- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਲਾਗੂ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਮੈਜਿਸਟ੍ਰੇਟ ਰਾਜੇਸ਼ ਧੀਮਾਨ ਨੇ ਭਾਰਤੀ ਨਾਗਰਿਕ ਸੁਰਖਿਆ ਸੰਹਿਤਾ ਦੀ ਧਾਰਾ 163 ਅਧੀਨ ਮਿਲੇ ਹੱਕਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮ ਅਨੁਸਾਰ ਪੰਜਾਬ ਜੇਲ੍ਹ ਰੂਲਜ਼, 2022 ਤਹਿਤ ਜੇਲ੍ਹਾਂ ਵਿਚ ਲਾਗੂ ਹੋਣ ਵਾਲੇ ਕਿਸੇ ਹੋਰ ਕਾਨੂੰਨ ਦੇ ਅਧੀਨ ਕੇਂਦਰੀ ਜੇਲ੍ਹ ਬਠਿੰਡਾ ਅੰਦਰ ਗ਼ੈਰ-ਕਾਨੂੰਨੀ ਅਪਰਾਧਿਕ ਸਰਗਰਮੀਆਂ ਤੇ ਅਜਿਹੀਆਂ ਪਾਬੰਦੀਸ਼ੁਦਾ ਵਸਤੂਆਂ ਰੱਖਣ ’ਤੇ ਪੂਰਨ ਰੋਕ ਲਾਈ ਜਾਂਦੀ ਹੈ। ਇਕ ਹੋਰ ਹੁਕਮ ਅਨੁਸਾਰ ਸ਼ਡਿਊਲ 'ਐਕਸ' ਤੇ 'ਐਚ' ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰਾਂ 'ਤੇ ਸੀਸੀਟੀਵੀ ਕੈਮਰੇ ਲਗਾਉਣ ਲਈ ਹਦਾਇਤ ਕੀਤੀ। ਹੁਕਮ ਅਨੁਸਾਰ ਜ਼ਿਲ੍ਹੇ ਦੀਆਂ ਸਾਰੀਆਂ ਮੈਡੀਕਲ/ਕੈਮਿਸਟ/ਫਾਰਮੇਸੀ ਦੀਆਂ ਦੁਕਾਨਾਂ, ਡਰੱਗਜ਼ ਐਂਡ ਕਾਸਮੈਟਿਕਸ ਰੂਲਜ਼ 1945 ਦੇ ਨਿਯਮ 9 ਦੇ ਅਨੁਸਾਰ ਸ਼ਡਿਊਲ ਐਕਸ ਤੇ ਐੱਚ ਦਵਾਈਆਂ ਦੀ ਵਿਕਰੀ ਕਰਦੀਆਂ ਹਨ, ਉਨ੍ਹਾਂ ਦੁਕਾਨਾਂ ਦੇ ਬਾਹਰ ਤੇ ਅੰਦਰ ਸੀਸੀਟੀਵੀ. ਕੈਮਰੇ ਲਗਾਉਣੇ ਯਕੀਨੀ ਬਣਾਉਣ। ਹੁਕਮ ਮੁਤਾਬਕ ਟ੍ਰੈਫ਼ਿਕ ਦੀ ਸਮੱਸਿਆ ਨੂੰ ਵੇਖਦਿਆਂ ਹੋਇਆ ਤੰਗ ਥਾਵਾਂ ’ਤੇ ਟਰੱਕ ਖੜਾ ਕਰਨ ਦੀ ਸਖ਼ਤ ਮਨਾਹੀ ਕੀਤੀ ਹੈ।
ਜਾਰੀ ਹੁਕਮਾਂ ’ਚ ਉਨ੍ਹਾਂ ਕਿਹਾ ਕਿ ਬਹੁ-ਮੰਤਵੀ ਖੇਡ ਸਟੇਡੀਅਮ ਕੋਲ ਟਰੱਕ ਖੜੇ ਹੋਣ ਕਾਰਨ ਐੱਮਐੱਸਡੀ ਸਕੂਲ ਅਤੇ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਬੱਚਿਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨਾਂ ਟਰੱਕਾਂ ਕਰਕੇ ਸਕੂਲਾਂ ਦੀਆਂ ਵੈਨਾ, ਬੱਸਾਂ, ਰਿਕਸ਼ੇ ਆਦਿ ਦਾ ਐਕਸੀਡੈਂਟ ਹੋਣ ਦਾ ਖ਼ਦਸ਼ਾ ਰਹਿੰਦਾ ਹੈ। ਇਨਾਂ ਗੱਲਾਂ ਨੂੰ ਧਿਆਨ ‘ਚ ਰੱਖਦੇ ਹੋਏ ਹਨੂਮਾਨ ਚੌਂਕ ਦੇ ਆਸ-ਪਾਸ ਗੋਨਿਆਣਾ ਰੋਡ ਅਤੇ ਖੇਡ ਸਟੇਡੀਅਮ ਰੋਡ ’ਤੇ ਟਰੱਕ ਖੜਾ ਕਰਨ ਦੀ ਸਖ਼ਤ ਮਨਾਹੀ ਕੀਤੀ ਹੈ। ਇਨ੍ਹਾਂ ਇਲਾਕਿਆਂ ’ਚ ਸਵੇਰੇ 6 ਤੋਂ ਸਵੇਰੇ 9 ਵਜੇ ਤਕ ਅਤੇ ਦੁਪਹਿਰ 1 ਤੋਂ 3 ਵਜੇ ਤਕ ਕਿਸੇ ਵੀ ਟਰੱਕ ਨੂੰ ਚਲਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਐਮਐਸਡੀ ਸਕੂਲ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਨੂੰ ਨਿਰਦੇਸ਼ ਦਿੱਤੇ ਕਿ ਛੁੱਟੀ ਸਮੇਂ ਆਪਣੇ ਵਿਦਿਆਰਥੀਆਂ ਨੂੰ ਸਕੂਲ ਦੇ ਕੰਪਾਉਂਡ ਵਿੱਚੋਂ ਹੀ ਰਿਕਸ਼ਾ, ਗੱਡੀ ਆਦਿ ਵਿਚ ਸੁਰੱਖਿਅਤ ਰੂਪ ’ਚ ਚੜ੍ਹਾਉਣਗੇ।
ਸਕੂਲ ਤੋਂ ਛੁੱਟੀ ਸਮੇਂ ਬੱਚਿਆਂ ਨੂੰ ਲੈਣ ਆਉਣ ਵਾਲੇ ਰਿਕਸ਼ਾ ਅਤੇ ਗੱਡੀਆਂ ਸਕੂਲ ਦੇ ਬਾਹਰ ਸੜਕ ਜਾਂ ਸੜਕ ਦੇ ਕਿਨਾਰੇ ਪਾਰਕ ਨਹੀਂ ਕੀਤੇ ਜਾਣਗੇ। ਜਾਰੀ ਹੁਕਮ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਅੰਦਰ ਉਲਾਈਵ ਗਰੀਨ ਰੰਗ ਦੀ ਮਿਲਟਰੀ ਵਰਦੀ ਤੇ ਉਲਾਈਵ ਗਰੀਨ ਰੰਗ (ਮਿਲਟਰੀ ਰੰਗ) ਦੀਆਂ ਜੀਪਾਂ/ਮੋਟਰਸਾਈਕਲਾਂ/ਮੋਟਰ ਗੱਡੀਆਂ ਦੀ ਵਰਤੋਂ ਦੀ ਮਨਾਹੀ ਕੀਤੀ ਹੈ। ਇਕ ਹੋਰ ਹੁਕਮ ਅਨੁਸਾਰ ਜ਼ਿਲ੍ਹੇ ਅੰਦਰ ਪਿੰਡ, ਰੇਲਵੇ ਟਰੈਕ, ਸੂਏ ਤੇ ਨਹਿਰਾਂ ਦੇ ਪੁਲ, ਨਹਿਰਾਂ, ਜਨ-ਨਿਕਾਸ ਦੇ ਨਾਲਿਆਂ ਅਤੇ ਸੂਏ/ਰਜਬਾਹੇ, ਆਇਲ ਪਾਈਪ ਲਾਈਨਜ਼ ਆਦਿ ਨਾਲ ਲਗਦੇ ਸਾਰੇ ਪਿੰਡਾਂ ਦੇ ਨਰੋਈ ਸਿਹਤ ਵਾਲੇ ਸਾਰੇ ਬਾਲਗ ਆਦਮੀ ਸਾਰੇ ਪਿੰਡਾਂ, ਰੇਲ ਪਟੜੀਆਂ, ਜਲ ਸਪਲਾਈ ਸਕੀਮਾਂ, ਨਹਿਰਾਂ, ਜਲ ਨਿਕਾਸ ਦੇ ਨਾਲਿਆਂ ਅਤੇ ਸੂਏ ਟੁੱਟਣ ਤੋਂ ਬਚਾਉਣ ਲਈ ਠੀਕਰੀ ਪੈਰਾ ਰਾਖੀ ਦੀ ਡਿਊਟੀ ਨਿਭਾਉਣਗੇ।
ਇਸ ਤਰ੍ਹਾਂ ਇਕ ਹੋਰ ਹੁਕਮ ਰਾਹੀਂ ਜ਼ਿਲ੍ਹੇ ਦੇ ਪੇਂਡੂ/ਸ਼ਹਿਰੀ ਖੇਤਰਾਂ ’ਚ ਲਿਖਤੀ ਪ੍ਰਵਾਨਗੀ ਤੋਂ ਬਗੈਰ ਕੱਚੀਆਂ ਖੂਹੀਆਂ ਪੁੱਟਣ ’ਤੇ ਪਾਬੰਦੀ ਲਗਾਈ ਜਾਂਦੀ ਹੈ। ਕੋਈ ਵੀ ਵਿਅਕਤੀ ਕਾਰਜਕਾਰੀ ਇੰਜੀਨੀਅਰ, ਜਨ ਸਿਹਤ ਮੰਡਲ, ਬਠਿੰਡਾ ਜਾਂ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਬਠਿੰਡਾ ਦੀ ਲਿਖਤੀ ਪ੍ਰਵਾਨਗੀ ਅਤੇ ਦੇਖ-ਰੇਖ ਤੋਂ ਬਗੈਰ ਕੱਚੀਆਂ ਖੂਹੀਆਂ ਨਹੀਂ ਪੁੱਟੇਗਾ/ਪੁਟਾਏਗਾ। ਜ਼ਿਲ੍ਹੇ ਦੀ ਹਦੂਦ ਅੰਦਰ ਜੋ ਟਰੈਕਟਰ-ਟਰਾਲੀ ਤੇ ਹੋਰ ਆਵਾਜਾਈ ਦੇ ਸਾਧਨ ਜਿਸ ਰਾਹੀਂ ਬਰੇਤੀ/ਮਿੱਟੀ ਆਦਿ ਦੀ ਢੋਆ-ਢੁਆਈ ਕੀਤੀ ਜਾਂਦੀ ਹੈ ਤੇ ਬਰੇਤੀ/ਮਿੱਟੀ ਆਦਿ ਦੀ ਟਰਾਲੀ ਨੂੰ ਬਿਨਾਂ ਕਵਰ ਕੀਤੇ ਇੱਧਰ-ਉੱਧਰ ਲੈ ਕੇ ਜਾਣ 'ਤੇ ਪੂਰਨ ਰੋਕ ਲਗਾਈ ਜਾਂਦੀ ਹੈ। ਜਾਰੀ ਹੁਕਮਾਂ ਅਨੁਸਾਰ ਉਕਤ ਦੇ ਮੱਦੇਨਜ਼ਰ ਕਾਨੂੰਨ ਤੇ ਵਿਵਸਥਾ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਕਿਸੇ ਵੀ ਵਿਅਕਤੀ ਦੇ ਪਾਣੀ ਦੀਆਂ ਟੈਕੀਆਂ ’ਤੇ ਚੜਣ ਜਾਂ ਅਜਿਹੀਆਂ ਉਚੀਆਂ ਥਾਵਾਂ ’ਤੇ ਪਾਬੰਦੀ ਲਾਈ ਜਾਂਦੀ ਹੈ। ਜਾਰੀ ਹੁਕਮ ਅਨੁਸਾਰ ਸੈਂਟਰਲ ਜੇਲ੍ਹ ਬਠਿੰਡਾ ਦੀ ਹੱਦ ਅੰਦਰ ਤੇ ਹਦੂਦ ਤੋਂ 500 ਮੀਟਰ ਤੱਕ ਏਰੀਏ ਚ ਡਰੋਨ ਕੈਮਰਾ ਚਲਾਉਣ/ਉਡਾਉਣ ਤੇ ਮੁਕੰਮਲ ਪਾਬੰਦੀ ਲਗਾਈ ਹੈ। ਜੇਲ੍ਹ ਦੇ 500 ਮੀਟਰ ਘੇਰੇ ਦੇ ਅੰਦਰ ਕਿਸੇ ਵੀ ਵਿਅਕਤੀ ਦੇ ਘੁੰਮਣ ਫ਼ਿਰਨ ਤੇ ਪਾੰਬਦੀ ਲਗਾਉਣ ਲਈ (ਸਿਵਾਏ ਮੇਨ ਰੋਡ) ਸ਼ਾਮ 8 ਤੋਂ ਸਵੇਰੇ 6 ਵਜੇ ਤੱਕ ਅਧੀਨ ਧਾਰਾ 163 ਲਗਾਈ ਹੈ। ਜ਼ਿਲ੍ਹੇ ’ਚ ਰੈਲੀਆਂ, ਮੀਟਿੰਗਾਂ ਤੇ ਧਰਨੇ ’ਚ ਹੋਣ ਵਾਲੀ ਹਰ ਪ੍ਰਕਾਰ ਦੀ ਭੜਕਾਊ ਬਿਆਨਬਾਜੀ/ਵਿਅਕਤੀ ਵਿਸ਼ੇਸ਼, ਧਰਮ, ਜਾਤ ਜਾਂ ਸਮਾਜ ਦੇ ਕਿਸੇ ਸਮੁਦਾਇ ਨੂੰ ਠੇਸ ਪਹੁੰਚਾਉਣ ਵਾਲੇ ਨਫ਼ਰਤੀ ਭਾਸ਼ਣ ਆਦਿ ਦੇਣ ’ਤੇ ਮੁਕਮੰਲ ਰੋਕ ਲਗਾਈ ਹੈ। ਅਗਲੇ ਹੁਕਮਾਂ ਅਨੁਸਾਰ ਏਅਰ ਫ਼ੋਰਸ, ਭਿਸੀਆਣਾ ਹਵਾਈ ਅੱਡੇ ਦੇ ਬਾਹਰ 100 ਗਜ ਏਰੀਏ ਦੀ ਹੱਦ ’ਚ ਪੁਲਿਸ ਵੈਰੀਫਿਕੇਸ਼ਨ ਕਰਵਾਏ ਤੋਂ ਬਿਨਾਂ ਲੋਕਾਂ ਵਲੋਂ ਦੁਕਾਨਾਂ ਬਣਾ ਕੇ ਕਾਰੋਬਾਰ ਕਰਨ ’ਤੇ ਪਾਬੰਦੀ ਲਾਈ ਹੈ। ਹੁਕਮ 9 ਅਪ੍ਰੈਲ 2026 ਤਕ ਲਾਗੂ ਰਹਿਣਗੇ।