦੁਰਗਾ ਜਵਾਲਾ ਦੇ ਰੂਪ ਵਿਚ ਇੱਥੇ ਦਰਸ਼ਨ ਦਿੰਦੀ ਹੈ।
ਇਸ ਮੇਲੇ ਦਾ ਪ੍ਰਬੰਧ ਤਿੰਨ ਸਭਾਵਾਂ ਮਾਲਵਾ ਪ੍ਰਾਂਤੀਆ ਬ੍ਰਾਹਮਣ ਸਭਾ, ਸਵਰਨਕਾਰ ਸਭਾ ਅਤੇ ਸ੍ਰੀ ਸਨਾਤਮ ਧਰਮ ਮਹਾਵੀਰ ਦਲ ਪੰਜਾਬ ਵੱਲੋਂ ਕੀਤਾ ਜਾਂਦਾ ਹੈ। ਸ੍ਰੀ ਸਨਾਤਮ ਧਰਮ ਮਹਾਵੀਰ ਦਲ ਪੰਜਾਬ ਮੰਦਰ ਕਮੇਟੀ ਦੀ ਮੈਨੇਜਮੈਂਟ ਦੇ ਐਡਵੋਕੇਟ ਰਾਜਨ ਗਰਗ ਨੇ ਜਾਣਕਾਰੀ ਦਿੱਤੀ ਕਿ ਮੇਲੇ ਦੀ ਇਹ ਵਿਲੱਖਣਤਾ ਬਣਦੀ ਹੈ ਕਿ ਇਸ ਦੀਆਂ ਤਿਆਰੀਆਂ ਦੋ-ਤਿੰਨ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਮੇਲੇ ਵਿਚ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਲੰਗਰ, ਗਰਮੀ ਦੇ ਮੱਦੇਨਜ਼ਰ ਪੀਣ ਲਈ ਆਰਓ ਦਾ ਪਾਣੀ, ਏਅਰ ਕੂਲਰ ਤੇ ਪੱਖਿਆਂ ਦਾ ਖ਼ਾਸ ਪ੍ਰਬੰਧ ਕੀਤਾ ਹੈ। ਇਸ ਵਾਰ ਮੰਦਰ ਵਿਚ ਸਜਾਵਟ 10 ਕੁਇੰਟਲ ਫਲਾਂ ਤੇ 10 ਕੁਇੰਟਲ ਫੁੱਲਾਂ ਨਾਲ ਕਲਕੱਤੇ ਤੋਂ ਆਏ ਕਾਰੀਗਰਾਂ ਦੁਆਰਾ ਕੀਤੀ ਗਈ। ਇਹ ਮਨਮੋਹਕ ਦ੍ਰਿਸ਼ ਭਗਤਾਂ ਦੀ ਖਿੱਚ ਦਾ ਕੇਂਦਰ ਬਣਿਆ।
ਪੰਜਾਬ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਉੱਚ ਅਧਿਕਾਰੀਆਂ ਦੀ ਡਿਊਟੀ ਲਾ ਕੇ ਮੇਲੇ ’ਚ ਆਉਣ ਵਾਲੇ ਸ਼ਰਧਾਲੂਆਂ ਦੀ ਸੇਵਾ ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਂਦੇ ਹਨ। ਇਸ ਮੇਲੇ ਵਿਚ ਦੂਰ-ਦੂਰ ਦੇ ਖੇਤਰਾਂ ਤੋਂ ਧਾਰਮਿਕ ਕਮੇਟੀਆਂ ਵੱਲੋਂ ਮਾਤਾ ਦੇ ਸ਼ਰਧਾਲੂਆਂ ਲਈ ਲੰਗਰ, ਮੈਡੀਕਲ ਕੈਂਪ, ਛਬੀਲਾਂ ਲਾਈਆਂ ਜਾਂਦੀਆਂ ਹਨ। ਮੰਦਰ ਦੇ ਬਾਹਰ ਬਣੇ ਟਿੱਲੇ ਤੇ ਸ਼ਰਧਾਲੂ ਆਪਣੀ ਸੁੱਖ ਪੂਰੀ ਹੋਣ ਤੋਂ ਬਾਅਦ ਮਿੱਟੀ ਚੜ੍ਹਾਉਂਦੇ ਹਨ। ਮੰਦਰ ਅੰਦਰ ਪੁਰਾਤਨ ਬੇਰੀ ਦੇ ਦਰੱਖਤ ਹੇਠ ਬੱਚਿਆਂ ਦੀ ਝੰਡ (ਮੁੰਡਣ ਸੰਸਕਾਰ) ਲਾਹੀ ਜਾਂਦੀ ਹੈ। ਮੇਲੇ ਵਿਚ ਨਵੇਂ ਕਿਸਮ ਦੇ ਝੂਲੇ- ਖਿਡੌਣੇ, ਵੱਖ- ਵੱਖ ਕਿਸਮ ਦੀਆਂ ਮਠਿਆਈਆਂ, ਸਰਕਸਾਂ ਤੇ ਹੋਰ ਮਨੋਰੰਜਨ ਦੇ ਸਾਧਨਾਂ ਵੀ ਸ਼ਰਧਾਲੂਆਂ ਦੇ ਮਨਾਂ ਉਪਰ ਅਮਿੱਟ ਛਾਪ ਛੱਡਦੇ ਹਨ। ਮੇਲੇ ਵਿਚ ਆਉਣ ਵਾਲੇ ਸ਼ਰਧਾਲੂਆਂ ਲਈ ਵਿਸ਼ੇਸ਼ ਤੌਰ ’ਤੇ ਬੱਸਾਂ ਦੇ ਰੂਟ ਪਲਾਨ ਤਿਆਰ ਕੀਤੇ ਜਾਂਦੇ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂ ਮੌੜ ਮੰਡੀ ਅਤੇ ਨੇੜਲੇ ਇਲਾਕਿਆਂ ਤੋਂ ਮਾਤਾ ਜੀ ਦਾ ਝੰਡਾ ਚੁੱਕ ਕੇ ਪੈਦਲ ਯਾਤਰਾ ਕਰ ਕੇ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ।