- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮਾਲਵਾ ਬੈਲਟ ਦੀ ਮੀਟਿੰਗ ਹੋਈ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਮਾਲਵਾ ਜੋਨ ਨਾਲ ਸੰਬੰਧਿਤ ਜ਼ਿਲ੍ਹਿਆਂ ਦੀ ਮੀਟਿੰਗ ਟੀਚਰ ਹੋਮ ਬਠਿੰਡਾ ਵਿਖੇ ਹੋਈ। ਇਸ ਮੀਟਿੰਗ ਵਿਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਹਿੱਸਾ ਲਿਆ ਤੇ ਆਂਗਨਵਾੜੀ ਕੇਂਦਰਾਂ ਵਿਚ ਕੰਮ ਕਰ ਰਹੀਆਂ ਵਰਕਰਾਂ ਅਤੇ ਆਮ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ‘ਆਪ’ ਨੇ ਚੋਣਾਂ ਦੇ ਸਮੇਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਮਾਣ ਭੱਤਾ ਦੁੱਗਣਾ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਬਣੇ ਚਾਰ ਸਾਲ ਹੋਣ ਦੇ ਬਾਵਜੂਦ ਇਹ ਵਾਅਦਾ ਪੂਰਾ ਨਹੀਂ ਕੀਤਾ। ਉਲਟਾ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਜੋ ਮਾਣ-ਭੱਤਾ ਮਿਲਦਾ ਸੀ, ਉਹ ਵੀ ਪਿਛਲੇ ਚਾਰ ਸਾਲਾਂ ਤੋਂ ਸਮੇਂ ’ਤੇ ਨਹੀਂ ਦਿੱਤਾ ਜਾ ਰਿਹਾ। ਕਦੇ ਛੇ ਮਹੀਨੇ ਅਤੇ ਕਦੇ ਅੱਠ ਮਹੀਨੇ ਬਾਅਦ ਅੱਧਾ ਮਾਣ ਭੱਤਾ ਜਾਰੀ ਕੀਤਾ ਜਾਂਦਾ ਹੈ। ਮੀਟਿੰਗ ਦੌਰਾਨ ਜਥੇਬੰਦੀ ਵੱਲੋਂ ਆਉਣ ਵਾਲੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕੀਤੀ ਗਈ ਹੈ। ਇਸ ਤਹਿਤ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ 30 ਮਾਰਚ ਤਕ ਬਲਾਕ ਪੱਧਰ ’ਤੇ ਅਤੇ 15 ਅਪ੍ਰੈਲ ਤਕ ਜ਼ਿਲ੍ਹਾ ਪੱਧਰ ’ਤੇ ਵਰਕਰ ਮੀਟਿੰਗਾਂ ਕਰਕੇ ਸੰਘਰਸ਼ ਦੀ ਤਿਆਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਘਰਸ਼ ਦੇ ਪਹਿਲੇ ਪੜਾਅ ਵਿਚ 1 ਮਈ ਤੋਂ 30 ਮਈ ਤਕ ‘ਆਪ’ ਦੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਦੌਰਾਨ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਆਂਗਨਵਾੜੀ ਕੇਂਦਰਾਂ ਵਿੱਚੋਂ ਘਟਾਏ ਗਏ ਬੱਚੇ ਵਾਪਸ ਕੀਤੇ ਜਾਣ ਤੇ ਆਂਗਨਵਾੜੀ ਵਰਕਰਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਜਦ ਤਕ ਆਂਗਨਵਾੜੀ ਵਰਕਰਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਨਹੀਂ ਦਿੱਤਾ ਜਾਂਦਾ, ਤਦ ਤੱਕ ਸਰਕਾਰ ਆਪਣੇ ਵਾਅਦੇ ਅਨੁਸਾਰ ਮਾਣ ਭੱਤਾ ਦੁੱਗਣਾ ਕਰੇ। ਇਸ ਦੇ ਨਾਲ ਹੀ ਆਂਗਨਵਾੜੀ ਵਰਕਰਾਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਏ ਜਾਣ ਤੇ ਆਂਗਨਵਾੜੀ ਕੇਂਦਰਾਂ ਦਾ ਰਾਸ਼ਨ ਪ੍ਰਾਈਵੇਟ ਕੰਪਨੀਆਂ ਦੀ ਥਾਂ ਸਰਕਾਰੀ ਅਦਾਰਿਆਂ ਜਿਵੇਂ ਵੇਰਕਾ ਰਾਹੀਂ ਮੁਹੱਈਆ ਕਰਵਾਇਆ ਜਾਵੇ। ਮੀਟਿੰਗ ’ਚ ਇਹ ਵੀ ਮੰਗ ਚੁੱਕੀ ਗਈ ਕਿ ਐਨਜੀਓਜ਼ ਨੂੰ ਦਿੱਤੇ ਗਏ ਬਲਾਕ, ਜਿਨ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ, ਉਹ ਮੁੜ ਮੁੱਖ ਵਿਭਾਗ ਦੇ ਅਧੀਨ ਲਿਆਂਦੇ ਜਾਣ।
ਇਸ ਤੋਂ ਇਲਾਵਾ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਤਾਂ ਜੋ ਕੇਂਦਰਾਂ ਦਾ ਕੰਮ ਪ੍ਰਭਾਵਸ਼ਾਲੀ ਢੰਗ ਨਾਲ ਚੱਲ ਸਕੇ। ਮੀਟਿੰਗ ’ਚ ਸ਼ਿੰਦਰਪਾਲ ਕੌਰ ਥਾਂਦੇਵਾਲਾ, ਬਲਵੀਰ ਕੌਰ ਮਾਨਸਾ, ਸ਼ੀਲਾ ਦੇਵੀ ਤੱਲੇਵਾਲਾ, ਰੇਸ਼ਮਾ ਰਾਣੀ ਫਾਜ਼ਿਲਕਾ, ਗੁਰਮੀਤ ਕੌਰ ਬਠਿੰਡਾ, ਪਰਮਜੀਤ ਕੌਰ ਰੁਲਦੂਵਾਲਾ, ਅੰਮ੍ਰਿਤਪਾਲ ਕੌਰ ਬੱਲੂਆਣਾ, ਲੀਲਾਵੰਤੀ ਬਠਿੰਡਾ, ਮਨਪ੍ਰੀਤ ਕੌਰ ਸਿਵੀਆ, ਬਲਵੀਰ ਕੌਰ ਭੋਖੜਾ, ਮਨਮੀਤ ਕੌਰ ਨਥਾਣਾ, ਜਸਵਿੰਦਰ ਕੌਰ ਦੋਦਾ, ਗਗਨਦੀਪ ਕੌਰ ਮੱਲਣ, ਕੁਲਵੰਤ ਕੌਰ ਲੁਹਾਰਾ, ਸੁਖਦੀਪ ਕੌਰ ਬਾਘਾ ਪੁਰਾਣਾ, ਸ਼ੀਲਾ ਰਾਣੀ ਫਾਜ਼ਿਲਕਾ, ਸਿੰਦਰਪਾਲ ਕੌਰ ਜਲਾਲਾਬਾਦ, ਕਿਰਨਜੀਤ ਕੌਰ ਮਲੋਟ, ਸ਼ਰਨਜੀਤ ਕੌਰ ਫਰੀਦਕੋਟ, ਜਸਵਿੰਦਰ ਕੌਰ ਹਰੀ ਨੋ, ਰਵਿੰਦਰ ਕੌਰ ਜੈਤੋ, ਸੁਰਜੀਤ ਕੌਰ ਧਰਮਕੋਟ, ਸੁਰਿੰਦਰ ਕੌਰ ਜੋੜਕੀਆਂ, ਰਣਵੀਰ ਕੌਰ ਬੁਡਲਾਡਾ, ਨਰਿੰਦਰ ਕੌਰ ਘੱਲ ਖੁਰਦ, ਸਰਬਜੀਤ ਕੌਰ ਮੁਕਤਸਰ ਤੇ ਪਰਮਿੰਦਰ ਕੌਰ ਲਬਾਣਿਆਂ ਵਾਲੀ ਸਮੇਤ ਕਈ ਆਗੂਆਂ ਨੇ ਹਿੱਸਾ ਲਿਆ।