- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਜਟ ਤੋਂ ਉਮੀਦਾਂ: ਮਹਿਲਾ ਦਿਵਸ ’ਤੇ ਪੇਸ਼ ਹੋਣ ਵਾਲੇ ਬਜਟ ਤੋਂ ਕਿਸਾਨਾਂ ਅਤੇ ਮਹਿਲਾਵਾਂ ਨੂੰ ਵੱਡੀਆਂ ਆਸਾਂ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਸਰਕਾਰ 8 ਮਾਰਚ ਨੂੰ ਮਹਿਲਾ ਦਿਵਸ ਦੇ ਮੌਕੇ ਆਪਣਾ ਬਜਟ ਪੇਸ਼ ਕਰਨ ਜਾ ਰਹੀ ਹੈ। ਆਮ ਆਦਮੀ ਪਾਰਟੀ ਸਰਕਾਰ ਦੇ ਕਾਰਜਕਾਲ ਦਾ ਇਹ ਆਖਰੀ ਬਜਟ ਹੋਣ ਕਰਕੇ ਲੋਕਾਂ ਨੂੰ ਇਸ ਤੋਂ ਕਾਫ਼ੀ ਉਮੀਦਾਂ ਹਨ। ਖ਼ਾਸ ਕਰਕੇ ਕਿਸਾਨਾਂ ਅਤੇ ਮਹਿਲਾਵਾਂ ਨੂੰ ਇਸ ਬਜਟ ਤੋਂ ਵੱਡੀ ਰਾਹਤ ਦੀ ਆਸ ਹੈ। ਅਗਲੇ ਸਾਲ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਆਸ ਹੈ ਕਿ ਆਪ ਸਰਕਾਰ ਬਜਟ ਲੋਕ ਪੱਖੀ ਪੇਸ਼ ਕਰੇਗੀ ਤੇ ਕਾਫ਼ੀ ਰਾਹਤਾਂ ਦਿੱਤੀਆਂ ਜਾ ਸਕਦੀਆਂ ਹਨ। ਕਿਸਾਨਾਂ ਨੂੰ ਆਸ ਹੈ ਕਿ ਸਰਕਾਰ ਕਰਜ਼ ਮਾਫ਼ੀ ਅਤੇ ਖੇਤੀ ਨਾਲ ਜੁੜੀਆਂ ਸਹੂਲਤਾਂ ਬਾਰੇ ਵੱਡੇ ਐਲਾਨ ਕਰ ਸਕਦੀ ਹੈ, ਜਦਕਿ ਮਹਿਲਾਵਾਂ ਨੂੰ ਆਸ ਹੈ ਕਿ ਸਰਕਾਰ ਹਰ ਮਹਿਲਾ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਆਪਣੇ ਚੋਣੀ ਵਾਅਦੇ ਨੂੰ ਪੂਰਾ ਕਰੇਗੀ। ਇਸ ਤੋਂ ਇਲਾਵਾ ਨੌਜਵਾਨਾਂ ਲਈ ਰੁਜ਼ਗਾਰ ਤੇ ਨਸ਼ੇ ਖ਼ਿਲਾਫ਼ ਠੋਸ ਕਦਮਾਂ ਦੀ ਵੀ ਲੋਕਾਂ ਨੂੰ ਉਮੀਦ ਹੈ।
-ਬਾਕਸ-
-ਕਿਸਾਨਾਂ ਦੇ ਕਰਜ਼ ਤੇ ਖੇਤੀ ਦੇ ਖਰਚਿਆਂ ਵਿਚ ਰਾਹਤ
ਖੇਤੀ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ, ਜਦਕਿ ਫਸਲਾਂ ਦੇ ਭਾਅ ਉਸ ਅਨੁਸਾਰ ਨਹੀਂ ਵਧ ਰਹੇ। ਇਸ ਕਾਰਨ ਕਿਸਾਨ ਆਰਥਿਕ ਦਬਾਅ ਹੇਠ ਆ ਗਏ ਹਨ। ਸਰਕਾਰ ਨੂੰ ਬਜਟ ਵਿੱਚ ਕਿਸਾਨਾਂ ਲਈ ਕਰਜ਼ ਮਾਫ਼ੀ ਜਾਂ ਵਿਆਜ ਵਿੱਚ ਰਾਹਤ ਵਰਗੀ ਯੋਜਨਾ ਲਿਆਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਡੀਜ਼ਲ, ਖਾਦ ਅਤੇ ਬੀਜ ‘ਤੇ ਸਬਸਿਡੀ ਵਧਾਈ ਜਾਣੀ ਚਾਹੀਦੀ ਹੈ ਤਾਂ ਜੋ ਖੇਤੀ ਦਾ ਖਰਚ ਘਟ ਸਕੇ। ਜੇ ਸਰਕਾਰ ਖੇਤੀ ਨੂੰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕਦੀ ਹੈ ਤਾਂ ਇਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਖੇਤੀ ਮੁੜ ਲਾਭਦਾਇਕ ਬਣ ਸਕਦੀ ਹੈ। -ਕਮਲਜੀਤ ਕੌਰ
-ਬਾਕਸ-
-ਖੇਤੀ ਲਈ ਸਹੂਲਤਾਂ ਵਧਣ ਨਾਲ ਮਜ਼ਬੂਤ ਹੋਵੇਗਾ ਕਿਸਾਨ
ਪੰਜਾਬ ਦੀ ਅਰਥਵਿਵਸਥਾ ਦਾ ਆਧਾਰ ਖੇਤੀ ਹੈ, ਇਸ ਲਈ ਬਜਟ ਵਿੱਚ ਕਿਸਾਨਾਂ ਲਈ ਵਿਸ਼ੇਸ਼ ਪ੍ਰਬੰਧ ਹੋਣੇ ਚਾਹੀਦੇ ਹਨ। ਸਰਕਾਰ ਨੂੰ ਸਿੰਚਾਈ, ਬਿਜਲੀ ਅਤੇ ਆਧੁਨਿਕ ਖੇਤੀ ਦੇ ਸਾਧਨਾਂ ਲਈ ਨਵੀਆਂ ਯੋਜਨਾਵਾਂ ਸ਼ੁਰੂ ਕਰਨੀ ਚਾਹੀਦੀਆਂ ਹਨ। ਇਸ ਨਾਲ ਕਿਸਾਨਾਂ ਦੀ ਲਾਗਤ ਘਟੇਗੀ ਅਤੇ ਉਤਪਾਦਨ ਵੀ ਵਧੇਗਾ। ਉਮੀਦ ਹੈ ਕਿ ਸਰਕਾਰ ਇਸ ਵਾਰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਬਜਟ ਵਿੱਚ ਵੱਡੇ ਫੈਸਲੇ ਲਵੇਗੀ। ਜੇਕਰ ਕਿਸਾਨਾਂ ਨੂੰ ਠੀਕ ਸਹਿਯੋਗ ਮਿਲੇ ਤਾਂ ਪੰਜਾਬ ਦੀ ਖੇਤੀ ਫਿਰ ਮਜ਼ਬੂਤ ਹੋ ਸਕਦੀ ਹੈ। -ਹਰਿੰਦਰ ਕੌਰ ਬਿੰਦੂ
-ਬਾਕਸ-
-ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਯੋਜਨਾ ਪੂਰੀ ਹੋਣ ਦੀ ਆਸ
ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਹਰ ਮਹਿਲਾ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ। ਹੁਣ ਲੋਕਾਂ ਨੂੰ ਉਮੀਦ ਹੈ ਕਿ ਸਰਕਾਰ ਆਪਣੇ ਆਖਰੀ ਬਜਟ ਵਿੱਚ ਇਸ ਯੋਜਨਾ ਨੂੰ ਲਾਗੂ ਕਰਨ ਦਾ ਐਲਾਨ ਕਰੇਗੀ। ਜੇਕਰ ਇਹ ਯੋਜਨਾ ਸ਼ੁਰੂ ਹੁੰਦੀ ਹੈ ਤਾਂ ਇਸ ਨਾਲ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ ਵੱਡਾ ਸਹਾਰਾ ਮਿਲੇਗਾ। ਖ਼ਾਸ ਕਰਕੇ ਗਰੀਬ ਤੇ ਮੱਧਵਰਗ ਦੀਆਂ ਮਹਿਲਾਵਾਂ ਲਈ ਇਹ ਯੋਜਨਾ ਮਦਦਗਾਰ ਸਾਬਤ ਹੋ ਸਕਦੀ ਹੈ। ਸਰਕਾਰ ਨੂੰ ਮਹਿਲਾ ਸਸ਼ਕਤੀਕਰਨ ਲਈ ਅਜਿਹੀਆਂ ਯੋਜਨਾਵਾਂ ਜਲਦੀ ਲਾਗੂ ਕਰਨੀ ਚਾਹੀਦੀਆਂ ਹਨ। -ਸਰੂਪ ਸਿੰਘ ਰਾਮਾਂ
-ਬਾਕਸ-
-ਮਹਿਲਾਵਾਂ ਲਈ ਰੋਜ਼ਗਾਰ ਅਤੇ ਸੁਰੱਖਿਆ ‘ਤੇ ਵੀ ਧਿਆਨ ਜ਼ਰੂਰੀ
ਬਜਟ ਵਿੱਚ ਮਹਿਲਾਵਾਂ ਲਈ ਰੋਜ਼ਗਾਰ ਅਤੇ ਸਵਰੋਜ਼ਗਾਰ ਨਾਲ ਜੁੜੀਆਂ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਜੇਕਰ ਮਹਿਲਾਵਾਂ ਨੂੰ ਆਰਥਿਕ ਮਦਦ ਮਿਲੇ ਤਾਂ ਉਹ ਆਪਣੇ ਪੈਰਾਂ ‘ਤੇ ਖੜ੍ਹੀਆਂ ਹੋ ਸਕਦੀਆਂ ਹਨ। ਸਰਕਾਰ ਨੂੰ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵਧਾਉਣੇ ਚਾਹੀਦੇ ਹਨ ਤਾਂ ਜੋ ਰਾਜ ਵਿੱਚ ਨਸ਼ੇ ਦੀ ਸਮੱਸਿਆ ਨੂੰ ਘਟਾਇਆ ਜਾ ਸਕੇ। ਆਸ ਜਤਾਈ ਜਾ ਰਹੀ ਹੈ ਕਿ ਇਸ ਵਾਰ ਦਾ ਬਜਟ ਮਹਿਲਾਵਾਂ ਅਤੇ ਨੌਜਵਾਨਾਂ ਲਈ ਨਵੀਆਂ ਉਮੀਦਾਂ ਲੈ ਕੇ ਆਏਗਾ। -ਝੰਡਾ ਸਿੰਘ ਜੇਠੂਕੇ।