- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਤਰਰਾਸ਼ਟਰੀ ਮਹਿਲਾ ਦਿਵਸ ਸਬੰਧੀ ਔਰਤਾਂ ਨੇ ਵਿਚਾਰ ਚਰਚਾ ਕੀਤੀ

-ਕੌਮਾਂਤਰੀ ਮਹਿਲਾ ਦਿਵਸ ਸਬੰਧੀ ਔਰਤਾਂ ਨੇ ਕੀਤੀ ਵਿਚਾਰ ਚਰਚਾ
26) ਗੁਰਿੰਦਰ ਕੌਰ, ਅੰਮ੍ਰਿਤਪਾਲ ਕਲੇਰ, ਇੰਦਰਪਾਲ ਕੌਰ, ਗਗਨਦੀਪ ਕੌਰ ਸਿੱਧੂ, ਹਰਜਿੰਦਰ ਕੌਰ ਸਿਰੀਏਵਾਲਾ, ਸੁਨੀਤਾ ਰਾਣੀ, ਜਸਵਿੰਦਰ ਕੌਰ ਚਹਿਲ, ਡਾ. ਯਾਮਨੀ ਗੁਪਤਾ।
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਤੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਔਰਤਾਂ ਨੂੰ ਸਿਰਫ਼ ਸਨਮਾਨ ਦੇ ਸ਼ਬਦ ਹੀ ਨਹੀਂ, ਬਲਕਿ ਅਸਲ ਹੱਕ ਅਤੇ ਬਰਾਬਰੀ ਦੇ ਮੌਕੇ ਵੀ ਮਿਲਣ। ਸਮਾਜ ਦੀ ਤਰੱਕੀ ਉਸ ਵੇਲੇ ਹੀ ਸੰਭਵ ਹੈ ਜਦੋਂ ਧੀਆਂ ਨੂੰ ਪੜ੍ਹਾਈ, ਸੁਰੱਖਿਆ ਅਤੇ ਫੈਸਲੇ ਕਰਨ ਦੀ ਆਜ਼ਾਦੀ ਮਿਲੇ। ਵੱਖ ਮਹਿਲਾ ਦਿਵਸ ਸਬੰਧੀ ਵੱਖ ਖੇਤਰਾਂ ’ਚ ਜ਼ਿਕਰਯੋਗ ਨਾਮਵਰ ਪ੍ਰਾਪਤ ਮਹਿਲਾਵਾਂ ਦੇ ਵਿਚਾਰ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ।
-ਔਰਤਾਂ ਸਮਾਜ ਲਈ ਹੁਣ ਬੋਝ ਨਹੀਂ ਹਨ
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦੇ ਪ੍ਰਿੰਸੀਪਲ ਗੁਰਿੰਦਰ ਕੌਰ ਦਾ ਕਹਿਣਾ ਹੈ ਕਿ 8 ਮਾਰਚ ਦਾ ਦਿਨ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਔਰਤ ਸਮਾਜ ਦਾ ਇਕ ਅਹਿਮ ਹਿੱਸਾ ਹੈ, ਜਿਸ ਤੋਂ ਬਿਨਾਂ ਦੁਨੀਆਂ ਅੱਗੇ ਨਹੀਂ ਵਧ ਸਕਦੀ। ਪਿਛਲੇ ਸਮੇਂ ਵਿਚ ਔਰਤਾਂ ਨੂੰ ਗੁਲਾਮਾਂ ਵਰਗੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਕੀਤਾ ਜਾਂਦਾ ਸੀ। ਉਸ ਨੂੰ ਜਨਮ ਲੈਂਦਿਆਂ ਹੀ ਮਾਰ ਦਿੱਤਾ ਜਾਂਦਾ ਸੀ। ਪਰ ਸਾਡੇ ਗੁਰੂ ਸਾਹਿਬਾਨ ਨੇ ਸਮਾਜ ਨੂੰ ਔਰਤਾਂ ਦੀ ਇੱਜ਼ਤ ਕਰਨ ਦੀ ਨਸੀਹਤ ਦਿੱਤੀ ਹੈ। ਗੁਰੂ ਨਾਨਕ ਦੇਵ ਜੀ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ। ਗੁਰੂ ਅਮਰਦਾਸ ਜੀ ਨੇ ਇਸਤਰੀ ਨੂੰ ਸਮਾਜ ਵਿੱਚ ਮਰਦ ਦੇ ਬਰਾਬਰ ਦਰਜਾ ਦੇਣ ਲਈ ਸਤੀ ਪ੍ਰਥਾ, ਪਰਦਾ ਕਰਨ ਦੀ ਪ੍ਰਥਾ ਨੂੰ ਖ਼ਤਮ ਕੀਤਾ। ਔਰਤ ਆਪਣੀ ਪੂਰੀ ਉਮਰ ਕਈ ਰਿਸ਼ਤੇ ਨਿਭਾਉਂਦੀ ਹੈ ਧੀ, ਪਤਨੀ, ਮਾਂ ਬਣ ਕੇ ਸ਼ਹਿਣਸ਼ੀਲਤਾ ਦੀ ਇੱਕ ਵੱਡੀ ਮਿਸਾਲ ਬਣਦੀ ਹੈ। ਅੱਜ ਇੱਕੀਵੀਂ ਸਦੀ ਵਿਚ ਔਰਤਾਂ ਪੜ੍ਹ ਲਿੱਖ ਕੇ ਜਾਗਰੂਕ ਹੋ ਗਈਆਂ ਹਨ। ਇਸ ਨਾਲ ਆਤਮ-ਨਿਰਭਰ ਹੋ ਕੇ ਆਪਣੇ ਮਾਪਿਆਂ,ਪਤੀ ਅਤੇ ਬੱਚਿਆਂ ਦੇ ਪਾਲਨ ਪੋਸ਼ਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਸਮਾਜ ਦਾ ਕੋਈ ਹਿੱਸਾ ਅਜਿਹਾ ਨਹੀਂ ਜਿੱਥੇ ਇਸ ਨੇ ਆਪਣਾ ਯੋਗਦਾਨ ਨਹੀਂ ਪਾਇਆ ਚਾਹੇ ਉਹ ਵਿੱਦਿਆ ਦਾ ਖੇਤਰ ਹੋਵੇ, ਡਾਕਟਰੀ ਕਿੱਤਾ, ਵਕਾਲਤ, ਵਪਾਰ,ਸਿਵਲ ਸਰਵਿਸਿਜ਼ ਆਦਿ ਹਰ ਪਾਸੇ ਔਰਤ ਮਰਦ ਦੇ ਬਰਾਬਰ ਦਾ ਯੋਗਦਾਨ ਪਾ ਰਹੀ ਹੈ। ਅੱਜ ਔਰਤਾਂ ਸਮਾਜ ਲਈ ਹੁਣ ਬੋਝ ਨਹੀਂ ਹਨ।ਬਲਕਿ ਸਮਾਜ ਸੁਧਾਰਕ ਹਨ।
-ਹਰ ਖੇਤਰ ਵਿਚ ਸੁਰੱਖਿਆ ਦਾ ਅਹਿਦ ਕਰਨਾ
ਪ੍ਰਸਿੱਧ ਲੇਖਕਾਂ ਅਤੇ ਅਧਿਆਪਕਾਂ ਅੰਮ੍ਰਿਤਪਾਲ ਕਲੇਰ ਦਾ ਕਹਿਣਾ ਹੈ ਕਿ ਔਰਤ ਸਦੀਆਂ ਤੋਂ ਗੁਲਾਮ ਰਹੀ ਹੈ, ਜਿਸ ਨੂੰ ਲੋੜ ਹੈ ਮਾਨਸਿਕ ਆਜ਼ਾਦੀ ਦੀ। ਬੇਸ਼ੱਕ ਕੁਦਰਤ ਦੀ ਰਚਨਾ ਵਿੱਚ ਮਰਦ ਨੂੰ ਵੱਧ ਤਾਕਤਵਰ ਅਤੇ ਔਰਤ ਨੂੰ ਵੱਧ ਸੰਵੇਦਨਸ਼ੀਲ ਰਚਿਆ ਗਿਆ ਹੈ ਪਰ ਸਮਾਜਿਕ ਧਾਰਮਿਕ ਅਤੇ ਆਰਥਿਕ ਵਿਉਂਤਬੰਦੀ ਨੇ ਔਰਤ ਨੂੰ ਹਮੇਸ਼ਾ ਹੀ ਨਕਾਰਿਆ ਹੈ। ਸਿੱਖਿਆ ਦੇ ਪਸਾਰੇ ਨੇ ਔਰਤ ਨੂੰ ਸਿੱਖਿਅਤ ਕਰਕੇ ਉਸਦੇ ਰੁਤਬੇ ਵਿੱਚ ਇਜ਼ਾਫ਼ਾ ਵੀ ਕੀਤਾ ਹੈ। ਬਹੁਤ ਸਾਰੀਆਂ ਵਲਗਣਾ ਤੋਂ ਮੁਕਤ ਵੀ ਹੋ ਗਈ ਹੈ ਅੱਜ ਦੀ ਨਾਰੀ। ਸਮਕਾਲ ਦੀ ਨਾਰੀ ਦੀ ਜੀਵਨ ਦੇ ਹਰ ਖੇਤਰ ਵਿੱਚ ਦਿਸ਼ਾ ਅਤੇ ਦਸ਼ਾ ਸਾਕਾਰਾਤਮਕ ਹੋ ਰਹੀ ਹੈ। ਅੱਜ ਵਿਸ਼ੇਸ਼ ਔਰਤ ਦਿਵਸ ਉੱਤੇ ਔਰਤ ਨੂੰ ਸੰਪੂਰਨ ਮਾਨਸਿਕ ਆਜ਼ਾਦੀ, ਜੀਵਨ ਵਿਚ ਸਫ਼ਲ ਹੋਣ ਅਤੇ ਔਰਤਾਂ ਹਰ ਖੇਤਰ ਵਿੱਚ ਸੁਰੱਖਿਆ ਦਾ ਅਹਿਦ ਕਰਨਾ ਚਾਹੀਦਾ ਹੈ।
———-----
-ਔਰਤਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਜਾਵੇ
ਇੰਦਰਪਾਲ ਕੌਰ ਕੰਟਰੋਲਰ ਸੰਤ ਮਹੇਸ਼ ਮੁਨੀ ਗਰਲਜ਼ ਕਾਲਜ ਭਗਤਾ ਭਾਈ ਨੇ ਇੰਟਰਨੈਸਨਲ ਮਹਿਲਾ ਦਿਵਸ ਦੇ ਮੌਕੇ ਸਮਾਜ ਨੂੰ ਅਪੀਲ ਕੀਤੀ ਕਿ ਧੀਆਂ ਅਤੇ ਔਰਤਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਘਰ, ਸਕੂਲ ਅਤੇ ਕੰਮਕਾਜ ਵਾਲੀਆਂ ਥਾਵਾਂ ‘ਤੇ ਔਰਤਾਂ ਲਈ ਸੁਰੱਖਿਅਤ ਅਤੇ ਆਦਰਯੋਗ ਮਾਹੌਲ ਬਣਾਉਣਾ ਸਭ ਦੀ ਜ਼ਿੰਮੇਵਾਰੀ ਹੈ। ਜੇਕਰ ਸਮਾਜ ਸੱਚਮੁੱਚ ਤਰੱਕੀ ਕਰਨਾ ਚਾਹੁੰਦਾ ਹੈ ਤਾਂ ਲੜਕੀਆਂ ਦੀ ਪੜ੍ਹਾਈ, ਸਿਹਤ ਅਤੇ ਖੁਦਮੁਖਤਿਆਰੀ ਨੂੰ ਪਹਿਲ ਦੇਣੀ ਚਾਹੀਦੀ ਹੈ। ਦੂਜੇ ਪਾਸੇ ਔਰਤਾਂ ਨੂੰ ਵੀ ਆਪਣੇ ਹੱਕਾਂ ਬਾਰੇ ਜਾਗਰੂਕ ਹੋਣਾ ਪਵੇਗਾ ਅਤੇ ਨਿਆਂ ਲਈ ਡਟ ਕੇ ਖੜ੍ਹਨਾ ਪਵੇਗਾ। ਜਦੋਂ ਔਰਤਾਂ ਹਿੰਮਤ ਅਤੇ ਆਤਮਵਿਸ਼ਵਾਸ ਨਾਲ ਅੱਗੇ ਵਧਦੀਆਂ ਹਨ ਤਾਂ ਪੂਰਾ ਸਮਾਜ ਮਜ਼ਬੂਤ ਬਣਦਾ ਹੈ।
————-
ਸਮਾਜ ਦੀ ਅਸਲੀ ਤਰੱਕੀ ਔਰਤਾਂ ਦੀ ਤਰੱਕੀ ਨਾਲ ਜੁੜੀ
ਗਗਨਦੀਪ ਕੌਰ ਸਿੱਧੂ ਸਾਬਕਾ ਕੌਂਸਲਰ ਭਗਤਾ ਭਾਈ ਨੇ ਕਿਹਾ ਕਿ ਮਹਿਲਾ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਮਾਜ ਦੀ ਅਸਲੀ ਤਰੱਕੀ ਔਰਤਾਂ ਦੀ ਤਰੱਕੀ ਨਾਲ ਜੁੜੀ ਹੈ। ਪਰਿਵਾਰਾਂ ਅਤੇ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਧੀਆਂ ਦੀ ਪੜ੍ਹਾਈ ਵਿੱਚ ਕੋਈ ਕਮੀ ਨਾ ਰਹਿਣ ਦੇਣ। ਸਿੱਖਿਆ ਨਾਲ ਹੀ ਔਰਤ ਆਪਣੀ ਸੋਚ ਮਜ਼ਬੂਤ ਕਰਦੀ ਹੈ ਅਤੇ ਸਮਾਜ ਵਿੱਚ ਆਪਣੀ ਪਛਾਣ ਬਣਾਉਂਦੀ ਹੈ। ਔਰਤਾਂ ਨੂੰ ਵੀ ਚਾਹੀਦਾ ਹੈ ਕਿ ਉਹ ਗਿਆਨ ਪ੍ਰਾਪਤ ਕਰਨ ਅਤੇ ਆਪਣੇ ਅਧਿਕਾਰਾਂ ਬਾਰੇ ਜਾਣਕਾਰੀ ਹਾਸਲ ਕਰਨ। ਜੇਕਰ ਔਰਤਾਂ ਸਿੱਖਿਆਸ਼ੁਦਾ ਅਤੇ ਆਤਮਨਿਰਭਰ ਹੋਣਗੀਆਂ ਤਾਂ ਉਹ ਆਪਣੇ ਪਰਿਵਾਰ ਅਤੇ ਸਮਾਜ ਨੂੰ ਵੀ ਅੱਗੇ ਲੈ ਕੇ ਜਾਣਗੀਆਂ। ਇਸ ਤਰ੍ਹਾਂ ਇੱਕ ਸੁਚੱਜੇ ਅਤੇ ਸਮਾਨਤਾ ਵਾਲੇ ਸਮਾਜ ਦੀ ਸਿਰਜਣਾ ਸੰਭਵ ਬਣੇਗੀ।
————-
ਕੀ ਅਸੀਂ ਸੱਚਮੁੱਚ ਔਰਤਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਹੈ ?
ਹਰਜਿੰਦਰ ਕੌਰ ਸਿਰੀਏਵਾਲਾ ਸਰਪੰਚ ਨੇ ਆਖਿਆ ਕਿ ਮਹਿਲਾ ਦਿਵਸ ਸਾਨੂੰ ਇਹ ਸੋਚਣ ਦਾ ਮੌਕਾ ਦਿੰਦਾ ਹੈ ਕਿ ਕੀ ਅਸੀਂ ਸੱਚਮੁੱਚ ਔਰਤਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਹੈ ? ਸਮਾਜ ਨੂੰ ਲਿੰਗ ਭੇਦਭਾਵ ਛੱਡ ਕੇ ਧੀਆਂ ਨੂੰ ਵੀ ਉਹੀ ਮੌਕੇ ਦੇਣੇ ਚਾਹੀਦੇ ਹਨ ਜੋ ਪੁੱਤਰਾਂ ਨੂੰ ਮਿਲਦੇ ਹਨ। ਘਰ ਦੇ ਫ਼ੈਸਲਿਆਂ ਤੋਂ ਲੈ ਕੇ ਸਮਾਜਕ ਕਾਰਜਾਂ ਵਿਚ ਵੀ ਔਰਤਾਂ ਦੀ ਭਾਗੀਦਾਰੀ ਜ਼ਰੂਰੀ ਹੈ। ਔਰਤਾਂ ਨੂੰ ਵੀ ਆਪਣੇ ਹੱਕਾਂ ਲਈ ਇਕਜੁੱਟ ਹੋ ਕੇ ਆਵਾਜ਼ ਚੁੱਕਣੀ ਚਾਹੀਦੀ ਹੈ ਅਤੇ ਕਿਸੇ ਵੀ ਅਨਿਆ ਨੂੰ ਸਹਿਣ ਦੀ ਬਜਾਏ ਉਸ ਦਾ ਵਿਰੋਧ ਕਰਨਾ ਚਾਹੀਦਾ ਹੈ। ਜਦੋਂ ਸਮਾਜ ਅਤੇ ਔਰਤਾਂ ਦੋਵੇਂ ਮਿਲ ਕੇ ਕੰਮ ਕਰਦੇ ਹਨ ਤਾਂ ਇੱਕ ਖੁਸ਼ਹਾਲ ਸਮਾਜ ਬਣਦਾ ਹੈ।
———-
-ਸਮਾਜ ਨੂੰ ਚਾਹੀਦਾ ਹੈ ਕਿ ਉਹ ਔਰਤਾਂ ਦੀ ਯੋਗਤਾ ‘ਤੇ ਭਰੋਸਾ ਕਰੇ
ਸੁਨੀਤਾ ਰਾਣੀ ਕੌਂਸਲਰ ਭਗਤਾ ਭਾਈ ਨੇ ਕਿਹਾ ਕਿ ਮਹਿਲਾ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਰ ਔਰਤ ਵਿੱਚ ਬੇਅੰਤ ਸਮਰੱਥਾ ਹੁੰਦੀ ਹੈ। ਸਮਾਜ ਨੂੰ ਚਾਹੀਦਾ ਹੈ ਕਿ ਉਹ ਔਰਤਾਂ ਦੀ ਯੋਗਤਾ ‘ਤੇ ਭਰੋਸਾ ਕਰੇ ਅਤੇ ਉਨ੍ਹਾਂ ਨੂੰ ਅੱਗੇ ਵਧਣ ਦੇ ਮੌਕੇ ਦੇਵੇ। ਧੀਆਂ ਨੂੰ ਛੋਟੀ ਉਮਰ ਤੋਂ ਹੀ ਆਤਮ-ਵਿਸ਼ਵਾਸ ਅਤੇ ਸੁਤੰਤਰਤਾ ਦੀ ਸਿੱਖਿਆ ਮਿਲਣੀ ਚਾਹੀਦੀ ਹੈ। ਦੂਜੇ ਪਾਸੇ ਔਰਤਾਂ ਨੂੰ ਵੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਿਹਨਤ ਕਰਨੀ ਚਾਹੀਦੀ ਹੈ ਅਤੇ ਡਰ ਜਾਂ ਸੰਕੋਚ ਨੂੰ ਆਪਣੇ ਰਸਤੇ ਦੀ ਰੁਕਾਵਟ ਨਹੀਂ ਬਣਨ ਦੇਣਾ ਚਾਹੀਦਾ। ਜਦੋਂ ਔਰਤਾਂ ਆਪਣੇ ਉੱਤੇ ਭਰੋਸਾ ਕਰਦੀਆਂ ਹਨ ਤਾਂ ਉਹ ਸਮਾਜ ਵਿੱਚ ਬਦਲਾਅ ਦੀ ਵੱਡੀ ਤਾਕਤ ਬਣ ਜਾਂਦੀਆਂ ਹਨ।
-ਔਰਤਾਂ ਨੂੰ ਵੀ ਆਪਣੇ ਹੱਕਾਂ ਬਾਰੇ ਜਾਣਨਾ ਚਾਹੀਦੈ
ਜਸਵਿੰਦਰ ਕੌਰ ਚਹਿਲ ਇੰਚਾਰਜ ਸਰਕਾਰੀ ਐਲੀਮੈਂਟਰੀ ਸਕੂਲ ਨਵਾਂ ਕੇਸਰ ਸਿੰਘ ਵਾਲਾ ਨੇ ਕਿਹਾ ਕਿ ਮਹਿਲਾ ਦਿਵਸ ਸਿਰਫ਼ ਮਨਾਉਣ ਦਾ ਦਿਨ ਨਹੀਂ, ਸਗੋਂ ਸੋਚ ਬਦਲਣ ਦਾ ਮੌਕਾ ਹੈ। ਸਮਾਜ ਨੂੰ ਚਾਹੀਦਾ ਹੈ ਕਿ ਔਰਤਾਂ ਲਈ ਸੁਰੱਖਿਅਤ ਵਾਤਾਵਰਨ ਤਿਆਰ ਕਰੇ ਜਿੱਥੇ ਉਹ ਨਿਡਰ ਹੋ ਕੇ ਜੀ ਸਕਣ ਅਤੇ ਆਪਣਾ ਕੰਮ -ਕਾਰ ਕਰ ਸਕਣ। ਜੇ ਕਿਸੇ ਔਰਤ ਨਾਲ ਅਨਿਆਂ ਹੋਵੇ ਤਾਂ ਸਮਾਜ ਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ। ਔਰਤਾਂ ਨੂੰ ਵੀ ਆਪਣੇ ਹੱਕਾਂ ਬਾਰੇ ਜਾਣਨਾ ਚਾਹੀਦਾ ਹੈ ਅਤੇ ਜ਼ਰੂਰਤ ਪੈਣ ‘ਤੇ ਕਾਨੂੰਨੀ ਮਦਦ ਲੈਣੀ ਚਾਹੀਦੀ ਹੈ। ਜਦੋਂ ਸੁਰੱਖਿਆ ਅਤੇ ਨਿਆਂ ਮਿਲਦਾ ਹੈ ਤਾਂ ਔਰਤਾਂ ਆਪਣੀ ਯੋਗਤਾ ਨੂੰ ਪੂਰੀ ਤਰ੍ਹਾਂ ਵਰਤ ਸਕਦੀਆਂ ਹਨ ਅਤੇ ਸਮਾਜ ਨੂੰ ਤਰੱਕੀ ਦੇ ਰਸਤੇ ‘ਤੇ ਲੈ ਜਾਂਦੀਆਂ ਹਨ।
-ਬਦਲਾਅ ਦੀ ਸ਼ੁਰੂਆਤ ਘਰ ਤੋਂ ਹੁੰਦੀ ਹੈ : ਡਾ. ਯਾਮਨੀ ਗੁਪਤਾ
ਡਾ. ਯਾਮਨੀ ਗੁਪਤਾ ਲੁਧਿਆਣਾ ਦਾ ਕਹਿਣਾ ਹੈ ਕਿ ਮਹਿਲਾ ਦਿਵਸ ਸਾਨੂੰ ਦੱਸਦਾ ਹੈ ਕਿ ਬਦਲਾਅ ਦੀ ਸ਼ੁਰੂਆਤ ਘਰ ਤੋਂ ਹੁੰਦੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਧੀਆਂ ਨੂੰ ਵੀ ਉਹੀ ਪਿਆਰ ਅਤੇ ਮੌਕੇ ਦੇਣ ਜੋ ਪੁੱਤਰਾਂ ਨੂੰ ਮਿਲਦੇ ਹਨ। ਘਰ ਵਿੱਚ ਬਰਾਬਰੀ ਦੀ ਸੋਚ ਹੀ ਸਮਾਜ ਵਿੱਚ ਸਮਾਨਤਾ ਨੂੰ ਮਜ਼ਬੂਤ ਕਰਦੀ ਹੈ। ਔਰਤਾਂ ਨੂੰ ਵੀ ਆਪਣੇ ਬੱਚਿਆਂ ਨੂੰ ਨਿਆਂ, ਆਦਰ ਅਤੇ ਮਨੁੱਖਤਾ ਦੀ ਸਿੱਖਿਆ ਦੇਣੀ ਚਾਹੀਦੀ ਹੈ। ਜੇ ਅਗਲੀ ਪੀੜ੍ਹੀ ਨੂੰ ਸਹੀ ਸੰਸਕਾਰ ਮਿਲਣਗੇ ਤਾਂ ਸਮਾਜ ਵਿੱਚ ਲਿੰਗ ਭੇਦਭਾਵ ਘੱਟ ਹੋਵੇਗਾ। ਇਸ ਤਰ੍ਹਾਂ ਚੰਗੇ ਸਮਾਜ ਦੀ ਸਿਰਜਣਾ ਹੋਵੇਗੀ।