ਔਰਤਾਂ ਨੇ ਜਾਗੋ ਕੱਢ ਕੇ ਸੂਬਾ ਸਰਕਾਰ ਦੀਆਂ ਨੀਤੀਆਂ ਦਾ ਕੀਤਾ ਸਵਾਗਤ
ਮਹਿਲਾਵਾਂ ਵੱਲੋਂ ਜਾਗੋ ਕੱਢ ਕੇ ਮਾਨ ਸਰਕਾਰ ਦੀ ਮਹਿਲਾ ਹਿਤੈਸ਼ੀ ਨੀਤੀਆਂ ਦਾ ਕੀਤਾ ਸਵਾਗਤ
Publish Date: Sat, 14 Mar 2026 05:39 PM (IST)
Updated Date: Sun, 15 Mar 2026 04:07 AM (IST)

-ਹਰ ਵਰਗ ਦੀਆਂ ਔਰਤਾਂ ਨੂੰ ਲਾਭ ਮਿਲਣ ਦੀ ਗਾਰੰਟੀ ਪੂਰੀ ਹੋਣ ’ਤੇ ਖ਼ੁਸ਼ੀ ਕੀਤੀ ਸਾਂਝੀ : ਜਸਵਿੰਦਰ ਕੌਰ ਖੁਸ਼ਪ੍ਰੀਤ ਸਿੰਘ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਹਲਕਾ ਤਲਵੰਡੀ ਸਾਬੋ ਵਿੱਚ ਅੱਜ ਮਹਿਲਾਵਾਂ ਵੱਲੋਂ ਖੁਸ਼ੀ ਅਤੇ ਉਤਸ਼ਾਹ ਨਾਲ “ਜਾਗੋ” ਕੱਢ ਕੇ ਪੰਜਾਬ ਸਰਕਾਰ ਦੀ ਮਹਿਲਾ ਹਿਤੈਸ਼ੀ ਨੀਤੀਆਂ ਦਾ ਸਵਾਗਤ ਕੀਤਾ ਗਿਆ। ਇਹ ਜਾਗੋ ਹਲਕਾ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦੀ ਅਗਵਾਈ ਹੇਠ ਕੱਢੀ ਗਈ, ਜਿਸ ਵਿੱਚ ਹਲਕੇ ਦੀਆਂ ਮਾਵਾਂ-ਭੈਣਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਫ਼ੈਸਲਿਆਂ ਲਈ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪੰਜਾਬ ਮਹਿਲਾ ਕਮਿਸ਼ਨ ਦੀ ਮੈਂਬਰ ਅਤੇ ਪਿੰਡ ਜਗਾ ਰਾਮ ਤੀਰਥ ਦੀ ਸਰਪੰਚ ਚੌਧਰੀ ਜਸਵਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਵੱਲੋਂ ਮਹਿਲਾਵਾਂ ਦੀ ਆਰਥਿਕ ਮਜ਼ਬੂਤੀ ਲਈ ਚੁੱਕੇ ਜਾ ਰਹੇ ਕਦਮ ਕਾਬਿਲ-ਏ-ਤਾਰੀਫ਼ ਹਨ। ਉਨ੍ਹਾਂ ਕਿਹਾ ਕਿ ਮਾਵਾਂ-ਭੈਣਾਂ ਲਈ ਪ੍ਰਤੀ ਮਹੀਨਾ 1000 ਰੁਪਏ ਅਤੇ ਐੱਸਸੀ. ਵਰਗ ਦੀਆਂ ਔਰਤਾਂ ਲਈ 1500 ਰੁਪਏ ਪ੍ਰਤੀ ਮਹੀਨਾ ਦੀ ਗਰੰਟੀ ਪੂਰੀ ਕਰਨਾ ਇਕ ਇਤਿਹਾਸਕ ਫ਼ੈਸਲਾ ਹੈ, ਜਿਸ ਨਾਲ ਮਹਿਲਾਵਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਹ ਆਪਣੇ ਪਰਿਵਾਰ ਦੀ ਆਰਥਿਕ ਮਜ਼ਬੂਤੀ ਵਿੱਚ ਹੋਰ ਵੱਡਾ ਯੋਗਦਾਨ ਪਾ ਸਕਣਗੀਆਂ। ਚੌਧਰੀ ਜਸਵਿੰਦਰ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਲੋਕ ਭਲਾਈ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਗਏ ਹਨ। ਮੁਫ਼ਤ ਬਿਜਲੀ, ਸਿੱਖਿਆ ਅਤੇ ਸਿਹਤ ਖੇਤਰ ਵਿੱਚ ਸੁਧਾਰ, ਭ੍ਰਿਸ਼ਟਾਚਾਰ ਖ਼ਿਲਾਫ਼ ਕੜੀ ਕਾਰਵਾਈ ਅਤੇ ਲੋਕਾਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਉਨ੍ਹਾਂ ਨੇ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਲਕਾ ਤਲਵੰਡੀ ਸਾਬੋ ਦੀਆਂ ਮਹਿਲਾਵਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦੀ ਲੋਕ ਹਿਤੈਸ਼ੀ ਸੋਚ ਲਈ ਦਿਲੋਂ ਧੰਨਵਾਦ ਕਰਦੀਆਂ ਹਨ। ਇਸ ਮੌਕੇ ਮਹਿਲਾਵਾਂ ਨੇ ਜਾਗੋ ਕੱਢ ਕੇ ਸਰਕਾਰ ਦੀਆਂ ਪ੍ਰਾਪਤੀਆਂ ਦੀ ਖੁਸ਼ੀ ਮਨਾਈ ਅਤੇ ਆਮ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਦੀ ਸਰਾਹਨਾ ਕੀਤੀ। ਇਸ ਸਮਾਗਮ ਦੌਰਾਨ ਹਲਕੇ ਦੀਆਂ ਕਈ ਮਹਿਲਾਵਾਂ ਅਤੇ ਪਾਰਟੀ ਵਰਕਰ ਵੀ ਹਾਜ਼ਰ ਰਹੇ ਜਿਨ੍ਹਾਂ ਨੇ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਪੰਜਾਬ ਦੀ ਤਰੱਕੀ ਲਈ ਮਿਲਜੁਲ ਕੇ ਕੰਮ ਕਰਨ ਦਾ ਸੰਕਲਪ ਵੀ ਲਿਆ।