- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੈਸ ਸਿਲੰਡਰਾਂ ਦੀ ਕਮੀ ਵਿਚਕਾਰ ਨਵਾਂ ਸੰਕਟ: ਗੈਸ ਸਿਲੰਡਰ ਦਿੱਤੇ ਬਿਨਾਂ ਹੀ ਆ ਰਿਹਾ ਡਲਿਵਰੀ ਦਾ ਮੈਸੇਜ, ਲੋਕ ਪਰੇਸ਼ਾਨ

-ਸਿਲੰਡਰਾਂ ਦੀ ਕਮੀ ਵਿਚਾਲੇ ਨਵਾਂ ਸੰਕਟ ਉੱਭਰ ਕੇ ਆਇਆ ਸਾਹਮਣੇ, ਪ੍ਰਸ਼ਾਸਨ ਚੌਕਸ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਜ਼ਿਲ੍ਹੇ ਵਿੱਚ ਪਹਿਲਾਂ ਹੀ ਚੱਲ ਰਹੀ ਰਸੋਈ ਗੈਸ ਸਿਲੰਡਰਾਂ ਦੀ ਕਮੀ ਦੇ ਵਿਚਕਾਰ ਹੁਣ ਖ਼ਪਤਕਾਰਾਂ ਸਾਹਮਣੇ ਇਕ ਨਵੀਂ ਸਮੱਸਿਆ ਖੜੀ ਹੋ ਗਈ ਹੈ। ਕਈ ਖ਼ਪਤਕਾਰਾਂ ਨੂੰ ਗੈਸ ਸਿਲੰਡਰ ਦੀ ਬੁਕਿੰਗ ਕਰਨ ਤੋਂ ਬਾਅਦ ਮੋਬਾਈਲ ‘ਤੇ ਡਲਿਵਰੀ ਹੋਣ ਦਾ ਮੈਸੇਜ ਮਿਲ ਰਿਹਾ ਹੈ, ਪਰ ਹਕੀਕਤ ਵਿੱਚ ਉਨ੍ਹਾਂ ਨੂੰ ਸਿਲੰਡਰ ਮਿਲ ਹੀ ਨਹੀਂ ਰਿਹਾ। ਇਸ ਕਾਰਨ ਲੋਕਾਂ ਵਿੱਚ ਨਾਰਾਜ਼ਗੀ ਅਤੇ ਪਰੇਸ਼ਾਨੀ ਵਧ ਰਹੀ ਹੈ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਗੈਸ ਏਜੰਸੀ ਵਿੱਚ ਨਿਯਮਤ ਤਰੀਕੇ ਨਾਲ ਸਿਲੰਡਰ ਦੀ ਬੁਕਿੰਗ ਕਰਵਾਈ ਸੀ। ਕੁਝ ਸਮੇਂ ਬਾਅਦ ਉਨ੍ਹਾਂ ਦੇ ਮੋਬਾਈਲ ਫੋਨ ‘ਤੇ ਮੈਸੇਜ ਆ ਜਾਂਦਾ ਹੈ ਕਿ ਸਿਲੰਡਰ ਦੀ ਡਲਿਵਰੀ ਹੋ ਗਈ ਹੈ। ਪਰ ਜਦੋਂ ਉਹ ਘਰ ਵਿੱਚ ਜਾਂਚ ਕਰਦੇ ਹਨ ਤਾਂ ਸਿਲੰਡਰ ਪਹੁੰਚਿਆ ਹੀ ਨਹੀਂ ਹੁੰਦਾ। ਕਈ ਮਾਮਲਿਆਂ ਵਿੱਚ ਤਾਂ ਡਲਿਵਰੀ ਦੀ ਪੁਸ਼ਟੀ ਵਾਲਾ ਮੈਸੇਜ ਵੀ ਆ ਜਾਂਦਾ ਹੈ, ਜਿਸ ਨਾਲ ਖ਼ਪਤਕਾਰ ਹੋਰ ਵੀ ਹੈਰਾਨ ਹੋ ਰਹੇ ਹਨ ਕਿ ਆਖ਼ਰ ਸਿਲੰਡਰ ਗਿਆ ਕਿੱਥੇ। ਇਸ ਸਮੱਸਿਆ ਦੇ ਕਾਰਨ ਲੋਕ ਗੈਸ ਏਜੰਸੀਆਂ ਦੇ ਚੱਕਰ ਕੱਟਣ ਲਈ ਮਜਬੂਰ ਹੋ ਰਹੇ ਹਨ। ਖ਼ਪਤਕਾਰ ਸੁਭਾਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਏਜੰਸੀ ਵਿੱਚ ਜਾ ਕੇ ਸ਼ਿਕਾਇਤ ਕਰਦੇ ਹਨ ਤਾਂ ਉਨ੍ਹਾਂ ਨੂੰ ਸਪੱਸ਼ਟ ਜਵਾਬ ਨਹੀਂ ਮਿਲਦਾ। ਕਈ ਵਾਰ ਕਰਮਚਾਰੀ ਇਹ ਕਹਿ ਕੇ ਗੱਲ ਟਾਲ ਦਿੰਦੇ ਹਨ ਕਿ ਸਿਸਟਮ ਵਿੱਚ ਡਲਿਵਰੀ ਹੋਈ ਦਿਖ ਰਹੀ ਹੈ, ਇਸ ਲਈ ਮੁੜ ਸਿਲੰਡਰ ਜਾਰੀ ਨਹੀਂ ਕੀਤਾ ਜਾ ਸਕਦਾ। ਇਸ ਕਾਰਨ ਲੋਕਾਂ ਦੀ ਪਰੇਸ਼ਾਨੀ ਹੋਰ ਵੀ ਵੱਧ ਰਹੀ ਹੈ। ਗੌਰਤਲਬ ਹੈ ਕਿ ਜ਼ਿਲ੍ਹੇ ਵਿੱਚ ਪਹਿਲਾਂ ਤੋਂ ਹੀ ਗੈਸ ਸਿਲੰਡਰਾਂ ਦੀ ਸਪਲਾਈ ਘੱਟ ਹੋਣ ਕਾਰਨ ਖ਼ਪਤਕਾਰਾਂ ਨੂੰ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਕਈ ਪਰਿਵਾਰਾਂ ਨੂੰ ਸਮੇਂ ‘ਤੇ ਸਿਲੰਡਰ ਨਾ ਮਿਲਣ ਕਾਰਨ ਰੋਜ਼ਾਨਾ ਖਾਣਾ ਬਣਾਉਣ ਵਿੱਚ ਵੀ ਮੁਸ਼ਕਲਾਂ ਆ ਰਹੀਆਂ ਹਨ। ਹੁਣ ਡਲਿਵਰੀ ਦਾ ਮੈਸੇਜ ਆਉਣ ਦੇ ਬਾਵਜੂਦ ਸਿਲੰਡਰ ਨਾ ਮਿਲਣ ਦੀ ਸਮੱਸਿਆ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਦੂਜੇ ਪਾਸੇ ਸ਼ਹਿਰ ਅਤੇ ਬਾਜ਼ਾਰਾਂ ਵਿੱਚ ਕਈ ਥਾਵਾਂ ‘ਤੇ ਰਹੜੀਆਂ ਅਤੇ ਛੋਟੇ ਢਾਬਿਆਂ ‘ਤੇ ਅੱਜ ਵੀ ਘਰੇਲੂ ਗੈਸ ਸਿਲੰਡਰਾਂ ਦਾ ਖੁੱਲ੍ਹੇਆਮ ਇਸਤੇਮਾਲ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਆਮ ਉਪਭੋਗਤਾਵਾਂ ਨੂੰ ਸਿਲੰਡਰ ਨਹੀਂ ਮਿਲ ਰਹੇ, ਤਾਂ ਰੇਹੜੀਆਂ ‘ਤੇ ਘਰੇਲੂ ਸਿਲੰਡਰਾਂ ਦੀ ਵਰਤੋਂ ਕਈ ਸਵਾਲ ਖੜੇ ਕਰਦੀ ਹੈ। ਇਸ ਕਾਰਨ ਲੋਕਾਂ ਵਿੱਚ ਨਿਰਾਸ਼ਾ ਵੀ ਦੇਖੀ ਜਾ ਰਹੀ ਹੈ।
-ਬਾਕਸ-
–ਫੂਡ ਸਪਲਾਈ ਵਿਭਾਗ ਦੀ ਕਾਰਵਾਈ ਜਾਰੀ
ਫੂਡ ਸਪਲਾਈ ਵਿਭਾਗ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਵਿਭਾਗ ਦੀਆਂ ਟੀਮਾਂ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਦੁਕਾਨਾਂ ਅਤੇ ਵਪਾਰਕ ਸਥਾਨਾਂ ‘ਤੇ ਛਾਪੇਮਾਰੀ ਕਰਕੇ ਘਰੇਲੂ ਗੈਸ ਸਿਲੰਡਰਾਂ ਦੀ ਬਲੈਕ ਮਾਰਕੀਟਿੰਗ ਅਤੇ ਗਲਤ ਵਰਤੋਂ ਦੀ ਜਾਂਚ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਜਾਂ ਵਪਾਰੀ ਘਰੇਲੂ ਗੈਸ ਸਿਲੰਡਰਾਂ ਦੀ ਗਲਤ ਵਰਤੋਂ ਜਾਂ ਬਲੈਕ ਮਾਰਕੀਟਿੰਗ ਕਰਦਾ ਮਿਲਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫੂਡ ਸਪਲਾਈ ਵਿਭਾਗ ਨੇ ਉਪਭੋਗਤਾਵਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਸਿਲੰਡਰ ਡਲਿਵਰੀ ਨਾਲ ਸਬੰਧਤ ਕੋਈ ਸਮੱਸਿਆ ਆਉਂਦੀ ਹੈ ਜਾਂ ਕਿਤੇ ਘਰੇਲੂ ਸਿਲੰਡਰਾਂ ਦੀ ਗਲਤ ਵਰਤੋਂ ਨਜ਼ਰ ਆਉਂਦੀ ਹੈ ਤਾਂ ਇਸ ਬਾਰੇ ਵਿਭਾਗ ਨੂੰ ਸੂਚਨਾ ਦਿੱਤੀ ਜਾਵੇ, ਤਾਂ ਜੋ ਤੁਰੰਤ ਕਾਰਵਾਈ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧ ’ਚ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜਿੱਥੇ 01642921552 ਨੰਬਰ ਉੱਤੇ ਸਵੇਰ 8 ਤੋਂ ਸ਼ਾਮ 8 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।
-ਬਾਕਸ-
-ਹੋਟਲ ਐਸੋਸੀਏਸ਼ਨ ਵੱਲੋਂ ਤੁਰੰਤ ਹੱਲ ਕੀਤੇ ਜਾਣ ਦੀ ਮੰਗ
ਪੰਜਾਬ ਹੋਟਲ, ਰੈਸਟੋਰੈਂਟ ਅਤੇ ਰਿਜ਼ਾਰਟ ਐਸੋਸੀਏਸ਼ਨ ਨੇ ਵੀ ਗੈਸ ਸਪਲਾਈ ਵਿੱਚ ਆ ਰਹੀਆਂ ਗੰਭੀਰ ਸਮੱਸਿਆਵਾਂ ਨੂੰ ਲੈ ਕੇ ਸਰਕਾਰ ਤੋਂ ਤੁਰੰਤ ਹੱਲ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਅਰੋੜਾ ਨੇ ਦੱਸਿਆ ਕਿ ਇਹ ਸਮੱਸਿਆ 27 ਤਾਰੀਖ ਤੋਂ ਸ਼ੁਰੂ ਹੋਈ ਸੀ।
ਉਨ੍ਹਾਂ ਕਿਹਾ ਕਿ 6 ਮਾਰਚ ਨੂੰ ਪੈਟਰੋਲੀਅਮ ਮੰਤਰੀ ਨੇ ਹਾਲਾਤ ਨਾਰਮਲ ਹੋਣ ਦੀ ਗੱਲ ਕੀਤੀ ਸੀ, ਪਰ 7 ਮਾਰਚ ਨੂੰ ਕਮਰਸ਼ੀਅਲ ਗੈਸ ਦੇ ਭਾਅ ਵਧਾ ਦਿੱਤੇ ਗਏ ਅਤੇ 8 ਮਾਰਚ ਤੋਂ ਗੈਸ ਦੀ ਸਪਲਾਈ ਪ੍ਰਭਾਵਿਤ ਹੋ ਗਈ। 9 ਮਾਰਚ ਤੱਕ ਵੀ ਗੈਸ ਦੀ ਉਪਲੱਬਧਤਾ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਮਿਲਿਆ। ਸਤੀਸ਼ ਅਰੋੜਾ ਨੇ ਕਿਹਾ ਕਿ ਹੋਟਲ ਉਦਯੋਗ ਪੂਰੀ ਤਰ੍ਹਾਂ ਗੈਸ ‘ਤੇ ਨਿਰਭਰ ਕਰਦਾ ਹੈ। ਆਉਣ ਵਾਲੇ ਸੀਜ਼ਨ ਅਤੇ ਵੱਧਦੇ ਟੂਰਿਜ਼ਮ ਦੇ ਦੌਰਾਨ ਗੈਸ ਦੀ ਕਮੀ ਨਾਲ ਲੱਖਾਂ ਲੋਕ ਪ੍ਰਭਾਵਿਤ ਹੋ ਸਕਦੇ ਹਨ। ਪੰਜਾਬ ਵਿੱਚ ਲਗਭਗ 16 ਹਜ਼ਾਰ ਹੋਟਲ ਯੂਨਿਟ ਹਨ, ਜਿਨ੍ਹਾਂ ਨਾਲ ਕਰੀਬ 6 ਲੱਖ ਪਰਿਵਾਰਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ। ਇਸ ਉਦਯੋਗ ਦਾ ਮਹੀਨਾਵਾਰ ਵਿੱਤੀ ਲੈਣ-ਦੇਣ ਕਰੀਬ 20 ਹਜ਼ਾਰ ਕਰੋੜ ਰੁਪਏ ਹੈ, ਜਿਸ ਨੂੰ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਐਸੋਸੀਏਸ਼ਨ ਨੇ ਕਿਹਾ ਕਿ ਗਾਹਕ ਪਹਿਲਾਂ ਹੀ ਬੁਕਿੰਗ ਕਰਵਾ ਚੁੱਕੇ ਹਨ ਅਤੇ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਨੇ ਪੈਟਰੋਲੀਅਮ ਮੰਤਰੀ ਨੂੰ ਇਸ ਸਬੰਧੀ ਪੱਤਰ ਵੀ ਲਿਖਿਆ ਹੈ ਤੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਵੀ ਨਿਰਧਾਰਤ ਕੀਤੀ ਗਈ ਹੈ। ਨਾਲ ਹੀ ਰਾਜ ਸਰਕਾਰ ਤੋਂ ਵੀ ਇਸ ਮਾਮਲੇ ਵਿੱਚ ਸਹਿਯੋਗ ਦੀ ਅਪੀਲ ਕੀਤੀ ਗਈ ਹੈ।