ਮੌਸਮ ਦੇ ਬਦਲੇ ਮਿਜ਼ਾਜ ਨੇ ਵਧਾਈਆਂ ਮੁਸ਼ਕਲਾਂ, ਛਾਈ ਸੰਘਣੀ ਧੁੰਦ
ਮੌਸਮ ਦੇ ਬਦਲੇ ਮਿਜ਼ਾਜ ਨੇ ਵਧਾਈਆਂ ਮੁਸ਼ਕਲਾਂ, ਬੁੱਧਵਾਰ ਨੂੰ ਸੜਕਾਂ ’ਤੇ ਛਾਈ ਸੰਘਣੀ ਧੁੰਦ
Publish Date: Wed, 28 Jan 2026 05:37 PM (IST)
Updated Date: Thu, 29 Jan 2026 04:05 AM (IST)

-ਵਾਹਨ ਚਾਲਕਾਂ ਨੂੰ ਝੱਲਣੀ ਪਈ ਪਰੇਸ਼ਾਨੀ, ਮੌਸਮ ’ਚ ਉਤਾਰ-ਚੜ੍ਹਾਅ ਕਾਰਨ ਕਿਸਾਨ ਚਿੰਤਤ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਇੱਥੇ ਬੁੱਧਵਾਰ ਤੜਕੇ ਮੌਸਮ ਨੇ ਇਕ ਵਾਰ ਫਿਰ ਕਰਵਟ ਲਈ ਤੇ ਸੜਕਾਂ ’ਤੇ ਸੰਘਣੀ ਧੁੰਦ ਦੀ ਚਾਦਰ ਵਿਛ ਗਈ। ਹਾਈਵੇ ਤੋਂ ਲੈ ਕੇ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਤੱਕ ਦਿਸਣਹੱਦ ਬਹੁਤ ਘੱਟ ਰਹੀ, ਜਿਸ ਕਾਰਨ ਵਾਹਨ ਚਾਲਕਾਂ ਨੂੰ ਰਫ਼ਤਾਰ ਹੌਲੀ ਕਰਨੀ ਪਈ। ਸਵੇਰੇ ਛੇ ਵਜੇ ਹਾਲਾਤ ਇਹ ਸਨ ਕਿ ਕੁਝ ਕਦਮ ਦੀ ਦੂਰੀ ਵੀ ਸਾਫ਼ ਨਜ਼ਰ ਨਹੀਂ ਆ ਰਹੀ ਸੀ। ਸਵੇਰੇ ਸਾਢੇ ਅੱਠ ਵਜੇ ਤਕ ਵੀ ਹਾਲਾਤ ਜਿਉਂ ਦੇ ਤਿਉਂ ਬਣੇ ਰਹੇ, ਜਿਸ ਕਾਰਨ ਹਾਈਵੇ ’ਤੇ ਵਾਹਨ ਇਕ-ਦੂਜੇ ਦੇ ਪਿੱਛੇ ਹੌਲੀ-ਹੌਲੀ ਚੱਲਦੇ ਨਜ਼ਰ ਆਏ। ਪਿਛਲੇ ਕੁਝ ਦਿਨਾਂ ਤੋਂ ਬੱਦਲ ਛਾਏ ਰਹਿਣ ਅਤੇ ਹਲਕੀ ਬੂੰਦਾ-ਬਾਂਦੀ ਦੇ ਬਾਵਜੂਦ ਧੁੰਦ ਨਹੀਂ ਪੈ ਰਹੀ ਸੀ, ਪਰ ਮੰਗਲਵਾਰ ਰਾਤ ਤੋਂ ਬਾਅਦ ਮੌਸਮ ਨੇ ਫਿਰ ਰੁਖ਼ ਬਦਲਿਆ ਤੇ ਧੁੰਦ ਦੀ ਵਾਪਸੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ। ਸਵੇਰੇ ਸਮੇਂ ਠੰਢੀਆਂ ਹਵਾਵਾਂ ਤੇ ਨਮੀ ਕਾਰਨ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ’ਚ ਹਾਲਾਤ ਆਮ ਨਾਲੋਂ ਕਾਫ਼ੀ ਜ਼ਿਆਦਾ ਖ਼ਰਾਬ ਰਹੇ। ਸਕੂਲ ਜਾਣ ਵਾਲੇ ਬੱਚਿਆਂ ਤੇ ਦਿਹਾੜੀਦਾਰ ਮਜ਼ਦੂਰਾਂ ਨੂੰ ਸਭ ਤੋਂ ਵੱਧ ਦਿੱਕਤ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਕਿਹਾ ਕਿ ਕੋਹਰੇ ਕਾਰਨ ਲਗਾਤਾਰ ਨਮੀ ਤੇ ਸਵੇਰੇ-ਸਵੇਰੇ ਸੰਘਣੀ ਧੁੰਦ ਨਾਲ ਫ਼ਸਲ ’ਤੇ ਫ਼ਫੂੰਦੀ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ, ਜਿਸ ਨਾਲ ਪੈਦਾਵਾਰ ਪ੍ਰਭਾਵਿਤ ਹੋ ਸਕਦੀ ਹੈ। ਹਾਲਾਂਕਿ ਕਣਕ ਦੀ ਫ਼ਸਲ ਲਈ ਇਹ ਮੌਸਮ ਹਾਲੇ ਵੀ ਲਾਭਕਾਰੀ ਮੰਨਿਆ ਜਾ ਰਿਹਾ ਹੈ, ਕਿਉਂਕਿ ਤਾਪਮਾਨ ਵਿਚ ਗਿਰਾਵਟ ਨਾਲ ਉਸ ਦੇ ਵਿਕਾਸ ’ਚ ਮਦਦ ਮਿਲਦੀ ਹੈ। ਮੌਸਮ ਵਿਭਾਗ ਨੇ ਫਿਲਹਾਲ ਤਾਪਮਾਨ ’ਚ ਵੱਡੇ ਵਾਧੇ ਦੀ ਕੋਈ ਸੰਭਾਵਨਾ ਨਹੀਂ ਦੱਸੀ ਹੈ। ਦਿਨ ਵੇਲੇ ਹਲਕੀ ਧੁੱਪ ਤੇ ਸ਼ਾਮ ਤੋਂ ਬਾਅਦ ਮੁੜ ਵਧਦੀ ਠੰਢ ਦਾ ਦੌਰ ਜਾਰੀ ਰਹੇਗਾ। ਡਾਕਟਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਸਵੇਰੇ ਸਮੇਂ ਬਿਨਾਂ ਲੋੜ ਯਾਤਰਾ ਤੋਂ ਬਚਣ, ਗਰਮ ਕੱਪੜੇ ਪਾਉਣ ਤੇ ਮੂੰਹ ਢੱਕ ਕੇ ਬਾਹਰ ਨਿਕਲਣ, ਤਾਂ ਜੋ ਜ਼ੁਕਾਮ ਅਤੇ ਸਾਹ ਸਬੰਧੀ ਸਮੱਸਿਆਵਾਂ ਤੋਂ ਬਚਿਆ ਜਾ ਸਕੇ। ਸੰਘਣੀ ਧੁੰਦ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਿਸ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਵਾਹਨ ਚਾਲਕ ਹੈੱਡਲਾਈਟਾਂ ਦੀ ਵਰਤੋਂ ਕਰਨ, ਰਫ਼ਤਾਰ ਘੱਟ ਰੱਖਣ ਤੇ ਓਵਰਟੇਕਿੰਗ ਤੋਂ ਪਰਹੇਜ਼ ਕਰਨ, ਕਿਉਂਕਿ ਮੌਸਮ ਦਾ ਇਹ ਮਿਜ਼ਾਜ ਅਗਲੇ ਕੁਝ ਦਿਨਾਂ ਤੱਕ ਬਣਿਆ ਰਹਿ ਸਕਦਾ ਹੈ। ਬੁੱਧਵਾਰ ਨੂੰ ਜ਼ਿਲ੍ਹੇ ਦਾ ਵੱਧ ਤੋਂ ਵੱਧ ਤਾਪਮਾਨ 18.2 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਰਿਹਾ। ਹਾਲਾਂਕਿ 24 ਜਨਵਰੀ ਨੂੰ ਜ਼ਿਲ੍ਹੇ ਦਾ ਵੱਧ ਤੋਂ ਵੱਧ ਤਾਪਮਾਨ 19.2 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬੁੱਧਵਾਰ ਨੂੰ ਹਵਾ ਦੀ ਗਤੀ 3.5 ਕਿਲੋਮੀਟਰ ਪ੍ਰਤੀ ਘੰਟਾ ਰਹੀ ਹੈ। ਮੌਸਮ ਵਿਭਾਗ ਨੇ ਅਗਲੇ ਦਿਨਾਂ ’ਚ ਮੀਂਹ ਪੈਣ ਦੀ ਭਵਿੱਖਬਾਣੀ ਵੀ ਕੀਤੀ ਹੈ।