ਵਿਧਾਇਕ ਮਾ. ਜਗਸੀਰ ਸਿੰਘ ਸਾਹਮਣੇ ਉੱਠਿਆ ਚਿੱਟਾ ਵਿਕਣ ਦਾ ਮੁੱਦਾ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਕੋਆਰਡੀਨੇਟਰ ਨੇ ਸ਼ਰੇਆਮ ਨਸ਼ੇ ਵਿਕਣ ਦੇ ਲਾਏ ਦੋਸ਼, ਵਿਧਾਇਕ ਸਾਹਮਣੇ ਕਿਹਾ ਪੁਲਿਸ ਤਸਕਰਾਂ ਨਾਲ ਮਿਲੀ
Publish Date: Sat, 11 Apr 2026 07:27 PM (IST)
Updated Date: Sun, 12 Apr 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੋਨਿਆਣਾ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਦਾਅਵਿਆਂ ਦੇ ਬਾਵਜੂਦ ਗੋਨਿਆਣਾ ਖੇਤਰ ’ਚ “ਚਿੱਟੇ” (ਐਰੋਇਨ) ਦੇ ਖੁੱਲ੍ਹੇਆਮ ਵਿਕਣ ਦਾ ਮੁੱਦਾ ਉਸ ਸਮੇਂ ਸਾਹਮਣੇ ਆ ਗਿਆ ਜਦੋਂ ਪੰਚਾਇਤੀ ਧਰਮਸ਼ਾਲਾ ’ਚ ਹੋਈ ਇਕ ਮੀਟਿੰਗ ਦੌਰਾਨ ‘ਆਪ’ ਦੇ ਕੌਂਸਲਰ ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਗੋਨਿਆਣਾ ਕੋਆਰਡੀਨੇਟਰ ਸੰਦੀਪ ਕੁਮਾਰ ਬੋਣਾ ਨੇ ਵਿਧਾਇਕ ਮਾ. ਜਗਸੀਰ ਸਿੰਘ ਦੇ ਸਾਹਮਣੇ ਹੀ ਚਿੱਟਾ ਵਿਕਣ ਦੇ ਗੰਭੀਰ ਦੋਸ਼ ਲਾਏ। ਕੌਂਸਲਰ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ’ਚ ਚਿੱਟਾ ਸ਼ਰੇਆਮ ਵਿਕ ਰਿਹਾ ਹੈ ਤੇ ਵੱਡੀ ਗਿਣਤੀ ’ਚ ਨੌਜਵਾਨ ਇਸ ਦੀ ਲਪੇਟ ’ਚ ਆ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਲਾਕੇ ਦੇ ਹਰ ਬੱਚੇ ਨੂੰ ਪਤਾ ਹੈ ਕਿ ਕਿੱਥੇ ਨਸ਼ਾ ਵੇਚਿਆ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਕਾਰਵਾਈ ਨਹੀਂ ਹੋ ਰਹੀ।
ਉਨ੍ਹਾਂ ਨੇ ਸਥਾਨਕ ਗੋਨਿਆਣਾ ਪੁਲਿਸ ਚੌਕੀ ਦੇ ਕੁਝ ਮੁਲਾਜ਼ਮਾਂ ’ਤੇ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਦੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਸ ਕਾਰਨ ਖੇਤਰ ਵਿੱਚ ਨਸ਼ੇ ਦਾ ਕਾਰੋਬਾਰ ਬੇਰੋਕ-ਟੋਕ ਚੱਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਅਧਿਕਾਰੀਆਂ ਨੂੰ ਨਸ਼ਾ ਵੇਚਣ ਵਾਲਿਆਂ ਦੇ ਨਾਂ ਵੀ ਦਿੱਤੇ ਹਨ, ਪਰ ਫਿਰ ਵੀ ਛਾਪੇਮਾਰੀ ਨਹੀਂ ਕੀਤੀ ਜਾ ਰਹੀ। ਕੌਂਸਲਰ ਨੇ ਸਰਕਾਰ ਦੇ ਨਸ਼ਾ ਖਤਮ ਕਰਨ ਦੇ ਵਾਅਦਿਆਂ ’ਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜ਼ਮੀਨੀ ਹਕੀਕਤ ਵੱਖਰੀ ਹੈ। ਇਸ ਮਾਮਲੇ ‘ਤੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜੇਕਰ ਕਿਸੇ ਮੁਲਾਜ਼ਮ ਦੀ ਮਿਲੀਭੁਗਤ ਸਾਹਮਣੇ ਆਈ, ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਯੁੱਧ ਨਸ਼ਿਆਂ ਵਿਰੁੱਧ ਦੇ ਕੋਆਰਡੀਨੇਟਰ ਵੱਲੋਂ ਨਸ਼ੇ ਸ਼ਰੇਆਮ ਵਿਕਣ ਤੇ ਪੁਲਿਸ ਦੇ ਤਸਕਰਾਂ ਨਾਲ ਮਿਲੇ ਹੋਣ ਦੇ ਲਾਏ ਦੋਸ਼ਾਂ ਬਾਅਦ ਪੰਜਾਬ ਸਰਕਾਰ ਤੇ ਪੁਲਿਸ ਦੀ ਅਸਲ ਹਕੀਕਤ ਸਾਹਮਣੇ ਆ ਗਈ ਹੈ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਪੂਰੇ ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਗੋਨਿਆਣਾ ’ਚ ਕੁੱਝ ਪਰਿਵਾਰਾਂ ਵੱਲੋਂ ਚਿੱਟਾ ਵਿਕਣ ਦੇ ਦੋਸ਼ ਲਾਏ ਸਨ ਅਤੇ ਇਹ ਵੀ ਕਿਹਾ ਸੀ ਕਿ ਤਸਕਰਾਂ ਖਿਲਾਫ਼ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਲੋਕਾਂ ਨੇ ਕਿਹਾ ਸੀ ਕਿ ਜੇਕਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਕੋਆਰਡੀਨੇਟਰ ਹੀ ਨਸ਼ੇ ਵਿਕਣ ਤੇ ਪੁਲਿਸ ਦੇ ਮਿਲੇ ਹੋਣ ਦਾ ਦੋਸ਼ ਲਾ ਰਿਹਾ ਹੈ ਤਾਂ ਇਹ ਬਹੁਤ ਗੰਭੀਰ ਮਾਮਲਾ ਹੈ।