- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣੇ ਦੇ ਬਿਲਕੁਲ ਬਾਹਰ ਮੁੜ ਚੋਰੀ, ਸੋਮਵਾਰ ਰਾਤ ਨੂੰ ਮੇਜ਼ ਵੀ ਲੈ ਗਏ ਚੋਰ

-ਪ੍ਰਬੰਧਕੀ ਕੰਪਲੈਕਸ ਨੇੜੇ ਚਾਹ ਦੀ ਰੇਹੜੀ ਨੂੰ ਲਾਈ ਅੱਗ, ਮਿੰਨੀ ਸਕੱਤਰੇਤ ਰੋਡ ’ਤੇ ਘਰ ’ਚ ਚੋਰੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਐੱਸਐੱਸਪੀ ਦਫਤਰ ਅਤੇ ਰਿਹਾਇਸ਼ ਦੇ ਵਿਚਕਾਰ ਬਣੇ ਮਹਿਲਾ ਥਾਣਾ ਅਤੇ ਡੀਐਸਪੀ ਦੇ ਦਫਤਰ ਬਾਹਰੋ ਚਾਰ ਦਿਨ ਬਾਅਦ ਫ਼ਿਰ ਚੋਰੀ ਹੋ ਗਈ ਹੈ, ਜਿਸ ਕਾਰਨ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲੱਗ ਗਏ ਹਨ। ਦੂਜੇ ਪਾਸੇ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਅਣਪਛਾਤੇ ਵਿਅਕਤੀਆਂ ਨੇ ਚਾਹ ਦੀ ਰੇਹੜੀ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਗਰੀਬ ਵਿਅਕਤੀ ਦਾ ਵੱਡਾ ਨੁਕਸਾਨ ਹੋ ਗਿਆ। ਐੱਸਐੱਸਪੀ ਦਫ਼ਤਰ ਦੇ ਬਾਹਰ ਅਤੇ ਥਾਣੇ ਦੇ ਗੇਟ ਅੱਗੇ ਇਸ ਤਰ੍ਹਾਂ ਲਗਾਤਾਰ ਵਾਰਦਾਤਾਂ ਵਾਪਰਣ ਕਾਰਨ ਪੁਲਿਸ ਦੀ ਕਿਰਕਿਰੀ ਹੋ ਰਹੀ ਹੈ। ਜਾਣਕਾਰੀ ਅਨੁਸਾਰ 25 ਮਾਰਚ ਨੂੰ ਅਣਪਛਾਤੇ ਚੋਰ ਮਹਿਲਾ ਥਾਣਾ ਦੇ ਗੇਟ ’ਤੇ ਲੱਗੀ ਚਾਹ ਵਾਲੀ ਰੇਹੜੀ ਤੋਂ ਭਾਂਡਿਆਂ ਸਮੇਤ ਸਾਰਾ ਸਮਾਨ ਚੋਰੀ ਕਰਕੇ ਲੈ ਗਏ ਸਨ। ਪੀੜਤ ਗਰੀਬ ਔਰਤ ਕਰਮਜੀਤ ਕੌਰ ਚਾਹ ਦੀ ਰੇਹੜੀ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੀ ਸੀ, ਪਰ ਬਰਤਨ ਤੇ ਹੋਰ ਸਮਾਨ ਚੋਰੀ ਹੋਣ ਬਾਅਦ ਉਹ ਮੁੜ ਪ੍ਰਬੰਧ ਕਰ ਰਹੀ ਸੀ ਤਾਂ ਜੋ ਆਪਣੇ ਕੰਮ ਚਲਾ ਕੇ ਗੁਜ਼ਾਰਾ ਕਰ ਸਕੇ, ਪਰ ਸੋਮਵਾਰ ਰਾਤ ਨੂੰ ਚੋਰ ਉਸਦਾ ਰਹਿੰਦਾ ਸਾਮਾਨ ਮੇਜ਼ ਵਗੈਰਾ ਵੀ ਚੁੱਕ ਕੇ ਲੈ ਗਏ। ਥਾਣਾ ਸਿਵਲ ਲਾਇਨ ਪੁਲਿਸ ਅਜੇ ਤਕ ਪਹਿਲੀ ਚੋਰੀ ਦਾ ਸੁਰਾਗ ਨਹੀਂ ਲਗਾ ਸਕੀ ਕਿ ਚੋਰ ਹੁਣ ਚਾਰ ਦਿਨ ਬਾਅਦ ਮੁੜ ਥਾਣੇ ਦੀ ਦੀਵਾਰ ਨਾਲ ਪਿਆ ਮੇਜ਼ ਚੋਰੀ ਕਰਕੇ ਲੈ ਗਏ। ਜ਼ਿਕਰਯੋਗ ਹੈ ਕਿ ਚਾਰ ਦਿਨ ਪਹਿਲਾਂ ਵੀ ਅਣਪਛਾਤੇ ਚੋਰਾਂ ਨੇ ਮਹਿਲਾ ਥਾਣੇ ਦੇ ਸੱਜੇ ਤੇ ਖੱਬੇ ਪਾਸੇ ਜੂਸ ਦੀ ਦੁਕਾਨ ਅਤੇ ਚਾਹ ਵਾਲੀ ਰੇਹੜੀ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ।
-ਬਾਕਸ-
-ਪ੍ਰਬੰਧਕੀ ਕੰਪਲੈਕਸ ਦੇ ਬਾਹਰ ਰੇਹੜੀ ਨੂੰ ਲਗਾਈ ਅੱਗ
ਸੋਮਵਾਰ ਰਾਤ ਸਮੇਂ ਅਣਪਛਾਤੇ ਵਿਅਕਤੀਆਂ ਨੇ ਅਤੀ ਸਰੱਖਿਆ ਵਾਲੇ ਖੇਤਰ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਚਾਹ ਵਾਲੀ ਰੇਹੜੀ ਨੂੰ ਅੱਗ ਲਗਾ ਦਿੱਤੀ। ਅੱਗ ਕਾਰਨ ਗਰੀਬ ਵਿਅਕਤੀ ਅਸ਼ਵਨੀ ਦਾ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ। ਪੀੜਤ ਨੇ ਦੱਸਿਆ ਕਿ ਉਹ ਰੇਹੜੀ ’ਤੇ ਚਾਹ ਤੇ ਹੋਰ ਸਾਮਾਨ ਵੇਚ ਕੇ ਆਪਣਾ ਤੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ, ਪਰ ਸੋਮਵਾਰ ਰਾਤ ਨੂੰ ਕਿਸੇ ਨੇ ਰੇਹੜੀ ਨੂੰ ਅੱਗ ਲਾ ਦਿੱਤੀ, ਜਿਸ ਕਾਰਨ ਉਸਦਾ ਸਾਰਾ ਸਮਾਨ ਸੜ੍ਹ ਗਿਆ ਹੈ। ਪੀੜਤ ਨੇ ਦੱਸਿਆ ਕਿ ਇਹ ਪਤਾ ਨਹੀਂ ਲੱਗਾ ਕਿ ਰੇਹੜੀ ਨੂੰ ਕਿਸੇ ਨੇ ਅੱਗ ਕਿਊ ਲਗਾਈ, ਕਿਉਂਕਿ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਉਸਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ।
-ਬਾਕਸ-
-ਮਿੰਨੀ ਸਕੱਤਰੇਤ ਰੋਡ ’ਤੇ ਘਰ ’ਚ ਹੋਈ ਚੋਰੀ
ਅਣਪਛਾਤੇ ਚੋਰਾਂ ਨੇ ਸੋਮਵਾਰ ਨੂੰ ਹੀ ਮਿੰਨੀ ਸਕੱਤਰੇਤ ਰੋਡ ’ਤੇ ਇਕ ਘਰ ਨੂੰ ਨਿਸ਼ਾਨਾ ਬਣਾਇਆ। ਜਦੋਂ ਪਰਿਵਾਰ ਮੈਂਬਰ ਘਰ ਨਹੀ ਸਨ ਤਾਂ ਚੋਰ ਘਰ ਦਾੇ ਦਰਵਾਜੇ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਏ ਅਤੇ ਸੋਨੇ ਚਾਂਦੀ ਦੇ ਗਹਿਣੇ ਤੇ ਗੈਸ ਸਿਲੰਡਰ ਚੁੱਕ ਕੇ ਫਰਾਰ ਹੋ ਗਏ। ਘਰ ਦੇ ਮਾਲਕ ਰਵੀ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਘਰ ਤੋਂ ਬਾਹਰ ਗਿਆ ਹੋਇਆ ਸੀ , ਜਦੋਂ ਕਿ ਉਸਦੀ ਪਤਨੀ ਘਰ ਦੇ ਨੇੜੇ ਹੀ ਰਿਸ਼ਤੇਦਾਰਾਂ ਕੋਲ ਗਈ ਸੀ। ਇਸ ਪਿੱਛੋਂ ਚੋਰਾਂ ਨੇ ਇਸਦਾ ਫਾਇਦਾ ਚੁੱਕਦਿਆਂ ਚੋਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਰੀਬ 15 ਤੋਲੇ ਚਾਂਦੀ ਅਤੇ ਕਰੀਬ ਇਕ ਤੋਲਾ ਸੋਨਾ ਸਮੇਤ ਗੈਸ ਸਿਲੰਡਰ ਚੋਰੀ ਕਰ ਲਿਆ। ਪੀੜਤ ਨੇ ਦੱਸਿਆ ਕਰੀਬ ਸਾਢੇ ਛੇ ਵਜੇ ਤਾਲਾ ਲਗਾ ਕੇ ਗਏ ਸਨ ਪਰ ਘੰਟੇ ਬਾਅਦ ਜਦੋਂ ਘਰੇ ਆਏ ਤਾਂ ਚੋਰੀ ਹੋ ਚੱਕੀ ਸੀ। ਚੋਰਾਂ ਨੇ ਐੱਲਸੀਡੀ ਵੀ ਲਾਹੀ ਹੋਈ ਸੀ ਪਰ ਉਹ ਚੁੱਕ ਕੇ ਲੈ ਜਾਣ ਵਿਚ ਨਾਕਾਮ ਰਹੇ। ਥਾਣਾ ਕੋਤਵਾਲੀ ਦੇ ਏਐਸਆਈ ਸੁਖਮੰਦਰ ਸਿੰਘ ਨੇ ਦੱਸਿਆ ਕਿ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
-ਬਾਕਸ-
-ਅਤਿ ਸੁਰੱਖਿਆ ਵਾਲੇ ਖੇਤਰ ’ਚ ਚੋਰੀਆਂ ਨਾਲ ਪੁਲਿਸ ਦੀ ਕਿਰਕਿਰੀ
ਅਤੀ ਸੁਰੱਖਿਆ ਵਾਲੇ ਖੇਤਰ ਵਿੱਚੋਂ ਸ਼ਰੇਆਮ ਚੋਰੀਆਂ ਹੋ ਜਾਣ ਤੋਂ ਬਾਅਦ ਪੁਰਾਣੀ ਤਹਿਸੀਲ ਵਿੱਚ ਕੰਮ ਕਰਨ ਵਾਲੇ ਟਾਈਪਿਸਟਾਂ ਤੇ ਹੋਰਨਾਂ ਲੋਕਾਂ ਵਿਚ ਸਹਿਮ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੇ ਕਿਹਾ ਕਿ ਜੇਕਰ ਥਾਣੇ ਦੇ ਬਾਹਰੋਂ ਅਤੇ ਐੱਸਐੱਸਪੀ ਦਫਤਰ ਤੇ ਰਿਹਾਇਸ਼ ਦੇ ਨੇੜੇ ਸ਼ਰੇਆਮ ਚੋਰੀਆਂ ਹੋ ਸਕਦੀਆਂ ਹਨ ਤਾਂ ਆਮ ਲੋਕਾਂ ਦਾ ਕੀ ਬਣੇਗਾ। ਲੋਕਾਂ ਨੇ ਕਿਹਾ ਸੀ ਕਿ ਸ਼ਹਿਰ ਅੰਦਰ ਹਰ ਰੋਜ਼ ਚੋਰੀਆਂ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ, ਜਿਸ ਕਾਰਨ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ, ਜਿਸ ਥਾਂ ’ਤੇ ਚੋਰੀ ਹੋਈ ਹੈ ਇਹ ਖੇਤਰ ਥਾਣਾ ਸਿਵਲ ਲਾਈਨ ਦੇ ਅਧੀਨ ਪੈਂਦਾ ਹੈ। ਲੋਕਾਂ ਦਾ ਕਹਿਣਾ ਸੀ ਕਿ ਰਾਤ ਸਮੇਂ ਥਾਣਾ ਸਿਵਲ ਲਾਈਨ ਖੇਤਰ ਵਿਚ ਕਦੇ ਵੀ ਪੁਲਿਸ ਦੀ ਗਸ਼ਤ ਨਜ਼ਰ ਨਹੀਂ ਆਈ। ਲੋਕਾਂ ਨੇ ਮੰਗ ਕੀਤੀ ਕਿ ਰਾਤ ਸਮੇਂ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਾਅ ਹੋ ਸਕੇ।