- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਮਜ਼ੋਰ ਕਾਨੂੰਨ ਕਾਰਨ ਖੂਨੀ ਡੋਰ ਤਸਕਰਾਂ ਦੇ ਵਧੇ ਹੌਸਲੇ, ਖੂਨੀ ਡੋਰ ਤਸਕਰਾਂ ਨੂੰ ਥਾਣੇ ’ਚੋਂ ਹੀ ਮਿਲ ਜਾਂਦੀ ਹੈ ਜ਼ਮਾਨਤ

-ਖ਼ੂਨੀ ਡੋਰ ਤਸਕਰਾਂ ਨੂੰ ਥਾਣੇ ’ਚੋਂ ਹੀ ਮਿਲ ਜਾਂਦੀ ਹੈ ਜ਼ਮਾਨਤ, ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਵੱਲੋਂ ਨੋਟਿਸ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ’ਚ ਇਸ ਸਾਲ ਚਾਈਨਾ ਡੋਰ ਦਾ ਪ੍ਰਚਲਨ ਤੇਜ਼ੀ ਨਾਲ ਵਧ ਰਿਹਾ ਹੈ, ਜਿਹੜਾ ਆਮ ਲੋਕਾਂ ਦੀ ਜਾਨ ਲਈ ਗੰਭੀਰ ਖ਼ਤਰਾ ਬਣ ਚੁੱਕਾ ਹੈ। ਹਰ ਸਾਲ ਪਤੰਗਬਾਜ਼ੀ ਦੇ ਮੌਸਮ ਦੌਰਾਨ ਚਾਈਨਾ ਡੋਰ ਕਾਰਨ ਹੋਣ ਵਾਲੇ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ, ਪਰ ਇਸਦੇ ਬਾਵਜੂਦ ਨਾ ਤਾਂ ਇਸਦੀ ਵਰਤੋਂ ਰੁਕ ਰਹੀ ਹੈ ਅਤੇ ਨਾ ਹੀ ਇਸਦੀ ਵਿਕਰੀ ’ਤੇ ਕੋਈ ਪ੍ਰਭਾਵਸ਼ਾਲੀ ਰੋਕ ਲੱਗ ਰਹੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਚਾਈਨਾ ਡੋਰ ਨਾਲ ਸਬੰਧਤ ਕਾਨੂੰਨਾਂ ਦੀ ਕਮਜ਼ੋਰੀ ਦੱਸੀ ਜਾ ਰਹੀ ਹੈ। ਹਾਲਤ ਇਹ ਹਨ ਕਿ ਖੂਨੀ ਡੋਰ ਦੇ ਤਸਕਰਾਂ ਨੂੰ ਥਾਣੇ ’ਚ ਹੀ ਜ਼ਮਾਨਤ ਮਿਲ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਦੇ ਹੌਸਲੇ ਵਧੇ ਹੋਏ ਹਨ। ਪਿਛਲੇ ਸਾਲ ਜ਼ਿਲ੍ਹੇ ਅੰਦਰ ਖੂਨੀ ਡੋਰ ਵੇਚਣ ਵਾਲਿਆਂ ’ਤੇ ਗ਼ੈਰ-ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਸਨ। ਹੁਣ ਇਸ ਮਾਮਲੇ ਨੂੰ ਲੈ ਕੇ ਪੰਜਬ ਹਰਿਆਣਾ ਹਾਈਕੋਰਟ ਦੇ ਵਕੀਲ ਐਚਸੀ ਅਰੋੜਾ ਨੇ ਪੰਜਾਬ ਸਰਕਾਰ ਤੇ ਹੋਰਨਾਂ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਹ ਡੋਰ ਜਾਨਲੇਵਾ ਹੈ, ਜਿਸ ਕਾਰਨ ਇਸਦੀ ਵਿਕਰੀ ਤੇ ਵਰਤੋਂ ਕਰਨ ਵਾਲਿਆਂ ’ਤੇ ਗ਼ੈਰ-ਜ਼ਮਾਨਤੀ ਧਾਵਾਂ ਤਹਿਤ ਕੇਸ ਦਰਜ ਹੋਣੇ ਚਾਹੀਦੇ ਹਨ।
ਪਿਛਲੇ 15 ਸਾਲਾਂ ਦੌਰਾਨ ਜ਼ਿਲ੍ਹਾ ਪੁਲਿਸ ਵੱਲੋਂ ਚਾਈਨਾ ਡੋਰ ਰੱਖਣ, ਵੇਚਣ ਜਾਂ ਵਰਤਣ ਦੇ ਦੋਸ਼ਾਂ ਹੇਠ ਸਿਰਫ਼ 141 ਲੋਕਾਂ ਨੂੰ ਹੀ ਕਾਬੂ ਕੀਤਾ ਗਿਆ ਹੈ। ਇਹ ਅੰਕੜਾ ਸਾਫ਼ ਦਰਸਾਉਂਦਾ ਹੈ ਕਿ ਕਾਰਵਾਈ ਦਾ ਪੱਧਰ ਬਹੁਤ ਹੀ ਸੀਮਤ ਰਿਹਾ ਹੈ। ਦੂਜੇ ਪਾਸੇ ਬਸੰਤ ਪੰਚਮੀ, ਮਕਰ ਸੰਕ੍ਰਾਂਤੀ ਅਤੇ ਹੋਰ ਤਿਉਹਾਰਾਂ ਦੇ ਸਮੇਂ ਚਾਈਨਾ ਡੋਰ ਦੀ ਮੰਗ ਅਚਾਨਕ ਵਧ ਜਾਂਦੀ ਹੈ। ਇਸ ਵਾਰ ਬਸੰਤ ਪੰਚਮੀ ਨੂੰ ਸਿਰਫ਼ ਦੋ ਦਿਨ ਬਾਕੀ ਹਨ, ਜਿਸ ਕਾਰਨ ਬਾਜ਼ਾਰਾਂ ਵਿੱਚ ਇਸਦੀ ਗ਼ੈਰ-ਕਾਨੂੰਨੀ ਵਿਕਰੀ ਹੋਰ ਵਧਣ ਦੀ ਸੰਭਾਵਨਾ ਹੈ। ਚਾਈਨਾ ਡੋਰ ਕਾਰਨ ਕਈ ਗੰਭੀਰ ਹਾਦਸੇ ਵਾਪਰ ਚੁੱਕੇ ਹਨ। ਦੋ ਪਹੀਆ ਵਾਹਨ ਚਲਾਉਣ ਵਾਲਿਆਂ ਤੇ ਪੈਦਲ ਚੱਲ ਰਹੇ ਲੋਕਾਂ ਦੇ ਗਲ ਵਿੱਚ ਡੋਰ ਫਸਣ ਨਾਲ ਗੰਭੀਰ ਜ਼ਖ਼ਮੀ ਹੋਣ ਤੋਂ ਲੈ ਕੇ ਮੌਤਾਂ ਤੱਕ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਇਸ ਤੋਂ ਇਲਾਵਾ ਪੰਛੀਆਂ ਦੇ ਜ਼ਖ਼ਮੀ ਹੋਣ, ਮੌਤਾਂ ਅਤੇ ਬਿਜਲੀ ਦੀਆਂ ਤਾਰਾਂ ਦੇ ਨੁਕਸਾਨ ਦੀਆਂ ਸ਼ਿਕਾਇਤਾਂ ਵੀ ਲਗਾਤਾਰ ਮਿਲਦੀਆਂ ਰਹਿੰਦੀਆਂ ਹਨ। ਇਸ ਸਭ ਦੇ ਬਾਵਜੂਦ ਕਾਨੂੰਨੀ ਢਿੱਲ ਕਾਰਨ ਚਾਈਨਾ ਡੋਰ ਦੀ ਵਰਤੋਂ ਬੇਧੜੱਕ ਜਾਰੀ ਹੈ। ਜੇਕਰ ਕੋਈ ਵਿਅਕਤੀ ਚਾਈਨਾ ਡੋਰ ਸਮੇਤ ਫੜਿਆ ਵੀ ਜਾਂਦਾ ਹੈ, ਤਾਂ ਉਸਨੂੰ ਥਾਣੇ ਤੋਂ ਹੀ ਜ਼ਮਾਨਤ ਮਿਲ ਜਾਂਦੀ ਹੈ। ਸਖ਼ਤ ਧਾਰਾਵਾਂ ਨਾ ਲੱਗਣ ਕਾਰਨ ਦੋਸ਼ੀ ਨੂੰ ਨਾ ਤਾਂ ਜੇਲ੍ਹ ਜਾਣਾ ਪੈਂਦਾ ਹੈ ਅਤੇ ਨਾ ਹੀ ਕੋਈ ਵੱਡਾ ਆਰਥਿਕ ਜੁਰਮਾਨਾ ਭੁਗਤਣਾ ਪੈਂਦਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਦੇ ਖ਼ਿਲਾਫ਼ ਸਮੇਂ-ਸਮੇਂ ’ਤੇ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਦੁਕਾਨਾਂ ’ਤੇ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ। ਪਰ ਕਾਨੂੰਨ ਕਮਜ਼ੋਰ ਹੋਣ ਕਾਰਨ ਕਈ ਵਾਰ ਫੜੇ ਗਏ ਦੋਸ਼ੀ ਕੁਝ ਹੀ ਘੰਟਿਆਂ ’ਚ ਜ਼ਮਾਨਤ ’ਤੇ ਰਿਹਾਅ ਹੋ ਜਾਂਦੇ ਹਨ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਦੇ ਖ਼ਿਲਾਫ਼ ਸਖ਼ਤ ਕਾਨੂੰਨ ਬਣਾਇਆ ਜਾਵੇ ਅਤੇ ਇਸਨੂੰ ਗੈਰ-ਜ਼ਮਾਨਤੀ ਅਪਰਾਧ ਘੋਸ਼ਿਤ ਕੀਤਾ ਜਾਵੇ। ਨਾਲ ਹੀ ਇਸਦੀ ਵਿਕਰੀ, ਭੰਡਾਰਨ ਤੇ ਵਰਤੋਂ ’ਤੇ ਭਾਰੀ ਜੁਰਮਾਨੇ ਅਤੇ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਕੀਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤਕ ਕਾਨੂੰਨ ਸਖ਼ਤ ਨਹੀਂ ਕੀਤਾ ਜਾਂਦਾ, ਤਦ ਤਕ ਹਾਦਸਿਆਂ ’ਤੇ ਰੋਕ ਲਾਉਣਾ ਮੁਸ਼ਕਲ ਰਹੇਗਾ। ਬਸੰਤ ਪੰਚਮੀ ਦੇ ਮੱਦੇਨਜ਼ਰ ਪ੍ਰਸ਼ਾਸਨ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਜੇਕਰ ਸਮੇਂ ਸਿਰ ਬਾਜ਼ਾਰਾਂ ਵਿੱਚ ਸਖ਼ਤ ਜਾਂਚ ਮੁਹਿੰਮ ਚਲਾਈ ਜਾਵੇ ਅਤੇ ਗੈਰਕਾਨੂੰਨੀ ਤੌਰ ’ਤੇ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇ ਤਾਂ ਹਾਦਸਿਆਂ ਦੇ ਖ਼ਤਰੇ ਨੂੰ ਕਾਫ਼ੀ ਹੱਦ ਤਕ ਘਟਾਇਆ ਜਾ ਸਕਦਾ ਹੈ। ਡੀਸੀ ਰਾਜ਼ੇਸ ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚਾਈਨਾ ਡੋਰ ਦੀ ਵਰਤੋਂ ਤੋਂ ਪਰਹੇਜ਼ ਕਰਨ ਅਤੇ ਸਿਰਫ਼ ਸੂਤੀ ਧਾਗੇ ਨਾਲ ਹੀ ਪਤੰਗ ਉਡਾਉਣ ਤਾਂ ਜੋ ਤਿਉਹਾਰ ਖੁਸ਼ੀਆਂ ਦੇ ਨਾਲ-ਨਾਲ ਸੁਰੱਖਿਅਤ ਵੀ ਬਣੇ ਰਹਿਣ।