ਮਹਿਲਾ ਮੁਲਾਜ਼ਮ ਨੂੰ ਤੰਗ ਕਰਨ ਵਾਲੇ ‘ਆਪ’ ਆਗੂ ਵਫ਼ਦ ਸਿਵਲ ਸਰਜਨ ਨੂੰ ਮਿਲਿਆ
ਮਹਿਲਾ ਕਰਮਚਾਰੀ ਨੂੰ ਤੰਗ ਪ੍ਰੇਸ਼ਾਨ ਵਾਲੇ ਆਪ ਆਗੂ ਵਫ਼ਦ ਸਿਵਲ ਸਰਜਨ ਨੂੰ ਮਿਲਿਆ
Publish Date: Sat, 11 Apr 2026 05:25 PM (IST)
Updated Date: Sun, 12 Apr 2026 04:03 AM (IST)

‘ਆਪ’ ਦੇ ਆਗੂ ਖ਼ਿਲਾਫ਼ ਤੁਰੰਤ ਕੇਸ ਦਰਜ ਕੀਤਾ ਜਾਵੇ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸਿਵਲ ਹਸਪਤਾਲ ਬਠਿੰਡਾ ਵਿਖੇ ਕੰਮ ਕਰਦੀ ਇਕ ਵਿਧਵਾ ਮਹਿਲਾ ਕਰਮਚਾਰੀ ਨੂੰ ਮੰਦਭਾਵਨਾ ਭਾਵਨਾ ਤਹਿਤ ਤੰਗ ਪਰੇਸ਼ਾਨ ਕਰਨ ਵਾਲੇ ‘ਆਪ’ ਦੇ ਇਕ ਆਗੂ ਹਰਤੇਜ ਸਿੰਘ ਵਾਸੀ ਘੁੱਦਾ ਖਿਲਾਫ ਪੀੜਤ ਮਹਿਲਾ ਵੱਲੋਂ ਕਰੀਬ ਇਕ ਮਹੀਨਾ ਪਹਿਲਾਂ ਪੁਲਿਸ ਕੋਲ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਕਾਰਨ ਅੱਜ ਪੈਰਾ ਮੈਡੀਕਲ ਸਟਾਫ ਸਮੇਤ ਵੱਖ-ਵੱਖ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦਾ ਇਕ ਸਾਂਝਾ ਵਫ਼ਦ ਸਿਵਲ ਸਰਜਨ ਬਠਿੰਡਾ ਨੂੰ ਮਿਲਿਆ ਗਿਆ। ਵਫਦ ਵਿੱਚ ਸ਼ਾਮਲ ਪੀੜਤ ਮਹਿਲਾ ਮੁਲਾਜ਼ਮਾਂ ਤੇ ਜਥੇਬੰਦੀਆਂ ਦੇ ਆਗੂਆਂ ਨੇ ਸਿਵਲ ਸਰਜਨ ਤੋਂ ਮੰਗ ਕੀਤੀ ਕਿ ਉਹ ਕਥਿਤ ਦੋਸ਼ੀ ਖਿਲਾਫ ਕਾਰਵਾਈ ਕਰਨ ਦੀ ਸਿਫਾਰਸ਼ ਐੱਸਐੱਸਪੀ ਬਠਿੰਡਾ ਕਰਨ ਅਤੇ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਇਸ ਬਾਹਰੀ ਵਿਅਕਤੀ ਦੀ ਦਖਲਅੰਦਾਜ਼ੀ ਬੰਦ ਕੀਤੀ ਜਾਵੇ। ਵਫ਼ਦ ਨੇ ਸਿਵਲ ਸਰਜਨ ਨੂੰ ਦੱਸਿਆ ਕਿ ਇਸ ਵਿਅਕਤੀ ਵੱਲੋਂ ਪਹਿਲਾਂ ਸਿਵਲ ਹਸਪਤਾਲ ਘੁੱਦਾ ਵਿਖੇ ਮਹਿਲਾ ਮੁਲਾਜ਼ਮਾਂ ਨੂੰ ਸਦਭਾਵਨਾ ਤਹਿਤ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ’ਚ ਇਹ ਵਿਅਕਤੀ ਲਿਖਤੀ ਮੁਆਫੀ ਮੰਗਣ ਤੋਂ ਹਸਪਤਾਲ ਦੇ ਕੰਮਾਂ ’ਚ ਸਿੱਧੀ ਜਾਂ ਅਸਿੱਧੀ ਕਿਸੇ ਕਿਸਮ ਦੀ ਦਖਲਅੰਦਾਜ਼ੀ ਨਾ ਕਰਨ ਦਾ ਲਿਖਤੀ ਭਰੋਸਾ ਦਿੱਤਾ ਸੀ ਪਰ ਇਸ ਵਿਅਕਤੀ ਵੱਲੋਂ ਜ਼ਿਲ੍ਹੇ ਦੇ ਹੋਰਨਾਂ ਹਸਪਤਾਲਾਂ ’ਚ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਹੈ। ਸਿਵਲ ਸਰਜਨ ਬਠਿੰਡਾ ਵੱਲੋਂ ਵਫ਼ਦ ਨੂੰ ਭਰੋਸਾ ਦਿੱਤਾ ਗਿਆ ਕਿ ਮਹਿਲਾ ਕਰਮਚਾਰੀ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ’ਚ ਕਾਰਵਾਈ ਲਈ ਉਨ੍ਹਾਂ ਵੱਲੋਂ ਐੱਸਐੱਸਪੀ ਬਠਿੰਡਾ ਨੂੰ ਪੱਤਰ ਲਿਖਿਆ ਜਾਵੇਗਾ ਅਤੇ ਸਰਕਾਰੀ ਹਸਪਤਾਲਾਂ ’ਚ ਇਸ ਨਜਾਇਜ਼ ਦਖ਼ਲ ਅੰਦਾਜ਼ੀ ’ਤੇ ਰੋਕ ਲਾਈ ਜਾਵੇਗੀ। ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜੇਕਰ ਦੋਸ਼ੀ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ 12 ਅਪ੍ਰੈਲ ਦੀ ਮੀਟਿੰਗ ਵਿੱਚ ਮੁੜ ਸਖ਼ਤ ਫੈਸਲਾ ਲਿਆ ਜਾਵੇਗਾ। ਅੱਜ ਦੇ ਵਫ਼ਦ ਵਿੱਚ ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਵਿਭਾਗ ਦੇ ਮੁਲਾਜ਼ਮ ਜ਼ਿਲ੍ਹਾ ਬਠਿੰਡਾ ਦੇ ਆਗੂ ਗਗਨਦੀਪ ਸਿੰਘ ਭੁੱਲਰ, ਡੀਟੀਐੱਫ ਦੇ ਆਗੂ ਬਲਜਿੰਦਰ ਸਿੰਘ ਤੇ ਰੇਸ਼ਮ ਸਿੰਘ ਖੇਮੂਆਣਾ, ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਬਲਕਰਨ ਸਿੰਘ ਬਰਾੜ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਜਗਸੀਰ ਸਿੰਘ ਝੁੰਬਾ, ਬੀਕੇਯੂ ਏਕਤਾ ਡਕੌਂਦਾ ਧਨੇਰ ਦੇ ਆਗੂ ਅਮਰਜੀਤ ਸਿੰਘ ਹਨੀ, ਬੀਕੇਯੂ ਡਕੌਂਦਾ (ਬੂਟਾ ਸਿੰਘ ਬੁਰਜ਼ ਗਿੱਲ) ਦੇ ਆਗੂ ਬੂਟਾ ਸਿੰਘ ਤੁੰਗਵਾਲੀ ਤੋਂ ਇਲਾਵਾ ਨੌਜਵਾਨ ਆਗੂ ਅਸ਼ਵਨੀ ਘੁੱਦਾ ਆਦਿ ਆਗੂ ਮੌਜੂਦ ਸਨ।