ਸ਼ਿਵਰਾਤਰੀ ਮੌਕੇ ਭੋਲੇ ਸ਼ੰਕਰ ਦੇ ਜੈਕਾਰਿਆਂ ਦੀ ਗੂੰਜ
ਸ਼ਿਵਰਾਤਰੀ ਮੌਕੇ ਭੋਲੇ ਸ਼ੰਕਰ ਦੇ ਜੈਕਾਰਿਆਂ ਦੀ ਗੂੰਜ
Publish Date: Sun, 15 Feb 2026 04:56 PM (IST)
Updated Date: Mon, 16 Feb 2026 04:03 AM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਵਿਆਹ ਦੇ ਰੂਪ ਵਿਚ ਪੂਰੇ ਦੇਸ਼ ਵਿਚ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਮਹਾਸ਼ਿਵਰਾਤਰੀ ਦੇ ਤਿਉਹਾਰ ਮੌਕੇ ਐਤਵਾਰ ਨੂੰ ਮੌੜ ਸ਼ਹਿਰ ਭੋਲੇ ਸ਼ੰਕਰ ਦੀ ਭਗਤੀ ਵਿਚ ਡੁੱਬਿਆ ਰਿਹਾ ਅਤੇ ਸ਼ਹਿਰ ਦੇ ਮੰਦਰਾਂ ’ਚ ਰੌਣਕ ਲੱਗੀ ਰਹੀ। ਮੰਦਰਾਂ ਵਿਚ ਸਵੇਰ ਤੋਂ ਹੀ ਸ਼ਿਵ ਭਗਤਾਂ ਦੀ ਭੀੜ ਲੱਗੀ ਰਹੀ ਅਤੇ ਸਾਰਾ ਸ਼ਹਿਰ ਬੰਮ-ਬੰਮ ਭੋਲੇ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਸ਼ਰਧਾਲੂਆਂ ਨੇ ਲੰਮੀਆਂ ਕਤਾਰਾਂ ’ਚ ਲੱਗ ਕੇ ਆਪਣੀ ਵਾਰੀ ਦੀ ਉਡੀਕ ਕੀਤੀ। ਇਸ ਮੌਕੇ ਸ਼ਹਿਰ ਦੇ ਮੰਦਰਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਨਵੀਂ ਦੁਲਹਨ ਵਾਂਗ ਸਜਾਇਆ ਗਿਆ। ਇਸ ਤੋਂ ਇਲਾਵਾ ਮੰਦਰਾਂ ਵਿੱਚ ਸ਼ਰਧਾਲੂਆਂ ਲਈ ਫਲਾਂ, ਦੁੱਧ, ਬਰੈੱਡ ਪਕੌੜਿਆਂ ਅਤੇ ਖੀਰ ਦਾ ਲੰਗਰ ਵੀ ਲਗਾਇਆ ਗਿਆ। ਸ਼ਿਵਰਾਤਰੀ ਦੇ ਤਿਉਹਾਰ ਨੂੰ ਲੈ ਕੇ ਸ਼ਿਵ ਭਗਤ ਕਾਂਵੜੀਆਂ ਦੇ ਰੂਪ ਵਿਚ ਵੱਡੀ ਗਿਣਤੀ ਚ ਪਿਛਲੇ ਦਿਨੀਂ ਹਰਿਦੁਆਰ ਗੰਗਾ ਜਲ ਲੈਣ ਲਈ ਗਏ ਹੋਏ ਸਨ ਜੋ ਕਿ ਸ਼ਰਧਾ ਨਾਲ ਹਰਿਦਵਾਰ ਤੋਂ ਪੈਦਲ ਗੰਗਾ ਜਲ ਲੈ ਕੇ ਵਾਪਸ ਪਰਤੇ ਅਤੇ ਵੱਖ-ਵੱਖ ਮੰਦਰਾਂ ਵਿਖੇ ਸ਼ਿਵਿਲੰਗ ਤੇ ਜਲਾਅਭਿਸ਼ੇਕ ਕਰਕੇ ਆਪਣੇ ਮਨ ਦੀਆਂ ਮਨੋਕਾਮਨਾਵਾਂ ਦੀ ਪੂਰਤੀ ਕੀਤੀ। ਰਾਤ ਭਰ ਮੰਦਰਾਂ ਵਿਚ ਸ਼ਿਵ ਭੋਲੇ ਦਾ ਜਲ ਅਭਿਸ਼ੇਕ ਤੇ ਗੁਣਗਾਨ ਹੁੰਦਾ ਰਿਹਾ।