- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੜੀ ਸੁਰੱਖਿਆ ਵਿਚ ਮਨਾਇਆ ਜਾਵੇਗਾ 77ਵਾਂ ਗਣਤੰਤਰ ਦਿਵਸ

-ਕੀਤਾ ਫਲੈਗ ਮਾਰਚ, ਸਮਾਗਮ ਦੌਰਾਨ ਡ੍ਰੋਨ ਤੇ ਸੀਸੀਟੀਵੀ ਰਾਹੀੰ ਨਿਗਰਾਨੀ ਕਰੇਗੀ ਪੁਲਿਸ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾ : ਦੇਸ਼ ਦੇ 77ਵੇਂ ਗਣਤੰਤਰ ਦਿਵਸ ਨੂੰ ਮਨਾਉਣ ਲਈ 26 ਜਨਵਰੀ 2026 ਨੂੰ ਬਠਿੰਡਾ ਜ਼ਿਲ੍ਹੇ ਵਿਚ ਸ਼ਾਨਦਾਰ ਸਮਾਗਮ ਕਰਵਾਇਆ ਜਾਵੇਗਾ। ਮੁੱਖ ਜ਼ਿਲ੍ਹਾ ਪੱਧਰੀ ਸਮਾਰੋਹ ਸ਼ਹੀਦ ਭਗਤ ਸਿੰਘ ਬਹੁ-ਮੰਤਵੀ ਖੇਡ ਸਟੇਡੀਅਮ ਵਿਚ ਹੋਵੇਗਾ, ਜਿੱਥੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਰਾਸ਼ਟਰੀ ਝੰਡਾ ਲਹਿਰਾਉਣਗੇ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਨੇ ਸਮਾਰੋਹ ਨੂੰ ਸ਼ਾਂਤਮਈ ਅਤੇ ਸੁਰੱਖਿਅਤ ਬਣਾਉਣ ਲਈ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਹਨ।
ਪੁਲਿਸ ਅਨੁਸਾਰ ਪੂਰੇ ਜ਼ਿਲ੍ਹੇ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਸਟੇਡੀਅਮ ਜਾਣ ਵਾਲੀਆਂ ਪ੍ਰਮੁੱਖ ਸੜਕਾਂ ਨੂੰ ਸੀਲ ਕੀਤਾ ਜਾਵੇਗਾ, ਜਦਕਿ ਟ੍ਰੈਫਿਕ ਸੁਚਾਰੂ ਬਣਾਈ ਰੱਖਣ ਲਈ ਵਿਕਲਪਕ ਰਸਤੇ ਤੈਅ ਕੀਤੇ ਹਨ। ਜਨਤਾ ਨੂੰ ਪਹਿਲਾਂ ਹੀ ਰੂਟ ਡਾਇਵਰਸ਼ਨ ਬਾਰੇ ਜਾਣੂ ਕਰਵਾਇਆ ਹੈ। ਸੁਰੱਖਿਆ ਵਿਚ 2,000 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਇਨ੍ਹਾਂ ’ਚ ਜ਼ਿਲ੍ਹਾ ਪੁਲਿਸ, ਪੀਏਪੀ, ਟ੍ਰੈਫਿਕ ਪੁਲਿਸ, ਮਹਿਲਾ ਪੁਲਿਸ ਅਤੇ ਸਾਦੇ ਕੱਪੜੇ ਵਿਚ ਵਿਸ਼ੇਸ਼ ਟੀਮਾਂ ਸ਼ਾਮਲ ਹਨ। ਸਟੇਡੀਅਮ ਤੇ ਆਲੇ-ਦੁਆਲੇ ਖੇਤਰਾਂ ਵਿੱਚ ਦਾਖਲ ਹੋਣ ਵਾਲੇ ਹਰ ਵਿਅਕਤੀ ’ਤੇ ਕੜੀ ਨਿਗਰਾਨੀ ਰੱਖੀ ਜਾਵੇਗੀ।
ਸੁਰੱਖਿਆ ਸਮੀਖਿਆ ਦੌਰਾਨ ਬੰਬ ਨਿਰੋਧਕ ਦਸਤਿਆਂ ਤੇ ਡੋਗ ਸਕੁਐਡ ਟੀਮ ਨੇ ਸਟੇਡੀਅਮ ਦੀ ਪੂਰੀ ਜਾਂਚ ਕੀਤੀ। ਦਰਸ਼ਕ ਗੈਲਰੀ, ਸਟੇਜ, ਐਟਰੀ ਗੇਟ, ਪਾਰਕਿੰਗ ਖੇਤਰ ਤੇ ਆਲੇ-ਦੁਆਲੇ ਖੁੱਲ੍ਹੇ ਖੇਤਰਾਂ ਦੀ ਜਾਂਚ ਕੀਤੀ ਗਈ ਪ੍ਰੰਤੂ ਇਸ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਇਸਦੇ ਨਾਲ ਹੀ ਸ਼ਹਿਰ ਦੇ ਮੁੱਖ ਚੌਰਾਹੇ, ਬਜ਼ਾਰ ਅਤੇ ਸੰਵੇਦਨਸ਼ੀਲ ਖੇਤਰਾਂ ਵਿਚ ਨਾਕੇਬੰਦੀ ਤੇ ਵਾਹਨਾਂ ਤੇ ਵਿਅਕਤੀਆਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਸ਼ਹਿਰ ਵਿੱਚ ਫਲੈਗ ਮਾਰਚ ਰਾਹੀਂ ਜਨਤਾ ਵਿੱਚ ਸੁਰੱਖਿਆ ਵਿਸ਼ਵਾਸ ਪੈਦਾ ਕੀਤਾ ਗਿਆ। ਗਣਤੰਤਰ ਸਮਾਗਮ ਦੌਰਾਨ ਡ੍ਰੋਨ ਤੇ ਸੀਸੀਟੀਵੀ ਨਾਲ ਨਿਗਰਾਨੀ ਕੀਤੀ ਜਾਵੇਗੀ। ਸਟੇਡੀਅਮ ’ਚ ਅਸਥਾਈ ਕੰਟਰੋਲ ਰੂਮ ਅਤੇ ਕਵਿਕ ਰਿਸਪਾਂਸ ਟੀਮਾਂ ਮੌਕੇ ’ਤੇ ਤਾਇਨਾਤ ਰਹਿਣਗੀਆਂ। ਜਨਤਾ ਤੋਂ ਅਪੀਲ ਕੀਤੀ ਕਿ ਉਹ ਸੁਰੱਖਿਆ ਜਾਂਚ ਦੌਰਾਨ ਸਹਿਯੋਗ ਕਰੇ। ਗਣਤੰਤਰ ਦਿਵਸ ਦੌਰਾਨ ਹੋਣ ਵਾਲੇ ਜਸ਼ਨ ਦੀ ਸ਼ਾਨ ਵਧਾਉਣ ਲਈ ਸੱਭਿਆਚਾਰਕ ਪ੍ਰੋਗਰਾਮਾਂ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਦੇਸ਼ ਭਗਤੀ ਦੇ ਸੱਭਿਆਚਾਰਕ ਪ੍ਰਦਰਸ਼ਨ ਪੇਸ਼ ਕਰਨਗੇ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਤਰਜੀਹ ਸ਼ਾਂਤਮਈ, ਸੁਰੱਖਿਅਤ ਅਤੇ ਯਾਦਗਾਰੀ ਗਣਤੰਤਰ ਦਿਵਸ ਸਮਾਰੋਹ ਨੂੰ ਯਕੀਨੀ ਬਣਾਉਣਾ ਹੈ। ਸੁਰੱਖਿਆ ਪ੍ਰਬੰਧਾਂ ’ਚ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।