ਬਿਨਾਂ ਮਨਜ਼ੂਰੀ ਚੱਲ ਰਹੀਆਂ ਪੇਇੰਗ ਗੈਸਟਾਂ ’ਤੇ ਪੁਲਿਸ ਨੇ ਕੱਸਿਆ ਸ਼ਿਕੰਜਾ
ਬਿਨਾਂ ਮੰਨਜ਼ੂਰੀ ਚੱਲ ਰਹੀਆਂ ਪੇਇੰਗ ਗੈਸਟਾਂ ’ਤੇ ਪੁਲਿਸ ਨੇ ਸਕਿਆ ਸਿਕੰਜਾ
Publish Date: Mon, 09 Feb 2026 04:33 PM (IST)
Updated Date: Tue, 10 Feb 2026 04:02 AM (IST)

-ਅਪਰਾਧੀ ਵਿਅਕਤੀਆਂ ਲਈ ਸੁਰੱਖਿਅਤ ਟਿਕਾਣਾ ਬਣ ਸਕਦੇ ਨੇ ਗ਼ੈਰ-ਕਾਨੂੰਨੀ ਪੀਜੀ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ ਸ਼ਹਿਰ ਵਿੱਚ ਬਿਨਾਂ ਮਨਜ਼ੂਰੀ ਤੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੀਆਂ ਚੱਲ ਰਹੇ ਪੇਇੰਗ ਗੈਸਟ (ਪੀਜੀ) ਖ਼ਿਲਾਫ਼ ਹੁਣ ਪੁਲਿਸ ਨੇ ਸਖ਼ਤ ਰੁਖ ਅਪਣਾ ਲਿਆ ਹੈ। ਗੈਰਕਾਨੂੰਨੀ ਤੌਰ ’ਤੇ ਪੀਜੀ ਚਲਾ ਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਉਣ ਵਾਲੇ ਮਾਲਕਾਂ ’ਤੇ ਨਕੇਲ ਕੱਸਣ ਦੀ ਸ਼ੁਰੂਆਤ ਹੋ ਚੁੱਕੀ ਹੈ। ਹਾਲ ਹੀ ਵਿੱਚ ਪੁਲਿਸ ਵੱਲੋਂ ਦੋ ਅਜਿਹੇ ਪੀਜੀ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਸਾਫ਼ ਸੰਦੇਸ਼ ਦੇ ਦਿੱਤਾ ਗਿਆ ਹੈ ਕਿ ਹੁਣ ਕਾਨੂੰਨ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਜਿਹੇ ਪੀਜੀ ਜਿੱਥੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾ ਰਹੇ ਹਨ, ਉਥੇ ਹੀ ਇਹੀ ਪੀਜੀ ਸੁਰੱਖਿਆ ਲਈ ਖਤਰਾ ਬਣ ਸਕਦੇ ਹਨ। ਪੀਜੀ ਚਲਾਉਣ ਵਾਲੇ ਅਜਿਹੇ ਲੋਕ ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਜੀਤ ਰੋਡ ਬਠਿੰਡਾ ਅਤੇ ਗ੍ਰੀਨ ਹੋਟਲ ਵਾਲੀ ਗਲੀ ਵਿਚ ਕੁੱਝ ਵਿਅਕਤੀ ਬਿਨਾਂ ਲਾਇਸੈਂਸ ਤੇ ਬਿਨਾਂ ਰਜਿਸ਼ਟ੍ਰੇਸ਼ਨ ਦੇ ਪੀਜੀ ਚਲਾ ਰਹੇ ਹਨ। ਉਕਤ ਵਿਅਕਤੀ ਪੀਜੀ ਵਿਚ ਰਹਿਣ ਵਾਲੇ ਲੋਕਾਂ ਦੀ ਸਾਂਝ ਕੇਂਦਰ ਤੋਂ ਵੈਰੀਫੀਕੇਸ਼ਨ ਵੀ ਨਹੀਂ ਕਰਵਾ ਰਹੇ। ਇਸ ਤੋਂ ਬਾਅਦ ਥਾਣਾ ਸਿਵਲ ਲਾਇਨ ਦੀ ਪੁਲਿਸ ਨੇ ਏਐੱਸਆਈ ਸੁਖਮੰਦਰ ਸਿੰਘ ਦੀ ਅਗਵਾਈ ਹੇਠ ਅਜੀਤ ਰੋਡ ’ਤੇ ਸਥਿਤ ਸਿੱਧੂ ਪੀਜੀ ਵਿਚ ਛਾਪੇਮਾਰੀ ਕੀਤੀ। ਪੀਜੀ ਚਲਾ ਰਿਹਾ ਜਗਸੀਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਯਾਤਰੀ ਇਸ ਸਬੰਧੀ ਕੋਈ ਮੰਨਜ਼ੂਰੀ ਜਾਂ ਰਜਿਸਟ੍ਰੇਸ਼ਨ ਨਹੀਂ ਦਿਖਾ ਸਕਿਆ। ਇਸ ਤੋਂ ਬਾਅਦ ਪੁਲਿਸ ਨ ਮੁਲਜ਼ਮ ਖਿਲਾਫ਼ ਕੇਸ ਦਰਜ ਕਰ ਲਿਆ ਹੈ, ਪਰ ਅਜੇ ਤਕ ਉਸਦੀ ਗ੍ਰਿਫ਼ਤਾਰੀ ਨਹੀਂ ਹੋਈ। ਇਸ ਤਰ੍ਹਾਂ ਹੀ ਥਾਣਾ ਕੈਂਟ ਬਠਿੰਡਾ ਦੀ ਪੁਲਿਸ ਗੁਪਤ ਸੂਚਨਾ ਦੇ ਅਧਾਰ ’ਤੇ ਗ੍ਰੀਨ ਹੋਟਲ ਵਾਲੀ ਗਲੀ ਵਿਚ ਚੱਲ ਰਹੇ ਜੀ ਕਲਾਸ ਹੋਟਲ ਕਮ ਪੀਜੀ ਵਿਚ ਛਾਪੇਮਾਰੀ ਕੀਤੀ। ਇਹ ਪੀਜੀ ਵੀ ਬਿਨਾਂ ਕਿਸੇ ਸਰਕਾਰੀ ਮੰਨਜ਼ੂਰੀ ਦੇ ਚੱਲ ਰਿਹਾ ਸੀ। ਉਕਤ ਵਿਅਕਤੀ ਪੀਜੀ ਵਿਚ ਰਹਿਣ ਵਾਲੇ ਲੋਕਾਂ ਦੀ ਸਬੰਧਤ ਥਾਣੇ ਤੇ ਪੁਲਿਸ ਸਾਂਝ ਕੇਂਦਰ ਤੋਂ ਵੈਰੀਫੀਕੇਸ਼ਨ ਵੀ ਨਹੀਂ ਕਰਵਾ ਰਿਹਾ ਸੀ। ਇਸ ਤਰ੍ਹਾਂ ਉਸਨੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦਾ ਉਲੰਘਣ ਕੀਤਾ ਹੈ। ਥਾਣਾ ਕੈਂਟ ਦੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੁਰਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਹਰਨਾਮ ਸਿੰਘ ਵਾਲਾ ਨੂੰ ਗ੍ਰਿਫ਼ਤਾਰ ਕਰਨ ਬਾਅਦ ਜਮਾਨਤ ’ਤੇ ਰਿਹਾਅ ਕਰ ਦਿੱਤਾ ਹੈ। -ਬਾਕਸ- ਪੁਲਿਸ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਸ਼ਹਿਰ ਵਿੱਚ ਦਰਜਨਾਂ ਪੀਜੀ ਬਿਨਾਂ ਕਿਸੇ ਮੰਨਜ਼ੂਰੀ, ਰਜਿਸਟ੍ਰੇਸ਼ਨ ਅਤੇ ਨਿਯਮਾਂ ਦੇ ਖੁੱਲ੍ਹੇਆਮ ਚੱਲ ਰਹੀਆਂ ਹਨ। ਇਹ ਮਾਲਕ ਨਾ ਤਾਂ ਨਗਰ ਨਿਗਮ ਤੋਂ ਮਨਜ਼ੂਰੀ ਲੈਂਦੇ ਹਨ ਅਤੇ ਨਾ ਹੀ ਟੈਕਸ ਅਦਾ ਕਰਦੇ ਹਨ। ਨਤੀਜੇ ਵਜੋਂ ਸਰਕਾਰੀ ਖ਼ਜ਼ਾਨੇ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਜਦਕਿ ਪੀਜੀ ਮਾਲਕ ਮਨਮਾਨੀ ਕਮਾਈ ਕਰ ਰਹੇ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਬਿਨਾਂ ਮੰਨਜ਼ੂਰੀ ਚੱਲ ਰਹੇ ਪੀਜੀ ਸਿਰਫ਼ ਆਰਥਿਕ ਨੁਕਸਾਨ ਹੀ ਨਹੀਂ, ਸਗੋਂ ਸੁਰੱਖਿਆ ਦੇ ਪੱਖੋਂ ਵੀ ਵੱਡਾ ਖ਼ਤਰਾ ਬਣੀਆਂ ਹੋਈਆਂ ਹਨ। ਕਈ ਪੀਜੀ ’ਚ ਅੱਗ ਬੁਝਾਉ ਸਾਧਨ, ਐਮਰਜੈਂਸੀ ਦਰਵਾਜ਼ਾ, ਸੀਸੀਟੀਵੀ ਕੈਮਰੇ ਅਤੇ ਰਹਾਇਸ਼ੀਆਂ ਦਾ ਕੋਈ ਢੰਗ ਦਾ ਰਿਕਾਰਡ ਤਕ ਨਹੀਂ ਹੈ। ਅਜਿਹੇ ਹਾਲਾਤ ’ਚ ਸ਼ਹਿਰ ਦੀ ਸੁਰੱਖਿਆ ਨੂੰ ਵੱਡਾ ਖਤਰਾ ਪੈਦਾ ਹੋ ਸਕਦਾ ਹੈ। ਦਰਜ ਕੀਤੇ ਕੇਸਾਂ ’ਚ ਸਾਹਮਣੇ ਆਇਆ ਹੈ ਕਿ ਪੀਜੀ ਮਾਲਕਾਂ ਨੇ ਨਿਯਮਾਂ ਨੂੰ ਜਾਣ-ਬੁੱਝ ਕੇ ਨਜ਼ਰਅੰਦਾਜ਼ ਕੀਤਾ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਬਿਨਾਂ ਰਜਿਸਟ੍ਰੇਸ਼ਨ ਦੇ ਪੀਜੀ ਚਲਾਉਣ, ਸੁਰੱਖਿਆ ਨਿਯਮਾਂ ਦੀ ਉਲੰਘਣਾ ਤੇ ਸਰਕਾਰੀ ਹਦਾਇਤਾਂ ਦੀ ਅਣਦੇਖੀ ਕਰਨ ਦੇ ਦੋਸ਼ਾਂ ਹੇਠ ਮਾਮਲੇ ਦਰਜ ਕੀਤੇ ਹਨ। ਅਧਿਕਾਰੀਆਂ ਨੇ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ ਅਤੇ ਆਉਣ ਵਾਲੇ ਦਿਨਾਂ ’ਚ ਹੋਰ ਪੀਜੀ ਮਾਲਕਾਂ ’ਤੇ ਵੀ ਕਾਰਵਾਈ ਕੀਤੀ ਜਾਵੇਗੀ। ਇਸ ਕਾਰਵਾਈ ਤੋਂ ਬਾਅਦ ਗੈਰ-ਕਾਨੂੰਨੀ ਪੀਜੀ ਚਲਾਉਣ ਵਾਲੇ ਮਾਲਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ, ਜਦਕਿ ਸ਼ਹਿਰ ਵਾਸੀਆਂ ਅਤੇ ਮਾਪਿਆਂ ਨੇ ਪੁਲਿਸ ਦੀ ਇਸ ਸਖ਼ਤੀ ਦਾ ਸਵਾਗਤ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਪੀਜੀ ਅਪਰਾਧਕ ਤੱਤਾਂ ਲਈ ਵੀ ਸੁਰੱਖਿਅਤ ਠਿਕਾਣਾ ਬਣ ਸਕਦੀਆਂ ਹਨ, ਜਿਸ ਨਾਲ ਸ਼ਹਿਰ ਦੀ ਕਾਨੂੰਨ-ਵਿਵਸਥਾ ’ਤੇ ਸਵਾਲ ਖੜੇ ਹੁੰਦੇ ਹਨ। ਪੁਲਿਸ ਨੇ ਪੀਜੀ ਵਿੱਚ ਰਹਿ ਰਹੇ ਵਿਦਿਆਰਥੀਆਂ ਅਤੇ ਨੌਕਰੀਪੇਸ਼ਾ ਨੌਜਵਾਨਾਂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਉਹ ਸਿਰਫ਼ ਰਜਿਸਟਰਡ ਤੇ ਮਨਜ਼ੂਰਸ਼ੁਦਾ ਪੀਜੀ ’ਚ ਹੀ ਰਹਿਣ। ਕਿਸੇ ਵੀ ਗੈਰਕਾਨੂੰਨੀ ਪੀਜੀ ਜਾਂ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਸਖ਼ਤੀ ਨਾਲ ਨਾ ਸਿਰਫ਼ ਗੈਰਕਾਨੂੰਨੀ ਧੰਦੇ ’ਤੇ ਰੋਕ ਲੱਗੇਗੀ, ਸਗੋਂ ਸ਼ਹਿਰ ਦੀ ਸੁਰੱਖਿਆ ਤੇ ਪ੍ਰਸ਼ਾਸਨਿਕ ਪਕੜ ਵੀ ਮਜ਼ਬੂਤ ਹੋਵੇਗੀ।